ਲੋਕਾਂ ਨੂੰ ਇਨ੍ਹਾਂ ਕਾਰੀਗਰਾਂ ਅਤੇ ਦਸਤਕਾਰਾਂ ਦੇ ਸਮਾਨ ਦੀ ਖਰੀਦਦਾਰੀ ਕਰਕੇ ਤਿਉਹਾਰ ਦੇ ਦਿਨਾਂ ’ਚ ਇਨ੍ਹਾਂ ਦਾ ਹੌਂਸਲਾ ਵਧਾਉਣ ਦੀ ਅਪੀਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਵੱਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਅਜੀਵਿਕਾ ਮਿਸ਼ਨ ਤਹਿਤ ਸੈਕਟਰ 88, ਮੋਹਾਲੀ ਵਿਖੇ ਚੱਲ ਰਹੇ ਸਰਸ ਮੇਲੇ ਦਾ ਦੌਰਾ ਕੀਤਾ ਗਿਆ।
ਉਨ੍ਹਾਂ ਇਸ ਮੌਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਪਣੀਆਂ ਵਸਤਾਂ ਮੇਲੇ ਦੇ ਸਟਾਲਾਂ ’ਤੇ ਲੈ ਕੇ ਆਏ ਦਸਤਕਾਰਾਂ ਅਤੇ ਕਾਰੀਗਰਾਂ ਦੀ ਕਲਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਜਿਹੇ ਮੇਲੇ ਇਨ੍ਹਾਂ ਦਸਤਕਾਰਾਂ ਅਤੇ ਕਾਰੀਗਰਾਂ ਲਈ ਰੋਜ਼ਗਾਰ ਦੇ ਵਸੀਲੇ ਬਣਦੇ ਹਨ। ਉਨ੍ਹਾਂ ਕਿਹਾ ਕਿ ਅੱਜ ਕਲ੍ਹ ਮਸ਼ੀਨੀ ਯੁੱਗ ਹੋਣ ਕਾਰਨ ਵਪਾਰ ਅਤੇ ਹੱਥੀਂ ਕੰਮ-ਧੰਦਿਆਂ ਦੇ ਤੌਰ-ਤਰੀਕੇ ਬਦਲ ਗਏ ਹਨ ਪਰ ਇਹ ਦਸਤਕਾਰ ਅਤੇ ਕਾਰੀਗਰ ਸਾਡੀ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰ ਰਹੇ ਹੋਣ ਕਾਰਨ, ਸਾਨੂੰ ਇਨ੍ਹਾਂ ਵੱਲੋਂ ਹੱਥੀਂ ਮਿਹਨਤ ਨਾਲ ਤਿਆਰ ਕੀਤੀਆਂ ਵਸਤਾਂ ਦੀ ਖਰੀਦਦਾਰੀ ਕਰਕੇ ਇਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ।
ਸ੍ਰੀ ਵਿਨੀਤ ਵਰਮਾ ਨੇ ਇਸ ਮੌਕੇ ਨਗਰ ਨਿਗਮ ਮੋਹਾਲੀ ਦੇ ਸਿਟੀ ਮਿਸ਼ਨ ਮੈਨੇਜਰ ਸ੍ਰੀਮਤੀ ਪ੍ਰੀਤੀ ਅਰੋੜਾ ਦੀ ਅਗਵਾਈ ’ਚ ਸੈਲਫ਼ ਹੈਲਪ ਗਰੁੱਪ ਵੱਲੋਂ ਲਾਈ ਸਟਾਲ ਦਾ ਦੌਰਾ ਵੀ ਕੀਤਾ ਅਤੇ ਤਿਆਰ ਸਮਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਲਿੰਗ-ਭੇਦ ਖ਼ਿਲਾਫ਼ ਕੀਤੇ ਗਏ ਜਾਗਰੂਕਤਾ ਸਮਾਗਮ ’ਚ ਸ਼ਾਮਿਲ ਵਿਦਿਆਰਥਣਾਂ ਨਾਲ ਗੱਲਬਾਤ ਵੀ ਕੀਤੀ।
ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਜ਼ਿਲ੍ਹੇ ’ਚ ਪਹਿਲੀ ਵਾਰ ਅਜਿਹਾ ਵਿਸ਼ਾਲ ਮੇਲਾ ਜਿਸ ਵਿੱਚ ਵੱਖ-ਵੱਖ ਰਾਜਾਂ ਦੇ ਸਭਿਅਚਾਰ ਨੂੰ ਪੇਸ਼ ਕਰਦੇ ਕਲਾਕਾਰ, ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਭਾਂਤ-ਸੁਭਾਂਤੇ ਖਾਣਿਆਂ ਅਤੇ ਮਹੀਨ ਨਕਾਸ਼ੀ ਤੇ ਹੱਥੀਂ ਤਿਆਰ ਵਸਤਾਂ ਦੀ ਪ੍ਰਦਰਸ਼ਨੀ ਅਤੇ ਰੋਜ਼ਾਨਾ ਨਾਮੀਂ ਕਲਾਕਾਰਾਂ ’ਤੇ ਆਧਾਰਿਤ ਸੰਗੀਤਕ ਸ਼ਾਮ ਦੀ ਪੇਸ਼ਕਾਰੀ, ਸ਼ਾਮਿਲ ਕੀਤੀ ਗਈ ਹੈ, ਦਾ ਕਾਮਯਾਬੀ ਨਾਲ ਪ੍ਰਬੰਧ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਅਤੇ ਨੋਡਲ ਅਫ਼ਸਰ ਮੇਲਾ ਸ੍ਰੀਮਤੀ ਸੋਨਮ ਚੌਧਰੀ ਨੂੰ ਵਧਾਈ ਵੀ ਦਿੱਤੀ।