ਘਰ ਘਰ ਤੋਂ ਕੂੜਾ ਚੁੱਕਣ ਵਾਲੇ ਸਫਾਈ ਮੁਲਾਜ਼ਮ ਹੋ ਰਹੇ ਨੇ ਪਰੇਸ਼ਾਨ
ਜੀਰਕਪੁਰ : ਸੀਰਕਪੁਰ ਨਗਰ ਕੌਂਸਲ ਦੇ ਅਧਿਕਾਰੀ ਬੀਤੇ ਲੰਬੇ ਸਮੇਂ ਤੋਂ ਢਕੋਲੀ ਖੇਤਰ ਵਿੱਚੋਂ ਨਿਕਲਦੇ ਕੂੜੇ ਦਾ ਪ੍ਰਬੰਧ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਸਾਬਤ ਹੋ ਰਹੇ ਹਨ। ਨਗਰ ਕੌਂਸਲ ਅਧਿਕਾਰੀਆਂ ਵੱਲੋਂ ਵਾਰ ਵਾਰ ਯਤਨ ਕਰਨ ਦੇ ਬਾਵਜੂਦ ਉਨਾਂ ਨੂੰ ਸ਼ਹਿਰ ਵਾਸੀਆਂ ਵੱਲੋਂ ਆਪਣੀ ਹੀ ਜਮੀਨ ਤੇ ਕੂੜਾ ਨਹੀਂ ਸੁੱਟਣ ਦਿੱਤਾ ਜਾ ਰਿਹਾ ਜਿਸ ਕਾਰਨ ਘਰ ਘਰ ਤੋਂ ਕੂੜਾ ਚੁੱਕਣ ਵਾਲੇ ਸਫਾਈ ਮੁਲਾਜ਼ਮਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜ਼ਿਕਰਯੋਗ ਹੈ ਕਿ ਜਿਸ ਥਾਂ ਤੇ ਬੀਤੇ 20 ਸਾਲ ਤੋਂ ਕੂੜਾ ਸੁੱਟਿਆ ਜਾ ਰਿਹਾ ਸੀ ਉਸ ਥਾਂ ਤੋਂ ਕੋੜਾ ਡੰਪਿੰਗ ਗਰਾਉਂਡ ਤਬਦੀਲ ਕਰਨ ਲਈ ਪਿੰਡ ਢਕੋਲੀ ਅਤੇ ਨੇੜਲੀਆਂ ਸੋਸਾਇਟੀਆਂ ਦੇ ਵਸਨੀਕਾਂ ਵੱਲੋਂ ਸਫਾਈ ਕਰਵਾ ਕੇ ਉਸ ਥਾਂ ਤੇ ਟੈਂਟ ਲਗਾ ਦਿੱਤਾ ਗਿਆ ਹੈ ਤਾਂ ਜੋ ਇਸ ਥਾਂ ਤੇ ਦੁਬਾਰਾ ਕੂੜਾ ਨਾ ਸੁੱਟਿਆ ਜਾ ਸਕੇ ਉਧਰ ਦੂਜੇ ਪਾਸੇ ਘਰ ਘਰ ਤੋਂ ਕੂੜਾ ਚੁੱਕਣ ਵਾਲੇ ਸਫਾਈ ਸੇਵਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋ ਦਿਨਾਂ ਦੇ ਅੰਦਰ ਨਗਰ ਕੌਂਸਲ ਵੱਲੋਂ ਉਹਨਾਂ ਨੂੰ ਕੋਈ ਢੁਕਵੀ ਥਾਂ ਮੁਹਈਆ ਨਹੀਂ ਕਰਵਾਈ ਗਈ ਤਾਂ ਉਹ ਲੋਕਾਂ ਦੇ ਘਰਾਂ ਤੋਂ ਕੂੜਾ ਚੁੱਕਣਾ ਬੰਦ ਕਰ ਦੇਣਗੇ। ਇਸ ਦੌਰਾਨ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਲਈ ਨਗਰ ਕੌਂਸਲ ਖੁਦ ਜਿੰਮੇਵਾਰ ਹੋਵੇਗੀ। ਹਾਸਲ ਜਾਣਕਾਰੀ ਅਨੁਸਾਰ ਜ਼ੀਰਕਪੁਰ ਨਗਰ ਕੌਂਸਲ ਅਧੀਨ ਪਿੰਡ ਢਕੌਲੀ ਵਿਖੇ ਪੈਂਦੀ ਸਬਜ਼ੀ ਮੰਡੀ ਨੇੜੇ ਬੀਤੇ ਕਰੀਬ 20 ਸਾਲ ਤੋਂ ਕੂੜਾ ਡੰਪਿੰਗ ਗਰਾਊਂਡ ਬਣਿਆ ਹੋਇਆ ਜਿੱਥੇ ਘਰ ਘਰ ਤੋਂ ਕੂੜਾ ਚੁੱਕਣ ਵਾਲੇ ਸਫਾਈ ਮੁਲਾਜ਼ਮਾਂ ਵੱਲੋਂ ਕੂੜਾ ਸੁੱਟਿਆ ਜਾਂਦਾ ਸੀ ਅਤੇ ਇਸ ਤੋਂ ਬਾਅਦ ਇਸ ਕੂੜੇ ਨੂੰ ਨਗਰ ਕੌਂਸਲ ਦੇ ਠੇਕੇਦਾਰ ਵੱਲੋਂ ਟਰਾਲੀਆਂ ਰਾਹੀਂ ਜੀਰਕਪੁਰ ਦੇ ਬਿਸ਼ਨਪੁਰਾ ਸਥਿਤ ਮੁਖ ਡੰਪਿੰਗ ਗਰਾਉਂਡ ਵਿੱਚ ਭੇਜਿਆ ਜਾਂਦਾ ਸੀ ਪ੍ਰੰਤੂ ਇਸ ਇਸ ਦੌਰਾਨ ਖੇਤਰ ਵਿੱਚ ਬਣੀਆਂ ਸੁਸਾਇਟੀਆਂ ਅਤੇ ਆਬਾਦੀ ਵਧਣ ਕਾਰਨ ਸੁਸਾਇਟੀ ਵਾਸੀਆਂ ਵੱਲੋਂ ਪ੍ਰਸ਼ਾਸਨ ਤੋਂ ਇਸ ਡੰਪਿੰਗ ਗਰਾਊਂਡ ਨੂੰ ਇਸ ਥਾਂ ਤੋਂ ਤਬਦੀਲ ਕਰਕੇ ਕਿਸੇ ਦੂਜੀ ਥਾਂ ਤੇ ਬਣਾਉਣ ਦੀ ਬੇਨਤੀ ਕੀਤੀ ਗਈ ਸੀ ਇਸ ਸਬੰਧੀ ਖੇਤਰ ਦੇ ਸੁਸਾਇਟੀਆਂ ਦੇ ਵਫਦ ਦੀ ਵਾਰ ਵਾਰ ਮੰਗ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਸ ਡੰਪਿੰਗ ਗਰਾਊਂਡ ਨੂੰ ਤਬਦੀਲ ਕਰਨ ਦਾ ਫੈਸਲਾ ਤਾਂ ਲੈ ਲਿਆ ਗਿਆ ਹੈ ਪਰੰਤੂ ਪ੍ਰਸ਼ਾਸਨ ਨੂੰ ਡੰਪਿੰਗ ਗਰਾਊਂਡ ਬਣਾਉਣ ਲਈ ਕੋਈ ਹੋਰ ਢੁਕਵੀ ਥਾਂ ਨਹੀਂ ਮਿਲ ਰਹੀ ਹੈ ਬੀਤੇ ਦਿਨੀ ਨਗਰ ਕੌਂਸਲ ਦੇ ਢਕੋਲੀ ਸਥਿਤ ਕੂੜਾ ਡੰਪਿੰਗ ਗਰਾਊਂਡ ਵਿਖੇ ਸੋਸਾਇਟੀ ਵਾਸੀਆਂ ਵੱਲੋਂ ਸਫਾਈ ਸੇਵਕਾਂ ਨੂੰ ਕੂੜਾ ਸੁੱਟਣ ਤੋਂ ਮਨਾ ਕਰ ਦਿੱਤਾ ਗਿਆ ਸੀ ਅਤੇ ਉਸ ਥਾਂ ਤੇ ਉਹਨਾਂ ਵੱਲੋਂ ਪੱਕਾ ਟੈਂਟ ਲਗਾ ਲਿਆ ਗਿਆ ਹੈ ਤਾਂ ਜੋ ਦੁਬਾਰਾ ਇਸ ਥਾਂ ਤੇ ਕੂੜਾ ਨਾ ਸੁੱਟਿਆ ਜਾ ਸਕੇ। ਇਸ ਦੌਰਾਨ ਜਦੋਂ ਨਗਰ ਕੌਂਸਲ ਵੱਲੋਂ ਢਕੋਲੀ ਦੇ ਕੂੜਾ ਡੰਪਿੰਗ ਗਰਾਊਂਡ ਨੂੰ ਪਿੰਡ ਗਾਜੀਪੁਰ ਵਿਖੇ ਪਈ ਜਮੀਨ ਤੇ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਥੇ ਵੀ ਪ੍ਰਸ਼ਾਸਨ ਦੀ ਟੀਮ ਨੂੰ ਪਿੰਡ ਵਾਸੀਆਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਤੋਂ ਬਾਅਦ ਘਰ ਘਰ ਤੋਂ ਕੂੜਾ ਚੁੱਕਦੇ ਸਫਾਈ ਮੁਲਾਜ਼ਮਾਂ ਦੀ ਯੂਨੀਅਨ ਵੱਲੋਂ 11 ਦਸੰਬਰ ਤੋਂ ਹੜਤਾਲ ਤੇ ਜਾਣ ਦਾ ਫੈਸਲਾ ਲੈ ਲਿਆ ਗਿਆ ਸੀ ਪ੍ਰੰਤੂ ਪ੍ਰਸ਼ਾਸਨ ਨੇ ਉਹਨਾਂ ਨੂੰ ਕੁਝ ਦਿਨ ਢਕੋਲੀ ਖੇਤਰ ਦਾ ਕੂੜਾ ਹੋਟਲ ਸਵੈਨ ਦੇ ਸਾਹਮਣੇ ਪਈ ਖਾਲੀ ਥਾਂ ਤੇ ਸੁੱਟਣ ਲਈ ਕਹਿ ਕੇ ਉਹਨਾਂ ਦੀ ਹੜਤਾਲ ਮੁਲਤਵੀ ਵੀ ਕਰਵਾ ਦਿੱਤੀ ਸੀ। ਸਫਾਈ ਸੇਵਕਾਂ ਦੀ ਯੂਨੀਅਨ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਕੁਝ ਸਫਾਈ ਸੇਵਕ ਹੋਟਲ ਸਵੈਨ ਦੇ ਸਾਹਮਣੇ ਕੂੜਾ ਲੈ ਕੇ ਪੁੱਜੇ ਤਾਂ ਉਸ ਜਮੀਨ ਮਾਲਕ ਨੇ ਉਹਨਾਂ ਨੂੰ ਇਸ ਥਾਂ ਤੇ ਕੂੜਾ ਸੁੱਟਣ ਤੋਂ ਮਨਾ ਕਰ ਦਿੱਤਾ ਜਿਸ ਕਾਰਨ ਉਹ ਕੂੜੇ ਨਾਲ ਭਰੀਆਂ ਰੇਹੜੀਆਂ ਲੈ ਕੇ ਨਗਰ ਕੌਂਸਲ ਦੇ ਦਫਤਰ ਪੁੱਜ ਗਏ ਅਤੇ ਉਹਨਾਂ ਵੱਲੋਂ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼ਮਸ਼ੇਰ ਸਿੰਘ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਵੱਲੋਂ ਉਹਨਾਂ ਨੂੰ ਕੂੜਾ ਸੁੱਟਣ ਲਈ ਕੋਈ ਢੁਕਵੀ ਥਾਂ ਮੁਹਇਆ ਨਹੀਂ ਕਰਵਾਈ ਜਾਂਦੀ ਤਾਂ ਉਹ ਦੋ ਦਿਨ ਬਾਅਦ ਲੋਕਾਂ ਦੇ ਘਰਾਂ ਤੋਂ ਕੂੜਾ ਚੁੱਕਣਾ ਬੰਦ ਕਰ ਦੇਣਗੇ ਇਸ ਦੌਰਾਨ ਫੈਲਣ ਵਾਲੀ ਗੰਦਗੀ ਤੇ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਲਈ ਪ੍ਰਸ਼ਾਸਨ ਦੇ ਅਧਿਕਾਰੀ ਖੁਦ ਜਿੰਮੇਵਾਰ ਹੋਣਗੇ। ਮਾਮਲੇ ਸਬੰਧੀ ਸੰਪਰਕ ਕਰਨ ਤੇ ਜੀਰਕਪੁਰ ਨਗਰ ਕੌਂਸਲ ਦੇ ਸਨੈਟਰੀ ਇੰਸਪੈਕਟਰ ਰਾਮ ਗੋਪਾਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪੁਰਾਣੇ ਡੰਪਿੰਗ ਗਰਾਊਂਡ ਨੂੰ ਤਬਦੀਲ ਕੀਤਾ ਜਾਣਾ ਹੈ ਅਤੇ ਇਹ ਸਾਰਾ ਮਾਮਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਜਾਣਕਾਰੀ ਵਿੱਚ ਹੈ ਉਹਨਾਂ ਦੱਸਿਆ ਕਿ ਇਸ ਲਈ ਨਗਰ ਕੌਂਸਲ ਵੱਲੋਂ ਢਕੋਲੀ ਦੇ ਨੇੜੇ ਹੀ ਨਵੀਂ ਥਾਂ ਦੀ ਭਾਲ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਨਗਰ ਕੌਂਸਲ ਦੀ ਆਪਣੀ ਮਾਲਕੀ ਜਮੀਨ ਪਿੰਡ ਗਾਜ਼ੀਪੁਰ ਸੈਣੀਆਂ ਵਿਖੇ ਪਈ ਹੈ ਜਿੱਥੇ ਮਿਣਤੀ ਕਰਵਾਉਣ ਤੋਂ ਬਾਅਦ ਪੱਕਾ ਡੰਪਿੰਗ ਗਰਾਊਂਡ ਬਣਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਜਲਦ ਹੀ ਫੈਸਲਾ ਲੈ ਲਿਆ ਜਾਵੇਗਾ ਜਿਸ ਤੋਂ ਬਾਅਦ ਸਫਾਈ ਸੇਵਕਾਂ ਦੀ ਸਮੱਸਿਆ ਪੱਕੇ ਤੌਰ ਤੇ ਖਤਮ ਹੋ ਜਾਵੇਗੀ।