ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਗ੍ਰਾਮ ਪੰਚਾਇਤ ਆਮ ਚੋਣਾਂ-2024 ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਚੋਣ ਟ੍ਰਿਬਿਊਨਲਜ਼ ਦਾ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ, ਇਨ੍ਹਾਂ ਚੋਣ ਟ੍ਰਿਬਿਊਨਲਜ਼ ਲਈ ਪ੍ਰੀਜ਼ਾਇਡਿੰਗ ਅਫ਼ਸਰ ਨੋਟੀਫ਼ਾਈ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਤਿੰਨ ਸਬ ਡਵੀਜ਼ਨਾਂ (ਸਬ ਡਵੀਜ਼ਨ ਮੋਹਾਲੀ, ਸਬ ਡਵੀਜ਼ਨ ਡੇਰਾਬੱਸੀ ਅਤੇ ਸਬ ਡਵੀਜ਼ਨ ਖਰੜ) ਦੇ ਉਪ ਮੰਡਲ ਮੈਜਿਸਟ੍ਰੇਟਸ ਨੂੰ ਇੰਨਾਂ ਚੋਣ ਟ੍ਰਿਬਿਊਨਲਜ਼ ਦਾ ਪ੍ਰੀਜ਼ਾਇਡਿੰਗ ਅਫ਼ਸਰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਆਮ ਚੋਣਾਂ-2024 ਦੇ ਮੁਕੰਮਲ ਹੋਣ ਉਪਰੰਤ ਇੰਨਾਂ ਚੋਣਾਂ ਨਾਲ ਸਬੰਧਤ ਕੋਈ ਵੀ ਉਮੀਦਵਾਰ ਜਾਂ ਵੋਟਰ, ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ-1994 ਅਨੁਸਾਰ ਆਪਣੀ ਪਟੀਸ਼ਨ ਨਾਮਜ਼ਦ ਟ੍ਰਿਬਿਊਨਲ ਕੋਲ ਸੁਣਵਾਈ ਲਈ ਦਾਇਰ ਕਰ ਸਕਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਕੁੱਲ 4 ਪੰਚਾਇਤੀ ਬਲਾਕ ਹਨ, ਜਿੰਨ੍ਹਾਂ ਦੀ ਵੰਡ ਕਰਦੇ ਹੋਏ ਚੋਣ ਟ੍ਰਿਬਿਊਨਲ-ਕਮ-ਸਬ ਡਵੀਜ਼ਨਲ ਮੈਜਿਸਟ੍ਰੇਟ ਖਰੜ, ਬਲਾਕ ਖਰੜ ਅਤੇ ਮਾਜਰੀ, ਚੋਣ ਟ੍ਰਿਬਿਊਨਲ-ਕਮ-ਸਬ ਡਵੀਜ਼ਨਲ ਮੈਜਿਸਟ੍ਰੇਟ ਮੋਹਾਲੀ, ਬਲਾਕ ਮੋਹਾਲੀ ਅਤੇ ਚੋਣ ਟ੍ਰਿਬਿਊਨਲ-ਕਮ-ਸਬ ਡਵੀਜ਼ਨਲ ਮੈਜਿਸਟ੍ਰੇਟ ਡੇਰਾਬੱਸੀ, ਬਲਾਕ ਡੇਰਾਬੱਸੀ ਦੀਆਂ ਦਾਇਰ ਹੋਣ ਵਾਲੀਆਂ ਚੋਣ ਪਟੀਸ਼ਨਾਂ ਦੀ ਸੁਣਵਾਈ ਕਰਨਗੇ ਅਤੇ ਨਿਰਧਾਰਿਤ ਤੈਅ-ਸਮੇਂ ਵਿੱਚ ਪਟੀਸ਼ਨਾਂ ਦਾ ਨਿਪਟਾਰਾ ਕਰਨਗੇ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਅਪੀਲ ਕੀਤੀ ਕਿ ਗ੍ਰਾਮ ਪੰਚਾਇਤ ਆਮ ਚੋਣਾਂ-2024 ਨਾਲ ਸਬੰਧਤ ਕੋਈ ਵੀ ਉਮੀਦਵਾਰ ਜਾਂ ਵੋਟਰ ਜੇਕਰ ਚੋਣ ਪਟੀਸ਼ਨ ਦਾਇਰ ਕਰਨ ਦਾ ਇਛੁੱਕ ਹੈ ਤਾਂ ਉਕਤ ਵੰਡ ਕੀਤੇ ਗਏ ਅਨੁਸਾਰ ਚੋਣ ਟ੍ਰਿਬਿਊਨਲ ਪਾਸ ਆਪਣੀ ਚੋਣ ਪਟੀਸ਼ਨ ਦਾਇਰ ਕਰ ਸਕਦਾ ਹੈ।