ਮੋਹਾਲੀ: ਸਿਵਲ ਸਰਜਨ ਡਾ.ਆਦਰਸ਼ਪਾਲ ਕੌਰ ਨੇ ਕੋਵਿਡ-19 ਮਹਾਂਮਾਰੀ ਤੋਂ ਠੀਕ ਹੋਏ ਮਰੀਜ਼ਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕੋਵਿਡ-19 ਪੀੜਤਾਂ ਨੂੰ ‘ਫ਼ਤਿਹ ਕਿੱਟਾਂ’ ਮੁਹਈਆ ਕਰਵਾਈਆਂ ਗਈਆਂ ਹਨ, ਉਨ੍ਹਾਂ ਵਿਚਲੇ ‘ਆਕਸੀਮੀਟਰ’ ਸਿਹਤ ਵਿਭਾਗ ਨੂੰ ਵਾਪਸ ਕੀਤੇ ਜਾਣ ਤਾਕਿ ਇਹ ਲੋੜਵੰਦ ਮਰੀਜ਼ਾਂ ਨੂੰ ਦਿਤੇ ਜਾ ਸਕਣ। ਉਨ੍ਹਾਂ ਦਸਿਆ ਕਿ ਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਹੋਏ ਤਾਜ਼ਾ ਵਾਧੇ ਕਾਰਨ ਪਲਸ ਆਕਸੀਮੀਟਰਾਂ ਦੀ ਉਪਲਬੱਧਤਾ ਵਿੱਚ ਭਾਰੀ ਕਮੀ ਆਈ ਹੈ, ਜਿਸ ਕਾਰਣ ਸਰਕਾਰ ਨੂੰ ਕੋਵਿਡ-19 ਮਰੀਜ਼ਾਂ ਲਈ ਇਨ੍ਹਾਂ ਦੀ ਖ਼ਰੀਦ ਕਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਕੋਵਿਡ 19 ਪ੍ਰਭਾਵਤ ਮਰੀਜ਼ਾਂ ਨੂੰ ਅਸਰਦਾਰ ਡਾਕਟਰੀ ਦੇਖਭਾਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਘਰਾਂ ਵਿੱਚ ਇਕਾਂਤਵਾਸ ਮਰੀਜ਼ਾਂ ਨੂੰ ‘ਕੋਰੋਨਾ ਫਤਿਹ ਕਿੱਟਾਂ’ ਮੁਹੱਈਆ ਕਰਵਾਉਣ ਦੀ ਪਹਿਲ ਕੀਤੀ ਗਈ ਸੀ। ਇਸ ਕਿੱਟ ਵਿੱਚ ਪਲਸ ਆਕਸੀਮੀਟਰ, ਸਟੀਮਰ, ਡਿਜੀਟਲ ਥਰਮਾਮੀਟਰ, ਦਵਾਈਆਂ, ਮਾਸਕ ਦੇ ਨਾਲ ਨਾਲ ਕੋਵਿਡ-19 ਨਾਲ ਸੰਬੰਧਤ ਦਵਾਈਆਂ ਤੇ ਇਲਾਜ ਲਈ ਜਾਗਰੂਕਤਾ ਸਮੱਗਰੀ ਘਰਾਂ ਵਿੱਚ ਇਕਾਂਤਵਾਸ ਮਰੀਜ਼ਾਂ ਨੂੰ ਉਪਲਬੱਧ ਕਰਵਾਈ ਗਈ ਸੀ। ਪੰਜਾਬ ਸਰਕਾਰ ਵੱਲੋਂ ਹੁਣ ਤੱਕ ਰਾਜ ਦੇ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਪਲਸ ਆਕਸੀਮੀਟਰ ਵੰਡੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਣਸੁਖਾਵੇਂ ਮਾਹੌਲ ਨੂੰ ਵੇਖਦਿਆਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਪਹਿਲਾਂ ਇਹ ਪਲਸ ਆਕਸੀਮੀਟਰ ਪ੍ਰਾਪਤ ਕੀਤੇ ਸਨ ਅਤੇ ਹੁਣ ਕੋਵਿਡ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ, ਉਹ ਪਲਸ ਆਕਸੀਮੀਟਰਾਂ ਨੂੰ ਅਪਣੀ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿੱਚ ਵਾਪਸ ਭੇਜਣ ਤਾਂ ਜੋ ਸਿਹਤ ਵਿਭਾਗ ਇਨ੍ਹਾਂ ਉਪਕਰਨਾਂ ਨੂੰ ਸੈਨੀਟਾਈਜ਼ ਕਰਕੇ ਘਰਾਂ ਵਿੱਚ ਇਕਾਂਤਵਾਸ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਨੂੰ ਉਪਲਬੱਧ ਕਰਵਾ ਸਕੇ।
ਸਿਵਲ ਸਰਜਨ ਨੇ ਕਿਹਾ ਕਿ ਇਸ ਮੁਸ਼ਕਿਲ ਘੜੀ ਵਿੱਚ ਲੋਕ ਅੱਗੇ ਆਉਣ ਤੇ ਸਰਕਾਰ ਦਾ ਸਹਿਯੋਗ ਕਰਨ ਅਤੇ ਕੋਵਿਡ-19 ਨਾਲ ਪ੍ਰਭਾਵਿਤ ਹੋਰ ਨਾਗਰਿਕਾਂ ਦੀ ਮਦਦ ਕਰਕੇ ਇਸ ਲੜਾਈ ਵਿਰੁੱਧ ਸਹਿਯੋਗ ਕਰਨ।