ਐੱਸ.ਏ.ਐੱਸ. ਨਗਰ : ਆਪਣੇ ਫਰਜ਼ੀ ਮੰਗੇਤਰ ਦੀ ਜਗ੍ਹਾ ਕਿਸੇ ਹੋਰ ਲੜਕੀ ਨਾਲ ਕੋਰਟ ਮੈਰਿਜ ਕਰਵਾਉਣ ਵਾਲੇ ਵਿਅਕਤੀ ਅਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਨਾ ਵਾਸੀ ਬਹਾਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਦਲਜੀਤ ਕੌਰ ਦਾ ਰਿਸ਼ਤਾ ਸਮਰਾਲਾ ਦੇ ਹਰਦੀਪ ਸਿੰਘ ਨਾਲ ਤੈਅ ਕੀਤਾ ਸੀ। ਦੋਵਾਂ ਦੀ ਮੰਗਣੀ ਵੀ ਹੋ ਗਈ। ਬੇਟੀ ਦਾ ਇੰਗਲੈਂਡ ਦਾ ਵੀਜ਼ਾ ਲੱਗ ਗਿਆ ਸੀ ਤੇ ਵਿਦੇਸ਼ ਜਾਣਾ ਸੀ। ਪਰ ਵਿਆਹ ਤੋਂ ਪਹਿਲਾਂ ਹਰਦੀਪ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਦਸਤਾਵੇਜ਼ ਲੈ ਲਏ ਅਤੇ ਬਾਅਦ ਵਿੱਚ ਆਪਣੀ ਲੜਕੀ ਦੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਕਿਸੇ ਹੋਰ ਲੜਕੀ ਦਾ ਪ੍ਰਬੰਧ ਕਰਕੇ ਰਾਜਪੁਰਾ ਤਹਿਸੀਲ ਤੋਂ ਕੋਰਟ ਮੈਰਿਜ ਕਰਵਾ ਦਿੱਤੀ। ਇਸ ਸਬੰਧੀ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਥਾਣਾ ਰਾਜਪੁਰਾ ਵਿਖੇ ਹਰਦੀਪ ਸਿੰਘ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।
ਬਹਾਦਰ ਸਿੰਘ ਨੇ ਦੱਸਿਆ ਕਿ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਉਸ ਦੀ ਲੜਕੀ ਇੰਗਲੈਂਡ ਗਈ ਹੋਈ ਸੀ ਅਤੇ ਉੱਥੇ ਉਸ ਨੂੰ ਅੰਬੈਸੀ ਤੋਂ ਫੋਨ ਆਇਆ ਅਤੇ ਕਿਹਾ ਗਿਆ ਕਿ ਉਸ ਦੇ ਪਤੀ ਨੇ ਇੰਗਲੈਂਡ ਆਉਣ ਲਈ ਫਾਈਲ ਦਿੱਤੀ ਹੈ ਇਸ ਲਈ ਉਸ ਨੂੰ ਇੰਟਰਵਿਊ ਲਈ ਆਉਣਾ ਪਵੇਗਾ। ਫਿਰ ਉਸ ਦੀ ਧੀ ਹੈਰਾਨ ਸੀ ਕਿ ਉਸ ਦਾ ਤਾਂ ਅਜੇ ਵਿਆਹ ਵੀ ਨਹੀਂ ਹੋਇਆ ਫਿਰ ਹਰਦੀਪ ਨੇ ਫਾਈਲ ਕਿਵੇਂ ਪਾਈ। ਇਸ ਲਈ ਉਸ ਨੇ ਆਪਣੇ ਪਿਤਾ ਨਾਲ ਗੱਲ ਕੀਤੀ ਅਤੇ ਜਦੋਂ ਉਸ ਦੇ ਪਿਤਾ ਨੇ ਤਹਿਸੀਲ ਵਿਚ ਜਾ ਕੇ ਉਹ ਦਸਤਾਵੇਜ਼ ਜਮ੍ਹਾਂ ਕਰਵਾਏ ਤਾਂ ਇਹ ਖੁਲਾਸਾ ਹੋਇਆ। ਬਹਾਦਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਅਤੇ ਉਸ ਦੇ ਪਰਿਵਾਰ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਨ੍ਹਾਂ ਨੂੰ ਆਪਣੀ ਲੜਕੀ ਦਾ ਵਿਆਹ ਨਾ ਕਰਨਾ ਪਵੇ ਅਤੇ ਉਨ੍ਹਾਂ ਦਾ ਲੜਕਾ ਵੀ ਚੁੱਪ-ਚਾਪ ਇੰਗਲੈਂਡ ਪਹੁੰਚ ਜਾਵੇ। ਪਰ ਜਦੋਂ ਉਸ ਨੂੰ ਇਸ ਸੱਚਾਈ ਦਾ ਪਤਾ ਲੱਗਾ ਤਾਂ ਉਸ ਨੇ ਹਰਦੀਪ ਸਿੰਘ ਨਾਂ ਦੇ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਪਰ ਪੁਲੀਸ ਨੇ ਅਜੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਜੇਕਰ ਪੁਲਸ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਹ ਅਦਾਲਤ ਦਾ ਰੁਖ ਕਰਨ ਲਈ ਮਜਬੂਰ ਹੋਣਗੇ।
ਬਹਾਦਰ ਸਿੰਘ ਨੇ ਮੰਗ ਕੀਤੀ ਕਿ ਪੁਲਿਸ ਉਨ੍ਹਾਂ ਦੋਸ਼ੀਆਂ ਨੂੰ ਵੀ ਗਿ੍ਫ਼ਤਾਰ ਕਰੇ ਜਿਨ੍ਹਾਂ ਨੇ ਹਰਦੀਪ ਸਿੰਘ ਅਤੇ ਉਸਦੇ ਪਰਿਵਾਰ ਦੀ ਉਸਦੇ ਲੜਕੇ ਦਾ ਜਾਅਲੀ ਮੈਰਿਜ ਸਰਟੀਫਿਕੇਟ ਬਣਾਉਣ ਵਿਚ ਮਦਦ ਕੀਤੀ ਸੀ ਕਿਉਂਕਿ ਉਹ ਵੀ ਬਰਾਬਰ ਦੇ ਦੋਸ਼ੀ ਹਨ ਇਸ ਤੋਂ ਇਲਾਵਾ ਉਸ ਦੀ ਲੜਕੀ ਦੇ ਨਾਂ 'ਤੇ ਬਣੇ ਫਰਜ਼ੀ ਮੈਰਿਜ ਸਰਟੀਫਿਕੇਟ ਨੂੰ ਪ੍ਰਸ਼ਾਸਨ ਵੱਲੋਂ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ। ਕਿਉਂਕਿ ਇਸ ਤੋਂ ਬਿਨਾਂ ਉਹ ਆਪਣੀ ਧੀ ਦਾ ਵਿਆਹ ਕਿਤੇ ਹੋਰ ਨਹੀਂ ਕਰ ਸਕਦਾ।