ਪ੍ਰਦਰਸ਼ਨ ਦੌਰਾਨ APP ਆਗੂਆਂ ਤੇ ਮੰਤਰੀਆਂ ‘ਤੇ ਜਲ ਤੋਪਾਂ ਦੀ ਵਰਤੋਂ
ਹਰਜੋਤ ਬੈਂਸ ਦੀ ਲੱਥੀ ਪੱਗ, ਪੁਲਿਸ ਨੇ ਕਈ ਹਿਰਾਸਤ ‘ਚ ਲਏ
ਚੰਡੀਗੜ੍ਹ : ਪੰਜਾਬ ਵਿੱਚ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਅੱਜ ਬੁੱਧਵਾਰ ਨੂੰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਤੇ ਸਮਰਥਕ ਕੇਂਦਰ ਸਰਕਾਰ ਖ਼ਿਲਾਫ਼ ਚੰਡੀਗੜ੍ਹ ਵਿੱਚ ਸੜਕਾਂ ’ਤੇ ਉਤਰ ਆਏ।ਇਸ ਦੌਰਾਨ ਉਨ੍ਹਾਂ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫਤਰ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਸੀ। ਪਰ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਇਸ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ। ਪੁਲਿਸ ਨੇ ‘ਆਪ’ ਆਗੂਆਂ ਤੇ ਮੰਤਰੀਆਂ ‘ਤੇ ਜਲ ਤੋਪਾਂ ਦੀ ਵਰਤੋਂ ਕੀਤੀ।
ਪੁਲੀਸ ਸੱਤ ਮੰਤਰੀਆਂ, ਕਈ ਵਿਧਾਇਕਾਂ ਤੇ ਵਰਕਰਾਂ ਨੂੰ ਤਿੰਨ ਬੱਸਾਂ ਵਿੱਚ ਥਾਣੇ ਲੈ ਗਈ। ਇਸ ਦੌਰਾਨ ਮੰਤਰੀ ਹਰਜੋਤ ਸਿੰਘ ਬੈਂਸ ਜ਼ਖਮੀ ਹੋ ਗਏ। ਭਾਜਪਾ ਦੇ ਦਫ਼ਤਰ ਤੋਂ ਮਹਿਜ਼ 150 ਮੀਟਰ ਦੀ ਦੂਰੀ ’ਤੇ ਸਥਿਤ ਬੱਤਰਾ ਸਿਨੇਮਾ ਨੇੜੇ ਸਵੇਰ ਤੋਂ ਹੀ ‘ਆਪ’ ਦੇ ਸਾਰੇ ਆਗੂ ਤੇ ਸਮਰਥਕ ਇਕੱਠੇ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਰੋਸ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ।
ਇਸ ਮੌਕੇ ਹਰਜੋਤ ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਅੰਦੋਲਨ ਚੋਂ ਉੱਠੀ ਹੋਈ ਪਾਰਟੀ ਹੈ ਭਾਜਪਾ ਜਿੰਨਾਂ ਮਰਜ਼ੀ ਧੱਕਾ ਕਰ ਲਵੇ, ਪੱਗਾਂ ਲਾ ਲਵੇ, ਸੋਟੀਆਂ ਮਾਰ ਲਵੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ ਜੋ ਧੱਕੇਸ਼ਾਹੀ ਹੋ ਰਹੀ ਹੈ ਇਸ ਦੀ ਜ਼ਿੰਮੇਵਾਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਹੈ।
ਹਰਜੋਤ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਨਾਤੇ ਨਹੀਂ ਹਰ ਕਿਸਾਨ ਦੇ ਵੱਲੋਂ ਬੋਲ ਰਿਹਾ ਸਾਡਾ ਪੰਜਾਬੀਆਂ ਦਾ ਕਸੂਰ ਇਹ ਹੈ ਕਿ ਅਸੀਂ ਕਿਸਾਨੀ ਅੰਦੋਲਨ ਲੜਿਆ ਦੇਸ਼ ਦੇ ਕਿਸਾਨਾਂ ਲਈ ਪੰਜਾਬ ਦੇ ਕਿਸਾਨ ਲੜੇ ਤੇ ਅੱਜ ਸਾਡੀ ਫਸਲ ਨਹੀਂ ਚੱਕੀ ਜਾ ਰਹੀ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਨਾਲ ਜਿਹੜਾ ਬਦਲਾ ਭਾਰਤੀ ਜਨਤਾ ਪਾਰਟੀ ਲੈਣਾ ਚਾਹੁੰਦੀ ਹੈ ਉਹ ਅਸੀਂ ਬਿਲਕੁਲ ਵੀ ਉਹਨਾਂ ਦੇ ਆਪਣੇ ਮਨਸੂਬੇ ਚ ਕਾਮਯਾਬ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕੇ ਜਦੋਂ ਤੱਕ ਜੀਰੀ ਦਾ ਇੱਕ ਇੱਕ ਥਾਣਾ ਚੁੱਕਿਆ ਜਾਂਦਾ ਸਾਡੀ ਲੜਾਈ ਜਾਰੀ ਰਹੇਗੀ।
ਆਪ’ ਆਗੂਆਂ ਦਾ ਕਹਿਣਾ ਹੈ ਕਿ, ਸੂਬਾ ਸਰਕਾਰ ਝੋਨੇ ਦੀ ਲਿਫਟਿੰਗ ਦੇ ਮੁੱਦੇ ’ਤੇ ਸ਼ੁਰੂ ਤੋਂ ਹੀ ਗੰਭੀਰ ਰਹੀ ਹੈ। ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਪੰਜਾਬ ਦਾ ਫੂਡ ਸਪਲਾਈ ਵਿਭਾਗ ਮਾਰਚ ਤੋਂ ਐਫਸੀਆਈ ਅਤੇ ਕੇਂਦਰੀ ਮੰਤਰਾਲੇ ਨੂੰ ਪੱਤਰ ਲਿਖ ਰਿਹਾ ਸੀ। ਪਰ ਕੇਂਦਰ ਸਰਕਾਰ ਨੇ 9 ਮਹੀਨਿਆਂ ਤੱਕ ਕੋਈ ਕਾਰਵਾਈ ਨਹੀਂ ਕੀਤੀ। ਖੁਰਾਕ ਸਪਲਾਈ ਵਿਭਾਗ ਨੇ ਪਹਿਲਾਂ 5 ਮਾਰਚ ਨੂੰ ਐਫਸੀਆਈ ਨੂੰ ਪੱਤਰ ਲਿਖਿਆ, ਫਿਰ 11 ਮਾਰਚ, 13 ਮਾਰਚ, 19 ਮਾਰਚ ਅਤੇ 22 ਮਾਰਚ ਨੂੰ ਪੱਤਰ ਲਿਖਿਆ। 14 ਤੇ 27 ਜੂਨ ਨੂੰ ਦੋ ਵਾਰ ਚਿੱਠੀਆਂ ਲਿਖੀਆਂ। 3 ਸਤੰਬਰ ਨੂੰ ਚਿੱਠੀਆਂ ਵੀ ਲਿਖੀਆਂ। ਕੁੱਲ ਮਿਲਾ ਕੇ ਪੰਦਰਾਂ ਚਿੱਠੀਆਂ ਲਿਖੀਆਂ ਗਈਆਂ ਹਨ।