ਐਸ ਏ ਐਸ ਨਗਰ : ਬਾਰ ਐਸੋਸੀਏਸ਼ਨ ਮੋਹਾਲੀ ਦੇ ਪ੍ਰਧਾਨ ਦੀ ਚੋਣ ਦੌਰਾਨ ਐਡਵੋਕੇਟ ਸਨੇਹਪ੍ਰੀਤ ਸਿੰਘ ਨੂੰ ਪ੍ਰਧਾਨ ਅਤੇ ਐਡਵੋਕੇਟ ਅਕਸ਼ੇ ਚੇਤਲ ਨੂੰ ਸਕੱਤਰ ਚੁਣਿਆ ਗਿਆ ਹੈ। ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਦੇ ਅਹੁਦੇ ਲਈ ਸਨੇਹਪ੍ਰੀਤ ਸਿੰਘ, ਸੰਦੀਪ ਸਿੰਘ ਲੱਖਾ ਤੇ ਰਣਜੋਧ ਸਿੰਘ ਸਰਾਓ ਵਿੱਚ ਚੋਣ ਮੁਕਾਬਲਾ ਹੋਇਆ। ਇਸ ਦੌਰਾਨ ਕੁੱਲ 566 ਵੋਟਾਂ ਪਈਆਂ। ਜਿਸ ਵਿਚੋਂ ਸਨੇਹਪ੍ਰੀਤ ਸਿੰਘ 212 ਵੋਟਾਂ ਲੈ ਕੇ ਪ੍ਰਧਾਨ ਚੁਣੇ ਗਏ। ਸੰਦੀਪ ਸਿੰਘ ਲੱਖਾ ਨੂੰ 160 ਵੋਟਾਂ ਅਤੇ ਰਣਜੋਧ ਸਿੰਘ ਸਰਾਓ ਨੂੰ 144 ਵੋਟਾਂ ਪਈਆਂ। ਉਪ ਪ੍ਰਧਾਨ ਦੇ ਅਹੁਦੇ ਤੇ ਸੁਖਚੈਨ ਸਿੰਘ ਸੋਢੀ ਜੇਤੂ ਰਹੇ, ਉਨ੍ਹਾਂ ਨੂੰ 302 ਵੋਟਾਂ ਮਿਲੀਆਂ। ਸਕੱਤਰ ਦੇ ਅਹੁਦੇ ਲਈ ਤਿੰਨ ਉਮੀਦਵਾਰ ਅਕਸ਼ੇ ਚੇਤਲ, ਦਲਜੀਤ ਸਿੰਘ ਅਤੇ ਸੁਰਜੀਤ ਕੁਮਾਰ ਸੈਣੀ ਵਿੱਚ ਮੁਕਾਬਲਾ ਹੋਇਆ ਜਿਸ ਦੌਰਾਨ ਅਕਸ਼ੇ ਚੇਤਲ ਨੂੰ ਸਭ ਤੋਂ ਵੱਧ 362 ਵੋਟਾਂ ਮਿਲੀਆਂ ਹਨ। ਅਦਲਜੀਤ ਸਿੰਘ ਨੂੰ 100 ਅਤੇ ਸੁਰਜੀਤ ਕੁਮਾਰ ਸੈਣੀ ਨੂੰ ਸਿਰਫ਼ 50 ਵੋਟਾਂ ਮਿਲੀਆਂ।
ਖਜ਼ਾਨਚੀ ਦੇ ਅਹੁਦੇ ਲਈ ਹਰਪ੍ਰੀਤ ਸਿੰਘ 276 ਵੋਟਾਂ ਨਾਲ ਅਤੇ ਲਾਇਬ੍ਰੇਰੀਅਨ ਸੈਕਟਰੀ ਦੇ ਅਹੁਦੇ ਤੇ ਸੌਰਭ ਗੋਇਲ 330 ਵੋਟਾਂ ਲੈ ਕੇ ਜੇਤੂ ਰਹੇ। ਸਾਰੇ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਐਡਵੋਕੇਟ ਨਿਸ਼ਾ ਰਾਠੌਰ ਨੂੰ ਸੰਯੁਕਤ ਸਕੱਤਰ ਦੇ ਅਹੁਦੇ ਲਈ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਨੇ ਫੈਸਲਾ ਲੈਂਦਿਆਂ ਮੁਹਾਲੀ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ-ਚੰਡੀਗੜ੍ਹ ਦੇ ਵਾਈਸ ਚੇਅਰਮੈਨ ਚੇਤਨ ਵਰਮਾ ਨੂੰ ਸੌਂਪ ਦਿੱਤੀ ਸੀ। ਇਹ ਚੋਣਾਂ ਉਨ੍ਹਾਂ ਦੀ ਨਿਗਰਾਨੀ ਹੇਠ ਕਰਵਾਈਆਂ ਗਈਆਂ। ਇਸ ਮੌਕੇ ਐਡਵੋਕੇਟ ਅਮਰਜੀਤ ਸਿੰਘ ਲੋਂਗੀਆ, ਦਰਸ਼ਨ ਸਿੰਘ ਧਾਲੀਵਾਲ, ਜਸਪਾਲ ਸਿੰਘ ਦੱਪਰ, ਪ੍ਰਿਤਪਾਲ ਸਿੰਘ ਬਾਸੀ, ਲਲਿਤ ਸੂਦ, ਰੋਹਿਤ ਗਰਗ, ਗੁਰਪ੍ਰੀਤ ਸਿੱਧੂ, ਅਰਸ਼ ਚੌਧਰੀ, ਗਗਨਦੀਪ ਸਿੰਘ ਸਮੇਤ ਕਈ ਵਕੀਲ ਹਾਜ਼ਰ ਸਨ।