ਚੰਡੀਗੜ੍ਹ: ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਵਿਚ ਪਾਟੋਧਾੜ ਹੋਏ ਦੋਵਾਂ ਧੜਿਆਂ ਦੇ ਲੀਡਰਾਂ ਨੂੰ ਫੋਨ ਕਰਕੇ ਸ਼ਾਂਤ ਰਹਿਣ ਲਈ ਕਿਹਾ ਸੀ ਪਰ ਇਸ ਦੇ ਬਾਵਜੂਦ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਕੈਪਟਨ ਸਰਕਾਰ ਉੱਪਰ ਹਮਲੇ ਜਾਰੀ ਹਨ। ਹੁਣ ਨਵਜੋਤ ਸਿੱਧੂ ਨੇ ਕਾਂਗਰਸੀ ਵਿਧਾਇਕਾਂ ਨੂੰ ਆਖਿਆ ਹੈ ਕਿ ਉਹ ਦਿੱਲੀ ਜਾਣ ਤੇ ਕਾਂਗਰਸ ਹਾਈ ਕਮਾਂਡ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਉਣ।
ਉਨ੍ਹਾਂ ਹੁਣ ਟਵੀਟਰ ਉਤੇ ਲਿਖਿਆ ਹੈ ਕਿ 2019 ਦੀਆਂ ਚੋਣਾਂ ਵੇਲੇ ਉਨ੍ਹਾਂ ਚੋਣ ਪ੍ਰਚਾਰ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਖਿਲਾਫ ਕਾਰਵਾਈ ਤੇ ਪੀੜਤਾਂ ਨੂੰ ਨਿਆਂ ਦੇਣ ਦੀ ਮੰਗ ਨਾਲ ਸ਼ੁਰੂ ਕੀਤਾ ਸੀ। ਇਸੇ ਮੰਗ ਨਾਲ ਹੀ ਪ੍ਰਚਾਰ ਖਤਮ ਕੀਤਾ ਸੀ। ਉਹ ਉਸ ਵੇਲੇ ਤੋਂ ਲਗਾਤਾਰ ਇਸ ਮਾਮਲੇ ਵਿਚ ਨਿਆਂ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ ਪਰ ਇੱਕ ਵਿਅਕਤੀ ਉਨ੍ਹਾਂ ਨੂੰ ਬਚਾਅ ਰਿਹਾ ਹੈ।
ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਸਾਬਕਾ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਅਸਿੱਧਾ ਹੱਲਾ ਬੋਲਦਿਆਂ ਕਿਹਾ ਕਿ ਇਸ ਸਮੇਂ ਅਜਿਹੇ ਨੇਤਾਵਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਜੋ ਹਮੇਸ਼ਾ ਮੌਕੇ ਦੀ ਭਾਲ 'ਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਲੋਕਾਂ ਨੂੰ ਕੋਵਿਡ-19 ਦੇ ਕਹਿਰ ਤੋਂ ਬਚਾਉਣਾ ਹੈ ਤੇ ਇਸ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਦੇ ਇਰਾਦੇ ਲੋਕ ਹਿੱਤ ਨਹੀਂ ਕਹੇ ਜਾ ਸਕਦੇ।
ਸੁਨੀਲ ਜਾਖੜ ਨੇ ਕਿਹਾ ਕਿ ਹਾਈ ਕੋਰਟ ਦੇ ਸਿੱਟ ਦੀ ਜਾਂਚ ਸਬੰਧੀ ਆਏ ਫ਼ੈਸਲੇ ਤੋਂ ਬਾਅਦ ਬੇਸ਼ੱਕ ਲੋਕਾਂ ਦੇ ਮਨਾਂ ਵਿੱਚ ਇਸ ਕੇਸ ਨੂੰ ਲੈ ਕੇ ਫਿਕਰਾਂ ਪੈਦਾ ਹੋਈਆਂ ਹਨ ਪਰ ਪੰਜਾਬ ਸਰਕਾਰ ਤੇ ਕਾਂਗਰਸ ਹਾਈ ਕਮਾਂਡ ਇਸ ਮੁੱਦੇ ਨੂੰ ਲੈ ਕੇ ਪੂਰੀ ਗੰਭੀਰ ਹੈ ਤੇ ਇਸ ਕੇਸ ਵਿੱਚ ਇਨਸਾਫ ਲਾਜ਼ਮੀ ਹੋਵੇਗਾ।