ਜ਼ੀਰਕਪੁਰ : ਪਹਿਲਾਂ ਤੋਂ ਹੀ ਵਿਵਾਦਾਂ ਵਿੱਚ ਘਿਰੇ ਜੀਰਕਪੁਰ ਦੇ ਬੀਅਰ ਬਾਰ ਰੋਮੀਓ ਲੇਨ ਖਿਲਾਫ ਬੀਤੀ ਰਾਤ ਐਕਸਾਈਜ ਵਿਭਾਗ ਵੱਲੋਂ ਇੱਕ ਵੱਡੀ ਕਾਰਵਾਈ ਕੀਤੇ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਹਨ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਜ਼ੀਰਕਪੁਰ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਧੀਕ ਮੁੱਖ ਸਕੱਤਰ ਆਬਕਾਰੀ ਪੰਜਾਬ ਸ੍ਰੀ ਵਿਕਾਸ ਪ੍ਰਤਾਪ ਆਈ ਏ ਐਸ ਅਤੇ ਆਬਕਾਰੀ ਕਮਿਸ਼ਨਰ, ਪੰਜਾਬ ਸ੍ਰੀ ਵਰੁਣ ਰੂਜਮ ਆਈਏਐਸ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਹਾਇਕ ਅਕਸਾਈਜ਼ ਕਮਿਸ਼ਨਰ ਅਸ਼ੋਕ ਚਲੋਤਰਾ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਉਨਾਂ ਦੀ ਟੀਮ ਵੱਲੋਂ ਡਲੀਸੀ਼ਅਸ ਫੂਡ (ਰੋਮੀਓ- ਲੇਨ) ਵਿਖੇ ਛਾਪੇਮਾਰੀ ਕੀਤੀ ਗਈ ਜਿਥੇ ਮੌਕੇ 'ਤੇ ਪਾਇਆ ਗਿਆ ਕੀ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਦਾ ਸੇਵਨ ਕਰਾਇਆ ਜਾ ਰਿਹਾ ਸੀ ਅਤੇ ਜੋ ਵੇਟਰ ਇੱਥੇ ਸ਼ਰਾਬ ਵਰਤਾ ਰਹੇ ਸਨ ਉਹ ਵੀ 25 ਸਾਲ ਤੋਂ ਘੱਟ ਉਮਰ ਦੇ ਪਾਏ ਗਏ। ਜਿੱਥੇ ਕਾਰਵਾਈ ਕਰਦੇ ਹੋਏ ਉਨ੍ਹਾਂ ਵੱਲੋਂ ਮੌਕੇ 'ਤੇ ਰੋਮੀਓ ਲੇਨ ਬੀਅਰ ਬਾਰ ਦਾ ਚਲਾਨ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਹਾਇਕ ਐਕਸਾਈਜ਼ ਕਮਿਸ਼ਨਰ ਅਸ਼ੋਕ ਚਲੋਤਰਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਦੋ ਮੋਹਾਲੀ ਦੇ ਬੀਅਰ ਬਾਰਾਂ 'ਤੇ ਵੀ ਕਾਰਵਾਈ ਕੀਤੀ ਗਈ ਹੈ। ਉਹਨਾਂ ਨੇ ਮੋਹਾਲੀ ਜ਼ਿਲ੍ਹੇ ਦੇ ਸਾਰੇ ਸ਼ਰਾਬ ਦੇ ਠੇਕੇਦਾਰਾਂ ਅਤੇ ਬਾਰ ਲਾਇਸੰਸੀਆਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਨਾ ਵੇਚੀ ਜਾਵੇ ਅਤੇ ਨਾ ਹੀ ਸੇਵਨ ਕਰਵਾਇਆ ਜਾਵੇ ਨਹੀਂ ਤਾਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਰੋਮੀਓ ਲੇਨ ਬੀਅਰ ਬਾਰ ਕੋਲ ਪ੍ਰਦੂਸ਼ਣ ਵਿਭਾਗ ਦੀ ਐਨਓਸੀ ਨਹੀਂ ਹੈ ਇਸ ਤੋਂ ਇਲਾਵਾ ਇਸ ਪ੍ਰੋਜੈਕਟ ਨੂੰ ਜੋ ਲਿਫਟ ਲਗਾਈ ਗਈ ਹੈ ਉਸ ਸਬੰਧੀ ਵੀ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਵੱਡੀ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।