ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਜੇਲ ਭੇਜਣ ਦੇ ਹੁਕਮ ਦਿੱਤੇ, ਅੱਜ ਸੁਣਾਈ ਜਾਵੇਗੀ ਸਜਾ
ਐੱਸ.ਏ.ਐੱਸ. ਨਗਰ : 1992 ਵਿੱਚ ਦੋ ਨੌਜਵਾਨਾਂ ਨੂੰ ਅਗਵਾ ਕਰਕੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਅਤੇ ਲਾਸ਼ਾਂ ਨੂੰ ਅਣਪਛਾਤੇ ਦੱਸ ਕੇ ਸਸਕਾਰ ਕਰਨ ਦੇ ਮਾਮਲੇ ਵਿੱਚ ਸੀ. ਬੀ. ਆਈ ਦੇ ਸਪੈਸ਼ਲ ਜੱਜ ਰਾਕੇਸ਼ ਗੁਪਤਾ ਦੀ ਅਦਾਲਤ ਵਲੋਂ ਸੀ. ਬੀ. ਆਈ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਸ ਸਮੇਂ ਦੇ ਥਾਣਾ ਸਿਟੀ ਤਰਨਤਾਰਨ ਦੇ ਇੰਚਾਰਜ ਰਹੇ ਗੁਰਬਚਨ ਸਿੰਘ, ਏ. ਐਸ. ਆਈ ਰੇਸ਼ਮ ਸਿੰਘ ਅਤੇ ਪੁਲੀਸ ਕਰਮਚਾਰੀ ਹੰਸ ਰਾਜ ਸਿੰਘ ਨੂੰ ਧਾਰਾ 302 ਅਤੇ 120ਬੀ ਵਿੱਚ ਦੋਸ਼ੀ ਕਰਾਰ ਦਿੰਦਿਆ ਤਿੰਨਾ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਜੇਲ ਭੇਜਣ ਦੇ ਹੁਕਮ ਦਿੱਤੇ ਹਨ।ਸੀ.ਬੀ.ਆਈ ਅਦਾਲਤ ਵਲੋਂ ਤਿੰਨਾ ਦੋਸ਼ੀਆਂ ਨੂੰ ਭਲਕੇ ਮੰਗਲਵਾਰ ਸਜਾ ਸੁਣਾਈ ਜਾਵੇਗੀ। ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਮੁਲਜਮ ਪੁਲੀਸ ਕਰਮਚਾਰੀ ਅਰਜੁਨ ਸਿੰਘ ਦੀ ਦਸੰਬਰ 2021 ਵਿੱਚ ਮੌਤ ਹੋ ਗਈ ਸੀ ਅਤੇ ਉਸ ਵਿਰੁੱਧ ਕਾਰਵਾਈ ਬੰਦ ਕਰ ਦਿੱਤੀ ਗਈ ਸੀ।
ਜਾਣਕਾਰੀ ਅਨੁਸਾਰ ਸੀ.ਬੀ.ਆਈ ਵਲੋਂ ਅਦਾਲਤ ਵਿੱਚ ਦਾਇਰ ਕੀਤੀ ਗਈ ਚਾਰਜਸ਼ੀਟ ਮੁਤਾਬਕ ਜਗਦੀਪ ਸਿੰਘ ਉਰਫ ਮੱਖਣ ਨੂੰ ਐਸ.ਐਚ.ਓ ਗੁਰਬਚਨ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਅਗਵਾ ਕਰ ਲਿਆ ਸੀ। ਅਗਵਾ ਕਰਨ ਤੋਂ ਪਹਿਲਾਂ ਪੁਲੀਸ ਨੇ ਘਰ ਵਿੱਚ ਗੋਲੀ ਚਲਾਈ ਅਤੇ ਗੋਲੀ ਵੱਜਣ ਕਾਰਨ ਮੱਖਣ ਦੀ ਸੱਸ ਸਵਿੰਦਰ ਕੌਰ ਦੀ ਮੌਤ ਹੋ ਗਈ, ਇਹ ਘਟਨਾ 18.11.1992 ਦੀ ਹੈ। ਇਸੇ ਤਰ੍ਹਾਂ ਗੁਰਨਾਮ ਸਿੰਘ ਉਰਫ ਪਾਲੀ ਨੂੰ ਐਸ.ਐਚ.ਓ ਗੁਰਬਚਨ ਸਿੰਘ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ 21.11.1992 ਨੂੰ ਉਸਦੇ ਘਰੋਂ ਅਗਵਾ ਕਰ ਲਿਆ ਸੀ। ਗੁਰਨਾਮ ਸਿੰਘ ਉਰਫ ਪਾਲੀ ਅਤੇ ਜਗਦੀਪ ਸਿੰਘ ਉਰਫ ਮੱਖਣ ਨੂੰ 30.11.1992 ਨੂੰ ਗੁਰਬਚਨ ਸਿੰਘ ਦੀ ਅਗਵਾਈ ਹੇ ਠਲੀ ਪੁਲੀਸ ਪਾਰਟੀ ਨੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ ਅਤੇ ਇਸ ਸਬੰਧੀ ਪੰਜਾਬ ਪੁਲੀਸ ਨੇ ਐਫ.ਆਈ.ਆਰ ਨੰਬਰ 130/92 ਦਰਜ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਐਸ. ਐਚ. ਓ ਗੁਰਬਚਨ ਸਿੰਘ ਸਮੇਤ ਹੋਰ ਦੋਸ਼ੀ ਵਿਅਕਤੀਆਂ ਅਤੇ ਪੁਲੀਸ ਅਧਿਕਾਰੀਆਂ ਨੇ 30.11.1992 ਦੀ ਸਵੇਰ ਨੂੰ ਗਸ਼ਤ ਕਰਦੇ ਸਮੇਂ ਇੱਕ ਨੌਜਵਾਨ ਨੂੰ ਇੱਕ ਗੱਡੀ ਵਿਚ ਘੁੰਮਦਾ ਦੇਖਿਆ ਅਤੇ ਨੂਰ ਦੀ ਅੱਡਾ, ਤਰਨਤਾਰਨ ਨੇੜੇ ਉਕਤ ਵਿਅਕਤੀ ਨੂੰ ਸ਼ੱਕੀ ਢੰਗ ਨਾਲ ਕਾਬੂ ਕੀਤਾ, ਜਿਸ ਨੇ ' ਆਪਣੀ ਪਛਾਣ ਗੁਰਨਾਮ ਸਿੰਘ ਉਰਫ ਪਾਲੀ ਵਜੋਂ ਦੱਸੀ ਅਤੇ ਪੁੱਛਗਿੱਛ ਦੌਰਾਨ ਉਸ ਨੇ ਰੇਲਵੇ ਰੋਡ, ਟੀਟੀ ਅਤੇ ਗੁਰਨਾਮ ਸਥਿਤ ਦਰਸ਼ਨ ਸਿੰਘ ਦੇ ਪ੍ਰੋਵੀਜ਼ਨ ਸਟੋਰ ਵਿਚ ਹੈਂਡ ਗੇ ਨੇਡ ਸੁੱਟਣ ਵਿਚ ਆਪਣੀ ਸ਼ਮੂਲੀਅਤ ਕਬੂਲ ਕੀਤੀ।
ਪੁਲੀਸ ਵਲੋਂ ਗੁਰਨਾਮ ਸਿੰਘ ਪਾਲੀ ਨੂੰ ਬੇਹਲਾ ਬਾਗ ਵਿਚ ਕਥਿਤ ਤੌਰ ਤੇ ਛੁਪਾਏ ਗਏ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਲਈ ਲਿਜਾਇਆ ਗਿਆ ਤਾਂ ਬਾਗ ਦੇ ਅੰਦਰੋਂ ਖਾੜਕੂਆਂ ਨੇ ਪੁਲੀਸ ਪਾਰਟੀ ਤੇ ਗੋਲੀਬਾਰੀ ਕਰ ਦਿੱਤੀ ਅਤੇ ਪੁਲੀਸ ਫੋਰਸ ਨੇ ਸਵੈ-ਰੱਖਿਆ ਵਿਚ ਜਵਾਬੀ ਕਾਰਵਾਈ ਕੀਤੀ। ਗੁਰਨਾਮ ਸਿੰਘ ਉਰਫ ਪਾਲੀ ਬਚਣ ਦੀ ਨੀਅਤ ਨਾਲ ਆਉਣ ਵਾਲੀਆਂ ਗੋਲੀਆਂ ਦੀ ਦਿਸ਼ਾ ਵੱਲ ਭੱਜਿਆ ਪਰ ਕਰਾਸ ਫਾਇਰਿੰਗ ਵਿਚ ਮਾਰਿਆ ਗਿਆ। ਉਕਤ ਐਫ. ਆਈ. ਆਰ ਵਿਚ ਅੱਗੇ ਦਿਖਾਇਆ ਗਿਆ ਕਿ ਬਾਗ ਦੀ ਤਲਾਸ਼ੀ ਲੈਣ ਤੇ ਜਗਦੀਪ ਸਿੰਘ ਉਰਫ ਮੱਖਣ ਵਜੋਂ ਪਛਾਣ ਕੀਤੇ ਗਏ ਇਕ ਮਾਰੇ ਗਏ ਖਾੜਕੂ ਦੀ ਲਾਸ਼ ਵੀ ਬਰਾਮਦ ਹੋਈ। ਦੋਵਾਂ ਲਾਸ਼ਾਂ ਦਾ ਸਸਕਾਰ ਸ਼ਮਸ਼ਾਨਘਾਟ ਵਿਚ 'ਲਾਵਾਰਿਸ' ਕਹਿ ਕੇ ਕੀਤਾ ਗਿਆ ।
ਦੱਸਣਯੋਗ ਹੈ ਕਿ ਮ੍ਰਿਤਕ ਜਗਦੀਪ ਸਿੰਘ ਮੱਖਣ ਪੰਜਾਬ ਪੁਲੀਸ ਵਿੱਚ ਸਿਪਾਹੀ ਸੀ ਅਤੇ ਮ੍ਰਿਤਕ ਗੁਰਨਾਮ ਸਿੰਘ ਪਾਲੀ ਪੰਜਾਬ ਪੁਲੀਸ ਵਿੱਚ ਐਸ. ਪੀ. ਓ ਸੀ । ਸੀ. ਬੀ. ਆਈ ਵਲੋਂ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ ਦੱਸਿਆ ਗਿਆ ਸੀ ਕਿ ਉਕਤ ਪੁਲੀਸ ਵਾਲਿਆਂ ਨੇ ਸਾਲ 1992 ਦੌਰਾਨ ਥਾਣਾ ਤਰਨਤਾਰਨ ਦੇ ਏਰੀਏ ਵਿੱਚ ਉਸ ਸਮੇ ਦੇ ਥਾਣਾ ਸਿਟੀ ਤਰਨਤਾਰਨ ਦੇ ਐਸ.ਐਚ.ਓ ਗੁਰਬਚਨ ਸਿੰਘ, ਏ ਐਸ.ਆਈ ਰੇਸ਼ਮ ਸਿੰਘ, ਹੰਸ ਰਾਜ ਸਿੰਘ ਅਤੇ ਅਰਜੁਨ ਸਿੰਘ ਨੇ ਹੋਰ ਪੁਲੀਸ ਅਧਿਕਾਰੀਆਂ ਨਾਲ ਮਿਲ ਕੇ 2 ਅਪਰਾਧਿਕ ਸਾਜ਼ਿਸ਼ਾ ਰਚ ਕੇ ਗੈਰ- ਕਾਨੂੰਨੀ ਕਾਰਵਾਈ ਕੀਤੀ ਸੀ। ਸ਼ੁਰੂ ਵਿਚ ਸੀ.ਬੀ. ਵਲੋਂ ਮਾਮਲਾ ਦਰਜ ਕਰਕੇ ਪ੍ਰੀਤਮ ਸਿੰਘ, ਮਸੀਤ ਵਾਲੀ ਗਲੀ ਨੂਰ ਦੀ ਬਾਜ਼ਾਰ ਦੇ ਬਿਆਨ ਦਰਜ ਕੀਤੇ ਸਨ। ਇਸ ਤੋਂ ਬਾਅਦ ਸੀ.ਬੀ.ਆਈ ਨੇ 27.02.1997 ਨੂੰ ਗੁਰਬਚਨ ਸਿੰਘ ਅਤੇ ਹੋਰਾਂ ਵਿਰੁੱਧ 364/302/34 ਦੇ ਤਹਿਤ ਕੇਸ ਦਰਜ ਕੀਤਾ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਗੁਰਬਚਨ ਸਿੰਘ ਅਤੇ ਹੋਰਨਾਂ ਵਿਰੁੱਧ ਚਾਰਜਸ਼ੀਟ ਪੇਸ਼ ਕੀਤੀ।ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਲੋਂ ਅਣਪਛਾਤੀਆਂ ਲਾਸ਼ਾ ਦੱਸ ਕੇ ਸੰਸਕਾਰ ਕਰਨ ਦੇ ਮਮਾਲੇ ਵਿੱਚ ਜਾਂਚ ਦੇ ਹੁਕਮ ਦਿੱਤੇ ਸਨ।