ਹੋਣਹਾਰ ਵਿਦਿਆਰਥਣਾਂ ਨੇ ਰਾਜ ਵਿੱਚ ਸਿੱਖਿਆ ਦੀ ਸੁਧਰੀ ਪ੍ਰਣਾਲੀ ਦੀ ਡਾ. ਬਲਜੀਤ ਕੌਰ ਨਾਲ ਖੁੱਲ੍ਹੀ ਚਰਚਾ ਕੀਤੀ
ਖਾਣ-ਪੀਣ ਦੀਆਂ ਸਟਾਲਾਂ, ਵਿਗਿਆਨ ਪ੍ਰਦਰਸ਼ਨੀ ਅਤੇ ਵਿਦਿਆਰਥੀਆਂ ਦੇ ਰਚਨਾਤਮਕ ਕੰਮਾਂ ਨੇ ਸਮਾਜਿਕ ਸੁਰੱਖਿਆ ਮੰਤਰੀ ਨੂੰ ਪ੍ਰਭਾਵਿਤ ਕੀਤਾ
ਚੰਡੀਗੜ੍ਹ : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਭਲਾਈ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਦੇ ਮੈਗਾ ਪੀ.ਟੀ.ਐਮ (ਮਾਪੇ ਅਧਿਆਪਕ ਮਿੱਲਣੀ) ਨੂੰ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਭਗਵੰਤ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ ਕਰਾਰ ਦਿੱਤਾ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ (ਮੁਹਾਲੀ) ਵਿਖੇ ਇਸ ਮੁਹਿੰਮ ਦਾ ਜਾਇਜ਼ਾ ਲੈਂਦਿਆ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇੱਕੋ ਇੱਕ ਏਜੰਡਾ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇਣ ਦੀ ਰਵਾਇਤੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਸਕੂਲਾਂ ਨੇ ਹੁਣ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚਲੀ ਅਸਮਾਨਤਾ ਦੀ ਵਿੱਥ ਨੂੰ ਖ਼ਤਮ ਕਰ ਦਿੱਤਾ ਹੈ। ਸਮਾਜਿਕ ਸੁਰੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲ ਬੁਨਿਆਦੀ ਢਾਂਚੇ ਦੇ ਨਾਲ-ਨਾਲ ਸਿੱਖਣ ਦੇ ਪੱਧਰ ਵਿੱਚ ਨਵੇਂ ਵਿਚਾਰਾਂ ਦੀ ਸ਼ੁਰੂਆਤ ਦੇ ਨਾਲ ਉੱਤਮਤਾ ਦਿਖਾ ਰਹੇ ਹਨ।
ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਹੰਸਿਕਾ ਮਹਿਰਾ (10+1 ਨਾਨ-ਮੈਡੀਕਲ), 10+2 ਨਾਨ-ਮੈਡੀਕਲ ਦੀ ਸ਼ੈਲਜ਼ਾ, 10ਵੀਂ ਜਮਾਤ ਦੀ ਨਿਹਾਰਿਕਾ ਅਤੇ ਸਕੂਲ ਦੀਆਂ ਪੁਰਾਣੀਆਂ ਵਿਦਿਆਰਥਣਾਂ ਅਨੂ, ਅਮਨਦੀਪ ਕੌਰ, ਅਕਾਸ਼ਦੀਪ ਕੌਰ ਅਤੇ ਉਥੇ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਿਲਣ ਉਪਰੰਤ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਦਿੱਤੇ ਗਏ ਫੀਡਬੈਕ ਤੋਂ ਜ਼ਾਹਰ ਹੁੰਦਾ ਹੈ ਕਿ ਮੌਜੂਦਾ ਸਰਕਾਰ ਵੇਲੇ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਵੱਡਾ ਸੁਧਾਰ ਹੋਇਆ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ, ਜੇਕਰ ਕੋਈ ਫਰਕ ਸੀ, ਤਾਂ ਉਸ ਨੂੰ ਪੂਰਾ ਕਰਨ ਲਈ ਦ੍ਰਿੜ ਸੰਕਲਪ ਲਿਆ ਸੀ ਅਤੇ ਅੱਜ ਇਹ ਬਦਲਾਅ ਨਜ਼ਰ ਆ ਰਿਹਾ ਹੈ।
ਇਸ ਤੋਂ ਪਹਿਲਾਂ, ਹੰਸਿਕਾ ਮਹਿਰਾ ਨਾਲ ਗੱਲਬਾਤ ਕਰਦੇ ਹੋਏ, ਉਹ ਹੈਰਾਨ ਰਹਿ ਗਏ ਕਿ ਇਹ ਲੜਕੀ ਪਹਿਲਾਂ ਹੀ ਐਨ ਐਮ ਐਮ ਐੱਸ, ਪੀ ਐੱਸ ਪੀ ਟੀ ਐੱਸ ਟੀ, ਈ ਐਂਡ ਵਾਈ ਅਤੇ ਵਿਗਿਆਨ ਸੇਵਾ ਸਕਾਲਰਸ਼ਿਪ ਪ੍ਰਾਪਤ ਕਰ ਚੁੱਕੀ ਹੈ ਅਤੇ ਲਿਖਤ ਵਿੱਚ ਵੀ ਪੂਰੀ ਰਚਨਾਤਮਕਤਾ ਹੈ।
ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਮਾਜ ਦੇ ਸਾਰੇ ਵਰਗਾਂ ਖਾਸ ਕਰਕੇ ਗਰੀਬ ਵਰਗ ਦੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਮੁਫਤ ਸਿੱਖਿਆ ਪ੍ਰਦਾਨ ਕਰਕੇ ਜੀਵਨ ਵਿਚ ਉੱਚਾ ਉੱਠਣ ਦੇ ਬਰਾਬਰ ਮੌਕੇ ਦੇ ਰਹੀ ਹੈ।
ਉਸਨੇ ਕਿਹਾ ਕਿ ਮੈਗਾ ਪੀ.ਟੀ.ਏ. ਡਰਾਈਵ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਬਾਰੇ ਫੀਡਬੈਕ ਪ੍ਰਾਪਤ ਕਰਨ ਲਈ ਉਹਨਾਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਇੱਕ ਵੱਡਾ ਪਲੇਟਫਾਰਮ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਸਕੂਲ ਦੇ ਅਧਿਆਪਕਾਂ ਅਤੇ ਉਥੇ ਉਪਲਬਧ ਬੁਨਿਆਦੀ ਢਾਂਚੇ ਬਾਰੇ ਮਾਪਿਆਂ ਅਤੇ ਵਿਦਿਆਰਥੀਆਂ ਤੋਂ ਮਿਲੇ ਫੀਡਬੈਕ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਤੋਂ ਪਹਿਲਾਂ ਉਸਨੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦੁਆਰਾ ਪ੍ਰਬੰਧਿਤ ਖਾਣੇ ਦੇ ਸਟਾਲਾਂ ਦਾ ਦੌਰਾ ਕੀਤਾ ਅਤੇ ਇਸ ਵਿਸ਼ੇਸ਼ ਦਿਨ ਲਈ ਤਿਆਰ ਕੀਤੇ ਉਤਪਾਦਾਂ ਦਾ ਸਵਾਦ ਲਿਆ। ਉਸਨੇ ਸਵੈ-ਰੁਜ਼ਗਾਰ ਲਈ ਸਿਖਲਾਈ ਵਜੋਂ ਲੜਕੀਆਂ ਦੁਆਰਾ ਅਜਿਹੇ ਪਕਵਾਨ ਅਤੇ ਸਨੈਕਸ ਤਿਆਰ ਕਰਨ ਦੇ ਕਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਦੋਸਤਾਨਾ ਸੁਭਾਅ ਦਿਖਾਉਂਦਿਆਂ ਉੱਥੇ ਪ੍ਰਦਰਸ਼ਿਤ ਕੀਤੀਆਂ ਖੇਡਾਂ ਵੀ ਖੇਡੀਆਂ।
ਜ਼ਿਲ੍ਹਾ ਸਿੱਖਿਆ ਅਫ਼ਸਰ ਗਿੰਨੀ ਦੁੱਗਲ ਅਤੇ ਪ੍ਰਿੰਸੀਪਲ ਸ੍ਰੀਮਤੀ ਹਿਮਾਂਸ਼ੂ ਲਟਾਵਾ ਨੇ ਮੰਤਰੀ ਨੂੰ ਇਸ ਪੁਰਾਣੇ ਸਕੂਲ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ ਵਿਚ ਸਾਬਕਾ ਵਿਦਿਆਰਥੀ ਆਪਣੀ ਇਸ ਆਲਮਾ ਮੈਟਰ ਸੰਸਥਾ ਨੂੰ ਸਤਿਕਾਰ ਦੇਣ ਲਈ ਇਸ ਸਕੂਲ ਵਿਚ ਨਿਯਮਤ ਤੌਰ 'ਤੇ ਆਉਂਦੇ ਹਨ।