ਚੰਡੀਗੜ : ਪੰਜਾਬ ਦੇ ਕੈਬਨਿਟ ਮੰਤਰੀਆਂ ਸ. ਬਲਬੀਰ ਸਿੰਘ ਸਿੱਧੂ ਅਤੇ ਸਾਧੂ ਸਿੰਘ ਧਰਮਸੋਤ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਬਰਗਾੜੀ ਕਾਂਡ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਦੇ ਲਹੂ ਨਾਲ ਨਾ ਸਿਰਫ ਉਸਦੇ ਹੱਥ ਬਲਕਿ ਰੂਹ ਵੀ ਭਿੱਜੀ ਹੋਈ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ ਮੰਤਰੀਆਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਹਰ ਪੰਜਾਬੀ ਜਾਣਦਾ ਹੈ ਕਿ ਤੁਸੀਂ ਆਪਦੇ ਸੌੜੇ ਸਿਆਸੀ ਹਿੱਤਾਂ ਲਈ ਇਹ ਨਾ ਮੁਆਫ਼ੀ ਯੋਗ ਕਾਰਾ ਕੀਤਾ ਹੈ।। ਉਨਾਂ ਕਿਹਾ ਕਿ ਇਸ ਸਾਰੇ ਪਾਪ ਵਿੱਚ ਤੁਹਾਡੀ ਸ਼ਮੂਲੀਅਤ ਨੂੰ ਸਾਬਤ ਕਰਨ ਲਈ ਕਿਸੇ ਸਬੂਤ ਜਾਂ ਗਵਾਹੀ ਦੀ ਲੋੜ ਨਹੀਂ। ਸ. ਸਿੱਧੂ ਅਤੇ ਸ੍ਰੀ ਧਰਮਸੋਤ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਸੁਖਬੀਰ ਸੂਬੇ ਦਾ ਗ੍ਰਹਿ ਮੰਤਰੀ ਸੀ ਅਤੇ ਉਸਨੂੰ ਇਹ ਸਾਰੇ ਪਾਪਾਂ ਤੋਂ ਕਿਵੇਂ ਮੁਕਤ ਕੀਤਾ ਜਾ ਸਕਦਾ ਹੈ।
ਸੁਖਬੀਰ ਬਾਦਲ ਦੇ ਟਵੀਟ ’ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਦੋਵਾਂ ਮੰਤਰੀਆਂ ਨੇ ਕਿਹਾ ਕਿ ਅਕਾਲੀ ਪ੍ਰਧਾਨ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੀ ਕੋਸ਼ਿਸ਼ਾਂ ਕਰਦਾ ਹੈ, ਇਕ ਟਵੀਟ ਜਾਂ ਇਕ ਹਜ਼ਾਰ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂ ਕਿ ਇਹ ਸਾਰੇ ਹੱਥਕੰਡੇ ਪੂਰੀ ਤਰਾਂ ਨਾਕਾਮ ਹੋਣ ਵਾਲੇ ਹਨ। ਉਨਾਂ ਕਿਹਾ ਕਿ ਉਹ ਸਬੂਤਾਂ ਦੀ ਗੱਲ ਕਰ ਰਹੇ ਹਨ ਪਰ ਤੱਥ ਇਹ ਹੈ ਕਿ ਇਹ ਸਭ ਸੁਖਬੀਰ ਅਤੇ ਉਸਦੀ ਮੰਡਲੀ ਵੱਲੋਂ ਰਚਿਆ ਗਿਆ ਜਿਸ ਬਾਰੇ ਪੰਜਾਬ ਦੇ ਲੋਕਾਂ ਨੂੰ ਚੰਗੀ ਤਰਾਂ ਪਤਾ ਹੈ। ਸ. ਸਿੱਧੂ ਅਤੇ ਸ੍ਰੀ ਧਰਮਸੋਤ ਨੇ ਸੁਖਬੀਰ ਨੂੰ ਕਿਹਾ ਕਿ ਉਹ ਦਿਖਾਵਾ ਕਰਨਾ, ਟਾਲ ਮਟੋਲ ਕਰਨਾ ਅਤੇ ਝੂਠ ਬੋਲਣਾ ਬੰਦ ਕਰੇ ਅਤੇ ਆਪਣੀ ਬੇਤੁਕੀ ਬਿਆਨਬਾਜ਼ੀ ’ਤੇ ਲਗਾਮ ਲਗਾਵੇ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਯਕੀਨੀ ਬਣਾਉਣਗੇ ਕਿ ਦੋਸ਼ੀਆਂ ਨੂੰ ਇਸਦੀ ਸਜ਼ਾ ਮਿਲੇ।
ਮੰਤਰੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਕਿਹਾ ਕਿ ਉਹ ਆਪਣੀ ਊਰਜਾ ਬਚਾ ਕੇ ਰੱਖਣ ਕਿਉਂਕਿ ਕੋਟਕਪੂਰਾ ਦੀ ਰਿਪੋਰਟ ਜਨਤਕ ਹੋਣ ’ਤੇ ਉਸ ਨੂੰ ਆਪਣਾ ਚਿਹਰਾ ਬਚਾਉਣ ਲਈ ਇਸ ਦੀ ਬਹੁਤ ਲੋੜ ਪਵੇਗੀ। ਉਨਾਂ ਕਿਹਾ ਕਿ ਇਹ ਸੰਭਵ ਨਹੀਂ ਕਿ ਇਹ ਸਾਰੀਆਂ ਚੀਜ਼ਾਂ ਤਤਕਾਲੀ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ, ਜੋ ਅਕਾਲੀ ਦਲ ਪ੍ਰਧਾਨ ਦੇ ਪਿਤਾ ਹਨ, ਦੀ ਮਨਜ਼ੂਰੀ ਤੋਂ ਬਿਨਾਂ ਸੂਬੇ ਵਿਚ ਵਾਪਰੀਆਂ ਹੋਣ। ਦੋਵਾਂ ਮੰਤਰੀਆਂ ਨੇ ਕਿਹਾ ਕਿ ਅਸਲ ਵਿੱਚ ਪਿਤਾ ਅਤੇ ਪੁੱਤਰ ਦੋਵਾਂ ਨੂੰ ਜ਼ਮੀਨੀ ਹਕੀਕਤ ਅਤੇ ਸਥਿਤੀ ਦਾ ਪਤਾ ਸੀ ਜਦੋਂ ਪੁਲਿਸ ਨੇ ਬੇਅਦਬੀ ਦੀਆਂ ਘਟਨਾਵਾਂ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਨਿਰਦੋਸ਼ ਪ੍ਰਦਰਸ਼ਕਾਰੀਆਂ ‘ਤੇ ਗੋਲੀਆਂ ਚਲਾਈਆਂ। ਸ. ਸਿੱਧੂ ਅਤੇ ਸ੍ਰੀ ਧਰਮਸੋਤ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਦੁਖਦਾਈ ਘਟਨਾ ਸੀ ਜਿਸ ਵਿੱਚ ਸ਼ਾਂਤਮਈ ਵਿਰੋਧ ਪ੍ਰਦਰਸ਼ਨ ‘ਤੇ ਬੈਠੇ ਦੋ ਨਿਰਦੋਸ਼ ਵਿਅਕਤੀਆਂ ਦੀ ਪੁਲਿਸ ਕਾਰਵਾਈ ਵਿੱਚ ਮੌਤ ਹੋ ਗਈ ਸੀ।
ਮੰਤਰੀਆਂ ਨੇ ਕਿਹਾ ਕਿ ਜਦੋਂ ਅਕਾਲੀ-ਭਾਜਪਾ ਸਰਕਾਰ ਦੀਆਂ ਦੋਸ਼ੀਆਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਤਾਂ ਫਿਰ ਬਾਦਲ ਸਰਕਾਰ ਨੇ ਜਾਣਬੁੱਝ ਕੇ ਜਾਂਚ ਸੀਬੀਆਈ ਨੂੰ ਸੌਂਪੀ ਤਾਂ ਜੋ ਜਾਂਚ ਵਿੱਚ ਦੇਰੀ ਹੋ ਸਕੇ ਅਤੇ ਪੀੜਤ ਇਨਸਾਫ਼ ਤੋਂ ਵਾਂਝੇ ਰਹਿਣ। ਸ. ਸਿੱਧੂ ਅਤੇ ਸ੍ਰੀ ਧਰਮਸੋਤ ਨੇ ਕਿਹਾ ਕਿ ਉਸ ਵੇਲੇ ਗ੍ਰਹਿ ਵਿਭਾਗ ’ਤੇ ਤਤਕਾਲੀ ਬਾਦਲ ਸਰਕਾਰ ਦਾ ਦਬਾਅ ਸੀ ਕਿ ਉਹ ਇਸ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰੇ। ਉਨਾਂ ਕਿਹਾ ਕਿ ਸੁਖਬੀਰ ਜਾਂ ਉਸ ਦੀ ਮੰਡਲੀ ਚਾਹੇ ਕੋਈ ਵੀ ਹੱਥਕੰਡਾ ਵਰਤ ਲਵੇ ਪਰ ਸੂਬੇ ਦੇ ਲੋਕ ਉਨਾਂ ਨੂੰ ਇਸ ਪਾਪ ਲਈ ਕਦੇ ਮੁਆਫ ਨਹੀਂ ਕਰਨਗੇ।