ਅੰਮ੍ਰਿਤਸਰ, 4 ਦਸੰਬਰ (ਪੰਜਾਬੀ ਸਹਿਜ ਟਾਈਮਜ਼ ਨਿਊਜ਼) : ਅੱਜ ਸਵੇਰੇ ਹਰਿਮੰਦਰ ਸਾਹਿਬ ਦਰਸ਼ਨੀ ਡਿਊਡੀ ਨੇੜੇ ਆਪਣੀ ਧਾਰਮਕ ਸਜ਼ਾ ਨਿਭਾੳਂੁਦਿਆਂ ਸੁਖਬੀਰ ਸਿੰਘ ਬਾਦਲ ’ਤੇ ਇਕ ਵਿਅਕਤੀ ਵਲੋਂ ਗੋਲੀਬਾਰੀ ਕੀਤੀ ਗਈ। ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮੁਕਰੱਰ ਕੀਤੀ ਧਾਰਮਿਕ ਸਜ਼ਾ ਹਰਿਮੰਦਰ ਸਾਹਿਬ ਦਰਸ਼ਨੀ ਡਿਊਡੀ ’ਤੇ ਨਿਭਾਅ ਰਹੇ ਸਨ ਤਾਂ ਉਨ੍ਹਾਂ ’ਤੇ ਇਕ ਵਿਅਕਤੀ ਨੇ ਗੋਲੀ ਚਲਾ ਦਿੱਤੀ ਜੋ ਸੁਖਬੀਰ ਸਿੰਘ ਬਾਦਲ ਦੇ ਨਾ ਲੱਗੀ ਅਤੇ ਦਰਸ਼ਨੀ ਡਿਊਡੀ ਦੀ ਕੰਧ ਵਿੱਚ ਜਾ ਵੱਜੀ। ਇਸ ਤੋਂ ਬਾਅਦ ਨੇੜੇ ਖੜ੍ਹੇ ਸੁਰੱਖਿਆ ਕਰਮਚਾਰੀਆਂ ਨੇ ਉਸ ਵਿਅਕਤੀ ਨੂੰ ਤੁਰਤ ਮੌਕੇ ’ਤੇ ਕਾਬੂ ਕਰ ਲਿਆ। ਇਸ ਤੋਂ ਇਲਾਵਾ ਹਰਿਮੰਦਰ ਸਾਹਿਬ ਦੇ ਬਾਹਰ ਵੀ ਸੁਰੱਖਿਆ ਦਾ ਪਹਿਰਾ ਸਖ਼ਤ ਕਰ ਦਿੱਤਾ ਗਿਆ ਹੈ।
ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਨਰਾਇਣ ਸਿੰਘ ਚੌੜਾ ਵਜੋਂ ਹੋਈ ਹੈ ਜੋਕਿ ਡੇਰਾ ਬਾਬਾ ਨਾਨਕ, ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਤੇ ਉਹ ਦਲ ਖ਼ਾਲਸਾ ਜਥੇਬੰਦੀ ਦਾ ਮੈਂਬਰ ਹੈ। ਪੁਲਿਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਥੀ ਦਾ ਭਰਾ ਹੈ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਗੋਲੀ ਚਲਾਉਣ ਵਾਲਾ ਵਿਅਕਤੀ ਦਲ ਖ਼ਾਲਸਾ ਦਾ ਮੈਂਬਰ ਹੈ ਅਤੇ ਉਸ ’ਤੇ 1984 ਵਿੱਚ ਅਤਿਵਾਦ ਵਿੱਚ ਸਰਗਰਮ ਹੋਣ ਅਤੇ ਚੰਡੀਗੜ੍ਹ ਬੁੜੈਲ ਜੇਲ੍ਹ ਤੋੜਨ ਦਾ ਦੋਸ਼ ਹੈ।