ਜ਼ੀਰਕਪੁਰ : ਜੀਰਕਪੁਰ ਨਗਰ ਕੌਂਸਲ ਦੇ ਭਬਾਤ ਖੇਤਰ ਵਿੱਚ ਸਥਿਤ ਮੰਨਤ ਇਨਕਲੇਵ ਫੇਸ-2 ਦੇ ਵਸਨੀਕ ਕਲੋਨੀ ਵਿੱਚ ਲੱਗੇ ਪੀਣ ਵਾਲੇ ਪਾਣੀ ਦੇ ਟਿਊਬਵੈਲ ਦਾ ਬਿਜਲੀ ਕਨੈਕਸ਼ਨ ਕੱਟੇ ਜਾਣ ਕਾਰਨ ਬੀਤੇ ਦੋ ਦਿਨ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਕਲੋਨੀ ਵਾਸੀਆਂ ਦਾ ਦੋਸ਼ ਹੈ ਕਿ ਕਾਲੋਨਾਈਜ਼ਰ ਅਤੇ ਜਮੀਨ ਮਾਲਕਾਂ ਵੱਲੋਂ ਸਮੇਂ ਸਿਰ ਬਿਜਲੀ ਦਾ ਬਿਲ ਨਾ ਭਰਵਾਏ ਜਾਣ ਕਾਰਨ ਵਿਭਾਗ ਵੱਲੋਂ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਹੈ। ਜਦ ਕਿ ਕਲੋਨੀ ਵਾਸੀਆਂ ਵੱਲੋਂ ਹਰ ਮਹੀਨੇ ਮੈਨਟੀਨੈਸ ਦੇ ਰੂਪ ਵਿੱਚ ਪੈਸੇ ਇਕੱਤਰ ਕਰਕੇ ਕਾਲੋਨਾਈਜਰ ਵੱਲੋਂ ਨਿਯੁਕਤ ਕੀਤੇ ਵਿਅਕਤੀ ਨੂੰ ਦਿੱਤੇ ਜਾ ਰਹੇ ਹਨ। ਖਬਰ ਲਿਖੇ ਜਾਣ ਤੱਕ ਕਲੋਨੀ ਦੇ ਦਰਜਨਾਂ ਲੋਕ ਪ੍ਰਸ਼ਾਸਨ ਖਿਲਾਫ ਰੋਸ ਮੁਜ਼ਾਹਰਾ ਕਰ ਰਹੇ ਹਨ। ਉਨਾਂ ਦੀ ਮੰਗ ਹੈ ਕਿ ਉਨਾਂ ਨੂੰ ਬਿਨਾਂ ਦੇਰੀ ਤੋਂ ਪੀਣ ਵਾਲਾ ਪਾਣੀ ਮੁਹਈਆ ਕਰਵਾਇਆ ਜਾਵੇ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਮਲਜੀਤ ਸਿੱਧੂ,ਸੁਰੇਸ਼ ਭਾਰਦਵਾਜ, ਸੁਰਿੰਦਰ ਸਿੰਘ,ਗੁਰਮੀਤ ਸਿੰਘ,ਮਹਿਮਾ ਸਿੰਘ, ਵੀਰੇਂਦਰ ਸਿੰਘ, ਪਰਵੀਨ ਕੁਮਾਰ,ਰਾਜੇਸ਼ ਸ਼੍ਰੀਵਾਸਤਵ, ਰਾਮ ਲਖਨ, ਦੀਪਕ ਕੁਮਾਰ ਸਮੇਤ ਹੋਰਨਾਂ ਨੇ ਦੱਸਿਆ ਕਿ ਉਹਨਾਂ ਦੀ ਕਲੋਨੀ ਵਿੱਚ ਜਮੀਨ ਮਾਲਕ ਵੱਲੋਂ ਲਗਾਏ ਗਏ ਪਾਣੀ ਦੇ ਟਿਊਬਵੈਲ ਰਾਹੀਂ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਕਾਲੋਨਾਈਜ਼ਰ ਅਤੇ ਜਮੀਨ ਮਾਲਕ ਵੱਲੋਂ ਕਲੋਨੀ ਵਿੱਚ ਮਕਾਨ ਬਣਾਉਣ ਸਮੇਂ ਮਕਾਨ ਦੇ ਮਾਲਕ ਤੋਂ 7 ਹਜਾਰ ਰੁਪਏ ਵਸੂਲ ਕੀਤੇ ਜਾਂਦੇ ਸਨ ਅਤੇ ਇਸ ਤੋਂ ਇਲਾਵਾ ਉਹਨਾਂ ਤੋਂ ਹਰ ਮਹੀਨੇ ਦੇ ਰੂਪ ਵਿੱਚ ਪੈਸੇ ਵਸੂਲ ਕੀਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਜਮੀਨ ਦੇ ਮਾਲਕ ਵੱਲੋਂ ਕੁਝ ਦਸਤਾਵੇਜ਼ ਜ਼ੀਰਕਪੁਰ ਨਗਰ ਕੌਂਸਲ ਦੇ ਦਫਤਰ ਵਿਖੇ ਜਮਾ ਕਰਵਾਏ ਜਾਣੇ ਸਨ ਪਰੰਤੂ ਉਹਨਾਂ ਵੱਲੋਂ ਉਹ ਦਸਤਾਵੇਜ਼ ਦਫਤਰ ਵਿੱਚ ਨਾ ਜਮਾ ਕਰਵਾਏ ਜਾਣ ਕਾਰਨ ਉਹਨਾਂ ਦੀ ਕਲੋਨੀ ਵਿੱਚ ਸਰਕਾਰੀ ਟਿਊਬਵੈਲ ਦੀ ਪਾਣੀ ਦੀ ਸਪਲਾਈ ਚਾਲੂ ਨਹੀਂ ਹੋ ਸਕੀ। ਉਹਨਾਂ ਦੱਸਿਆ ਕਿ ਕਰੋਨਾ ਕਾਲ ਦੌਰਾਨ ਉਹਨਾਂ ਦੇ ਕਲੋਨੀ ਵਿੱਚ ਲੱਗੇ ਟਿਊਬਵੈਲ ਦਾ ਕਰੀਬ ਸਾਢੇ ਲੱਖ ਰੁਪਏ ਬਿਜਲੀ ਦਾ ਬਿੱਲ ਬਣਿਆ ਸੀ ਜੋ ਹੁਣ ਵੱਧ ਕੇ 14 ਲੱਖ ਰੁਪਏ ਤੋਂ ਵੀ ਟੱਪ ਗਿਆ ਹੈ। ਉਹਨਾਂ ਦੱਸਿਆ ਕਿ ਬਿਜਲੀ ਦਾ ਬਿੱਲ ਜ਼ਿਆਦਾ ਹੋਣ ਕਾਰਨ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਤਿੰਨ ਦਿਨ ਪਹਿਲਾਂ ਇਸ ਟਿਊਬਵੈਲ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਹੈ। ਜਿਸ ਕਾਰਨ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੋਸ਼ ਲਗਾਇਆ ਕਿ ਕਲੋਨੀ ਦੇ ਸੈਂਕੜੇ ਵਸਨੀਕਾਂ ਵੱਲੋਂ ਨਿੱਤ ਦਿਨ ਜਮੀਨ ਦੇ ਮਾਲਕਾਂ ਨੂੰ ਦਸਤਾਵੇਜ ਪੂਰੇ ਕਰਨ ਦੀਆਂ ਬਿਨਤੀਆਂ ਕੀਤੀਆਂ ਜਾਂਦੀਆਂ ਹਨ ਪਰੰਤੂ ਉਹਨਾਂ ਵੱਲੋਂ ਕਲੋਨੀ ਵਾਸੀਆਂ ਦੀ ਇਸ ਗੰਭੀਰ ਸਮੱਸਿਆ ਨੂੰ ਅਣਗੌਲਾ ਕੀਤਾ ਜਾ ਰਿਹਾ ਹੈ ਅਤੇ ਉਹ ਆਪਣੇ ਘਰ ਵਿੱਚ ਆਰਾਮ ਨਾਲ ਬੈਠੇ ਹਨ ਜਦ ਕਿ ਕਲੋਨੀ ਵਾਸੀਆਂ ਨੂੰ ਪੀਣ ਵਾਲੇ ਪਾਣੀ ਲਈ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਉਹਨਾਂ ਦੱਸਿਆ ਕਿ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਉਹਨਾਂ ਨੂੰ ਮਹਿੰਗੇ ਭਾਅ ਦੇ ਟੈਂਕਰ ਮੰਗਵਾ ਕੇ ਆਪਣਾ ਕੰਮ ਚਲਾਉਣਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਜੋ ਲੋਕ ਗਰਾਊਂਡ ਫਲੋਰ ਤੇ ਰਹਿੰਦੇ ਹਨ ਉਹਨਾਂ ਦਾ ਗੁਜ਼ਾਰਾ ਤਾਂ ਪਾਣੀ ਦੇ ਟੈਂਕਰ ਨਾਲ ਹੋ ਜਾਂਦਾ ਹੈ ਪ੍ਰੰਤੂ ਜੋ ਲੋਕ ਪਹਿਲੀ ਮੰਜ਼ਿਲ ਤੇ ਰਹਿੰਦੇ ਹਨ ਉਨਾਂ ਨੂੰ ਆਪਣੀਆਂ ਟੈਂਕੀਆਂ ਭਰਨ ਲਈ ਭਾਰੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਕਲੋਨੀ ਵਾਸੀਆਂ ਨੇ ਦੋਸ਼ ਲਗਾਇਆ ਕਿ ਜਮੀਨ ਮਾਲਕਾਂ ਵੱਲੋਂ ਮੈਨਟੀਨੈਸ ਇਕੱਤਰ ਕਰਨ ਲਈ ਰੱਖੇ ਗਏ ਵਿਅਕਤੀ ਸ਼ਿਵ ਦਿਆਲ ਵੱਲੋਂ ਆਪਣੇ ਘਰ ਵਿੱਚ ਨਿੱਜੀ ਬੋਰ ਕਰਵਾਇਆ ਗਿਆ ਹੈ ਅਤੇ ਹੁਣ ਉਸ ਵੱਲੋਂ ਪੈਸੇ ਦੀ ਵਸੂਲੀ ਕਰਨ ਦੇ ਬਾਵਜੂਦ ਉਹਨਾਂ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਕਲੋਨੀ ਵਾਸੀਆਂ ਨੇ ਦੱਸਿਆ ਕਿ ਉਹ ਕਲੋਨੀ ਦੇ ਜਮੀਨ ਮਾਲਕਾਂ ਦੇ ਕੰਨ ਖੋਲਣ ਅਤੇ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਸੁਣਵਾਈ ਨਾ ਕਰਨ ਦੇ ਰੋਸ ਵਜੋਂ ਕਲੋਨੀ ਦੇ ਅੰਦਰ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਜੇਕਰ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਇਸ ਗੰਭੀਰ ਸਮੱਸਿਆ ਦਾ ਫੌਰੀ ਹੱਲ ਨਹੀਂ ਕੀਤਾ ਗਿਆ ਤਾਂ ਉਹ ਸੜਕ ਜਾਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਜਿਸ ਦੀ ਸਾਰੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਮਾਮਲੇ ਸਬੰਧੀ ਸੰਪਰਕ ਕਰਨ ਤੇ ਪਾਵਰ ਕੌਮ ਦੇ ਉਪ ਮੰਡਲ ਅਫਸਰ ਰਕੇਸ਼ ਭਾਟੀਆ ਨੇ ਦੱਸਿਆ ਕਿ ਉਹ ਉਕਤ ਕਲੋਨੀ ਵਿੱਚ ਜਮੀਨ ਮਾਲਕਾਂ ਦੇ ਨਾਮ ਤੇ ਬਿਜਲੀ ਕੁਨੈਕਸ਼ਨ ਲੱਗਿਆ ਹੋਇਆ ਹੈ। ਜਿਸ ਦਾ ਬਿਜਲੀ ਦਾ ਬਿਲ 14 ਲੱਖ ਰੁਪਏ ਤੋਂ ਵੀ ਟੱਪ ਗਿਆ ਹੈ। ਉਹਨਾਂ ਦੱਸਿਆ ਕਿ ਪਾਵਰਕੌਮ ਵੱਲੋਂ ਕਨੈਕਸ਼ਨ ਕੱਟਣ ਤੋਂ ਪਹਿਲਾਂ ਜਮੀਨ ਮਾਲਕਾਂ ਅਤੇ ਕਲੋਨੀ ਵਾਸੀਆਂ ਨੂੰ ਅਗਾਊ ਸੂਚਨਾ ਦੇ ਦਿੱਤੀ ਸੀ ਪ੍ਰੰਤੂ ਬਿਜਲੀ ਦਾ ਬਿਲ ਨਾਮ ਭਰਨ ਕਾਰਨ ਵਿਭਾਗ ਵੱਲੋਂ ਇਸ ਕਲੋਨੀ ਦੇ ਪੀਣ ਵਾਲੇ ਪਾਣੀ ਦੇ ਟਿਊਬਵੈਲ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਸੀ ਉਹਨਾਂ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਕਲੋਨੀ ਵਾਸੀਆਂ ਵੱਲੋਂ ਰਾਤ ਵੇਲੇ ਕੁੰਡੀ ਲਗਾ ਕੇ ਟਿਊਬਵੈਲ ਚਲਾਇਆ ਜਾਂਦਾ ਹੈ। ਜਿਸ ਤੋਂ ਬਾਅਦ ਵਿਭਾਗ ਨੇ ਇਸ ਟਿਊਬਲ ਨੂੰ ਜਾਂਦੀ ਸਪਲਾਈ ਤੋਂ ਹੀ ਮੁੱਖ ਤਾਰ ਕੱਟ ਦਿੱਤੀ ਹੈ ਤਾਂ ਜੋ ਜਮੀਨ ਮਾਲਕਾਂ ਤੋਂ ਬਿਜਲੀ ਦੇ ਬਿਲ ਦੀ ਭਰਭਾਈ ਕਰਵਾਈ ਜਾ ਸਕੇ।