ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਅਕ੍ਰਿਤਘਣ, ਕੌਮ ਮੁਆਫ ਨਹੀਂ ਕਰੇਗੀ
ਚੰਡੀਗੜ੍ਹ : ਜਿਸ ਤਰੀਕੇ ਝੂਠੇ, ਬੇਬੁਨਿਆਦ ਇਲਜਾਮ ਲਗਾਕੇ ਗੁਰਮਤਿ ਮਰਿਯਾਦਾ ਨੂੰ ਛਿੱਕੇ ਟੰਗ ਕੇ ਦਮਦਮਾ ਸਾਹਿਬ ਤੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਲੀਲ ਕਰਕੇ ਸੇਵਾ ਵਾਪਿਸ ਲਈ ਗਈ ਹੈ, ਉਸ ਨੇ ਸਿੱਖ ਕੌਮ ਦੀ ਸੰਸਥਾਵਾਂ ਦੀ ਭਰੋਸੇਯੋਗਤਾ, ਵਿਸ਼ਵਾਸ ਨੂੰ ਢਾਅ ਤੇ ਲਗਾਈ ਹੈ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਸੁੱਚਾ ਸਿੰਘ ਛੋਟੇਪੁਰ, ਸੰਤਾ ਸਿੰਘ ਉਮੈਦਪੁਰੀ, ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਇਸ ਸਾਜਿਸ਼ ਲਈ ਕੌਮ ਕਦੇ ਮੁਆਫ ਨਹੀਂ ਕਰੇਗੀ। ਆਗੂਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਬਣਾਈ ਕਮੇਟੀ ਵਿੱਚ ਜਿਹੜੇ ਲੋਕ ਸ਼ਾਮਿਲ ਕੀਤੇ ਗਏ ਹਨ,ਜਿਹੜੇ ਸੁਖਬੀਰ ਧੜੇ ਦੇ ਯੈੱਸ ਮੈਨ ਹਨ, ਜਿਹਨਾਂ ਨੇ ਸ਼ਿਕਾਇਤ ਵੀ ਆਪ ਕਰਵਾਈ, ਕਮੇਟੀ ਵਿੱਚ ਵੀ ਆਪ ਸ਼ਾਮਿਲ ਹੋਏ ਅਤੇ ਫੈਸਲਾ ਵੀ ਪਹਿਲਾਂ ਲਿਖੀ ਸਕ੍ਰਿਪਟ ਤਹਿਤ ਤਿਆਰ ਹੈ।
ਆਗੂਆਂ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਇਸ ਵਰਤਾਰੇ ਦੇ ਪ੍ਰਮੁੱਖ ਸਾਜਿਸ਼ਕਰਤਾ ਸੁਖਬੀਰ ਧੜੇ ਨਾਲ ਲੰਬਿਤ ਰਹੇ। ਕੌਮ ਨੂੰ ਢਾਅ ਲਗਾਉਣ ਵਾਲਿਆਂ ਅਤੇ ਪੰਥਕ ਦੋਖੀਆਂ ਦੀ ਕਤਾਰ ਵਿੱਚ ਸ਼ਾਮਿਲ ਸਾਜਿਸ਼ ਕਰਤਾ ਨੂੰ ਸੰਗਤ ਪਛਾਣ ਚੁੱਕੀ ਹੈ। ਸੁਖਬੀਰ ਧੜਾ ਨੇ ਆਪਣੇ ਅਸਤੀਫਿਆਂ ਨੂੰ ਲਮਕਾਉਣ, ਮਨਮਰਜੀ ਨਾਲ ਹੁਕਮਨਾਮੇ ਵਿੱਚ ਤਬਦੀਲੀ ਕਰਵਾਉਣ ਅਤੇ ਤਖ਼ਤ ਸਾਹਿਬ ਤੋ ਬਣੀ ਕਮੇਟੀ ਨੂੰ ਦਰਕਿਨਾਰ ਕਰਨ ਲਈ ਇਸ ਸਾਜਿਸ਼ ਨੂੰ ਰਚਿਆ।
ਆਗੂਆਂ ਨੇ ਕਿਹਾ ਕਿ ਕੌਮ ਇਸ ਗੱਲ ਨੂੰ ਜਾਣਨਾ ਚਾਹੁੰਦੀ ਹੈ ਕਿ ਦੋ ਦਸੰਬਰ ਦੇ ਹੁਕਮਨਾਮੇ ਜਿਸ ਵਿੱਚ ਤਿੰਨ ਅੰਦਰ ਅਸਤੀਫ਼ੇ ਸਵੀਕਾਰ ਕਰਨ ਦਾ ਆਦੇਸ਼ ਸੀ, ਉਸ ਹੁਕਮਨਾਮੇ ਨੂੰ ਕਿਸ ਦਬਾਅ ਹੇਠ ਬਦਲਾਇਆ ਗਿਆ। ਜੇਕਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਇਸ ਦਾ ਵਿਰੋਧ ਕਰਦੇ ਸਨ ਓਹਨਾ ਨੂੰ ਨਿਸ਼ਾਨਾ ਬਣਾਇਆ ਗਿਆ। ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਇਸ ਸਾਜਿਸ਼ ਦਾ ਸਭ ਤੋਂ ਵੱਡਾ ਪਾਤਰ ਕਰਾਰ ਦਿੱਤਾ ਤੇ ਕਿਹਾ ਕਿ ਓਹਨਾ ਨੇ ਅੱਜ ਇਸ ਵਰਤਾਰੇ ਨਾਲ ਕੌਮ ਦੀ ਨਜ਼ਰ ਵਿਚ ਆਪਣਾ ਰੁਤਬਾ ਸਵਾਭਿਮਾਨ ਗਵਾ ਦਿੱਤਾ ਹੈ।
ਜਥੇਦਾਰ ਵਡਾਲਾ ਨੇ ਇਕ ਗੱਲ ਬੜੀ ਸਪੱਸ਼ਟਤਾ ਨਾਲ ਕਰਦਿਆਂ ਕਿਹਾ ਕਿ, ਅੱਜ ਸੁਖਬੀਰ ਧੜਾ ਇਹ ਸਮਝ ਲਵੇ ਕਿ ਅੱਜ ਦੇ ਕਾਲੇ ਦਿਨ ਲਈ ਉਹਨਾਂ ਦਾ ਨਾਮ ਹਮੇਸ਼ਾ ਚੇਤੇ ਕੀਤਾ ਜਾਂਦਾ ਰਹੇਗਾ ਅਤੇ ਅਕਾਲੀ ਵਰਕਰ, ਸੰਗਤ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਸੁਖਬੀਰ ਧੜੇ ਨੂੰ ਮਾਨਤਾ ਨਹੀਂ ਦੇਵੇਗੀ। ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ ਸੰਗਤ ਨੂੰ ਨਾਲ ਲੈਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਵੱਡਾ ਇਕੱਠ ਕਰਕੇ ਸਾਰੀਆਂ ਪੰਥਕ ਧਿਰਾਂ ਨੂੰ ਨਾਲ ਲੈਕੇ ਇਸ ਸਾਜਿਸ਼ ਖਿਲਾਫ ਮੋਰਚਾਬੰਦੀ ਕੀਤੀ ਜਾਵੇਗੀ।