ਨਵੀਂ ਦਿੱਲੀ, 4 ਦਸੰਬਰ (ਪੰਜਾਬੀ ਸਹਿਜ ਟਾਈਮਜ਼ ਨਿਊਜ਼) : ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਐਲਾਨੀ ਧਾਰਮਿਕ ਸਜ਼ਾ ਨਿਭਾਉਂਦਿਆਂ ਸੁਖਬੀਰ ਸਿੰਘ ਬਾਦਲ ’ਤੇ ਜਾਨ ਲੇਵਾ ਹਮਲਾ ਕਰਨ ਵਾਲਾ ਵਿਅਕਤੀ ਜਿਸ ਦੀ ਪਛਾਣ ਨਰਾਇਣ ਸਿੰਘ ਚੌੜਾ ਵਜੋਂ ਹੋਈ ਹੈ, ਖ਼ੁਫ਼ੀਆ ਏਜੰਸੀਆਂ ਦੇ ਰਡਾਰ ਰਿਹਾ ਹੈ। ਨਰਾਇਣ ਸਿੰਘ ਚੌੜਾ ’ਤੇ ਕੇਂਦਰੀ ਖ਼ੁਫ਼ੀਆ ਏਜੰਸੀਆਂ ਪਹਿਲਾਂ ਤੋਂ ਹੀ ਨਜ਼ਰ ਰੱਖ ਰਹੀ ਸੀ। ਨਰਾਇਣ ਸਿੰਘ ਚੌੜਾ ਅਕਾਲ ਫ਼ੈਡਰੇਸ਼ਨ ਦਾ ਸਾਬਕਾ ਮੁਖੀ ਰਿਹਾ ਹੈ ਅਤੇ ਉਹ ਜਦੋਂ ਤੋਂ ਪਾਕਿਸਤਾਨ ਤੋਂ ਪਰਤਿਆ ਹੈ ਉਸ ਸਮੇਂ ਤੋਂ ਖ਼ੁਫ਼ੀਆ ਏਜੰਸੀਆਂ ਉਸ ’ਤੇ ਨਜ਼ਰ ਰੱਖ ਰਹੀਆਂ ਸਨ।
ਨਰਾਇਣ ਸਿੰਘ ਚੌੜਾ ਪੰਜਾਬ ਵਿੱਚ ਕਾਲੇ ਦੌਰ ਮੌਕੇ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਉਸ ’ਤੇ ਹਥਿਆਰਾਂ ਅਤੇ ਵਿਸਫ਼ੋਟਕਾਂ ਦੀ ਤਸਕਰੀ ਕਰਨ ਦਾ ਦੋਸ਼ ਸੀ। ਨਰਾਇਣ ਸਿੰਘ ਚੌੜਾ ਕਾਫ਼ੀ ਸਮਾਂ ਪਾਕਿਸਤਾਨ ਵਿੱਚ ਰਹਿ ਚੁਕਿਆ ਹੈ। ਇਸ ਤੋਂ ਇਲਾਵਾ ਨਰਾਇਣ ਸਿੰਘ ਚੌੜਾ ਦੀ ਜਗਤਾਰ ਸਿੰਘ ਹਵਾਰਾ ਅਤੇ ਉਸਦੇ ਸਾਥੀਆਂ ਨੂੰ ਬੁੜੈਲ ਜੇਲ੍ਹ ਵਿਚੋਂ ਭਜਾਉਣ ਵਿੱਚ ਅਹਿਮ ਭੂਮਿਕਾ ਰਹੀ ਸੀ। ਨਰਾਇਣ ਸਿੰਘ ਚੌੜਾ ਨੇ ਜੇਲ੍ਹ ਦੇ ਅੰਦਰ ਬਿਜਲੀ ਵਿੱਚ ਵਿਘਨ ਪਾਉਣ ਲਈ ਜੇਲ੍ਹ ਦੇ ਬਾਹਰ ਬਿਜਲੀ ਦੀਆਂ ਮੁੱਖ ਤਾਰਾਂ ’ਤੇ ਲੋਹੇ ਦੀ ਵੱਡੀ ਚੇਨ ਸੁੱਟ ਦਿੱਤੀ ਸੀ।