ਜ਼ੀਰਕਪੁਰ : ਨੇੜਲੇ ਪਿੰਡ ਗਾਜੀਪੁਰ ਜੱਟਾਂ ਵਿਖੇ ਅੱਜ ਡੰਪਿੰਗ ਗਰਾਊਂਡ ਬਣਾਉਣ ਨੂੰ ਲੈ ਕੇ ਪਿੰਡ ਦੀ ਜਮੀਨ ਦਾ ਕਬਜ਼ਾ ਲੈਣ ਆਈ ਨਗਰ ਕੌਂਸਲ ਦੀ ਟੀਮ ਨੂੰ ਪਿੰਡ ਵਾਸੀਆਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਬੇਰੰਗ ਵਾਪਸ ਪਰਤਣਾ ਪਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜ਼ੀਰਕਪੁਰ ਨਗਰ ਕੌਂਸਲ ਜਾਣ ਬੁੱਝ ਕੇ ਪਿੰਡ ਢਕੌਲੀ ਵਿਖੇ ਬਣੇ ਡੰਪਿੰਗ ਗਰਾਊਂਡ ਨੂੰ ਉਹਨਾਂ ਦੇ ਪਿੰਡ ਦੇ ਧਾਰਮਿਕ ਸਥਾਨ ਨੇੜੇ ਤਬਦੀਲ ਕਰਨਾ ਚਾਹੁੰਦੀ ਹੈ। ਜਿਸ ਨੂੰ ਪਿੰਡ ਵਾਸੀਆਂ ਵੱਲੋਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਿੰਡ ਗਾਜੀਪੁਰ ਜੱਟਾਂ ਦੇ ਵਸਨੀਕ ਰਣਜੀਤ ਸਿੰਘ ਸਮੇਤ ਹੋਰਨਾਂ ਨੇ ਕਿਹਾ ਕਿ ਜੀਰਕਪੁਰ ਨਗਰ ਕੌਂਸਲ ਵੱਲੋਂ ਉਹਨਾਂ ਦੇ ਪਿੰਡ ਵਿੱਚ ਗੂਗਾ ਮਾੜੀ ਅਤੇ ਕਾਲੀ ਮਾਤਾ ਮੰਦਰ ਨੇੜੇ ਪਈ ਜਮੀਨ ਦਾ ਕਬਜ਼ਾ ਲੈ ਕੇ ਜਬਰਦਸਤੀ ਇਸ ਥਾਂ ਤੇ ਕੂੜਾ ਡੰਪਿੰਗ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਬੀਤੇ ਕਰੀਬ ਦੋ ਮਹੀਨੇ ਤੋਂ ਉਹ ਆਪਣੇ ਪਿੰਡ ਦੀ ਜਮੀਨ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਇਸ ਸੰਘਰਸ਼ ਵਿੱਚ ਪਿੰਡ ਵਾਸੀਆਂ ਦੇ ਨਾਲ ਨੇੜਲੀਆਂ ਸੁਸਾਇਟੀਆਂ ਦੇ ਵਸਨੀਕ ਵੀ ਸ਼ਾਮਿਲ ਹਨ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਨਗਰ ਕੌਂਸਲ ਨੂੰ ਪਹਿਲਾਂ ਤੋਂ ਹੀ ਬਣੇ ਡੰਪਿੰਗ ਗਰਾਊਂਡ ਨੋ ਆਪਣੇ ਖੇਤਾਂ ਵਿੱਚੋਂ ਰਾਸਤਾ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ ਪ੍ਰੰਤੂ ਨਗਰ ਕੌਂਸਲ ਪਿੰਡ ਦੇ ਗੂਗਾ ਮਾੜੀ ਅਤੇ ਮੰਦਰ ਦੇ ਨਾਲ ਹੀ ਡੰਪਿੰਗ ਗਰਾਊਂਡ ਬਣਾਉਣ ਲਈ ਜਿੱਦ ਫੜ ਕੇ ਬੈਠੇ ਹਨ ।ਜਿਸ ਨੂੰ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਅੱਜ ਵੀ ਨਗਰ ਕੌਂਸਲ ਵੱਲੋਂ ਇਸ ਥਾਂ ਦਾ ਕਬਜ਼ਾ ਲਿੱਤਾ ਜਾਣਾ ਸੀ ਜਿਸ ਨੂੰ ਵੇਖਦੇ ਹੋਏ ਸਵੇਰ ਤੋਂ ਹੀ ਪਿੰਡ ਵਾਸੀ ਅਤੇ ਵੱਖ ਵੱਖ ਸੋਸਾਇਟੀਆਂ ਦੇ ਨੁਮਾਇੰਦੇ ਮੌਕੇ ਤੇ ਪੁੱਜੇ ਹੋਏ ਸਨ ਜਿਸ ਨੂੰ ਵੇਖਦੇ ਹੋਏ ਨਗਰ ਕੌਂਸਲ ਦੀ ਟੀਮ ਨੂੰ ਬੇਰੰਗ ਪਰਤਣਾ ਪਿਆ ਪਿੰਡ ਵਾਸੀਆਂ ਨੇ ਸਪਸ਼ਟ ਕੀਤਾ ਕਿ ਉਹ ਕਿਸੇ ਵੀ ਕੀਮਤ ਤੇ ਆਪਣੇ ਪਿੰਡ ਦੀ ਇਸ ਜਮੀਨ ਤੇ ਡੰਪਿੰਗ ਗਰਾਊਂਡ ਨਹੀਂ ਬਣਨ ਦੇਣਗੇ। ਉਹਨਾਂ ਕਿਹਾ ਕਿ ਜੇਕਰ ਨਗਰ ਕੌਂਸਲ ਨੇ ਜਬਰਦਸਤੀ ਕਰਨੀ ਬੰਦ ਨਹੀਂ ਕੀਤੀ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ ਜਿਸ ਦੀ ਸਾਰੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਮਾਮਲੇ ਸਬੰਧੀ ਸੰਪਰਕ ਕਰਨ ਤੇ ਜ਼ੀਰਕਪੁਰ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਸ਼ੋਕ ਪੱਥਰੀ ਆ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਫਿਲਹਾਲ ਇਸ ਜਮੀਨ ਤੇ ਡੰਪਿੰਗ ਗਰਾਊਂਡ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ ਨਗਰ ਕੌਂਸਲ ਵੱਲੋਂ ਤਾਂ ਸਿਰਫ ਪਿੰਡ ਦੀ ਸ਼ਾਮਲਾ ਜਮੀਨ ਨੂੰ ਆਪਣੇ ਕਬਜ਼ੇ ਵਿੱਚ ਲਿਆ ਜਾਣਾ ਹੈ ਪਰੰਤੂ ਅੱਜ ਵੀ ਪੁਲਿਸ ਸੁਰੱਖਿਆ ਨਾ ਮਿਲਣ ਕਾਰਨ ਉਹਨਾਂ ਦੀ ਟੀਮ ਜਮੀਨ ਦਾ ਕਬਜ਼ਾ ਨਹੀਂ ਲੈ ਸਕੀ ਉਹਨਾਂ ਕਿਹਾ ਕਿ ਜਲਦ ਹੀ ਪੁਲਿਸ ਦੀ ਟੀਮ ਨੂੰ ਨਾਲ ਲੈ ਕੇ ਇਸ ਜਮੀਨ ਦਾ ਕਬਜ਼ਾ ਲੈ ਲਿਆ ਜਾਵੇਗਾ।