ਸੁਨਾਮ : ਜੰਮੂ ਵਿਖੇ ਫਰਵਰੀ ਮਹੀਨੇ ਵਿੱਚ ਹੋਣ ਜਾ ਰਹੀਆਂ ਕੌਮੀ ਸਕੂਲੀ ਖੇਡਾਂ ਵਿੱਚ ਪੰਜਾਬ ਦੀ ਕਬੱਡੀ ਦੀ ਟੀਮ ਵਿੱਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਜਖੇਪਲ ਦੇ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਦੋ ਖਿਡਾਰੀਆਂ ਖੁਸ਼ਵਿੰਦਰ ਸਿੰਘ ਜੱਸਲ ਅਤੇ ਮਨਿੰਦਰ ਸਿੰਘ ਦੀ ਚੋਣ ਹੋਈ ਹੈ। ਦੱਸਣਯੋਗ ਹੈ ਕਿ ਇਹ ਦੋਵੇਂ ਖਿਡਾਰੀ ਸਟੇਟ ਪੱਧਰੀ ਖੇਡਾਂ ਵਿੱਚ ਪੰਜਾਬ ਦੀ ਕੱਬਡੀ ਦੀ ਟੀਮ ਵਜੋਂ ਮੇਜ਼ਬਾਨੀ ਕਰ ਚੁੱਕੇ ਹਨ ਜਦਕਿ ਖਿਡਾਰੀ ਖੁਸ਼ਵਿੰਦਰ ਸਿੰਘ ਜੱਸਲ ਪਹਿਲਾਂ ਵੀ ਅੰਡਰ-14 ਦੇ ਕਬੱਡੀ ਵਿੱਚ ਨੈਸ਼ਨਲ ਖੇਡ ਚੁੱਕਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਮਮਤਾ, ਮੈਨੇਜਿੰਗ ਡਾਇਰੈਕਟਰ ਹਰੀਸ਼ ਗੱਖੜ ਅਤੇ ਕੋਚ ਗੁਰਧਿਆਨ ਸਿੰਘ ਨੇ ਦੱਸਿਆ ਕਿ ਅੰਡਰ-14 ਦੇ ਨੈਸ਼ਨਲ ਕੱਬਡੀ ਮੁਕਾਬਲੇ ਜੋ ਕਿ ਮਹਾਰਾਸ਼ਟਰ (ਮੁੰਬਈ) ਵਿੱਚ ਹੋਏ ਸਨ, ਜਿਸ ਵਿੱਚ ਪੰਜਾਬ ਅੰਡਰ-14 ਦੀ ਟੀਮ ਨੇ ਕੇਰਲਾ ਅਤੇ ਦਿੱਲੀ ਨੂੰ ਹਰਾਉਣ ਤੋਂ ਬਾਅਦ ਆਂਧਰਾ ਪ੍ਰਦੇਸ਼ ਨਾਲ 38-38 ਟਾਈ ਹੋਣ ਤੋਂ ਬਾਅਦ ਐਕਸਟਰਾ ਟਾਈਮ ਵਿੱਚ ਪੰਜਾਬ ਦੀ ਟੀਮ ਹਾਰ ਗਈ ਸੀ ਜਿਸ ਵਿੱਚ ਖਿਡਾਰੀ ਖੁਸ਼ਵਿੰਦਰ ਸਿੰਘ ਜੱਸਲ ਪੰਜਾਬ ਦੀ ਪਲੇਇੰਗ ਟੀਮ ਦਾ ਖਿਡਾਰੀ ਸੀ ਅਤੇ ਹੁਣ ਅੰਡਰ-16 ਦੇ ਸਬ-ਜੂਨੀਅਰ ਸਕੂਲ ਗੇਮਸ ਜੋਕਿ ਜੰਮੂ ਵਿਖੇ 26 ਤੋਂ 28 ਫਰਵਰੀ ਨੂੰ ਹੋਣ ਜਾ ਰਹੀਆਂ ਹਨ, ਵਿੱਚ ਪੰਜਾਬ ਦੀ ਕੱਬਡੀ ਦੀ ਟੀਮ ਵਿੱਚ ਮਨਿੰਦਰ ਸਿੰਘ ਪੁੱਤਰ ਰਾਮ ਸਿੰਘ ਉਗਰਾਹਾਂ ਅਤੇ ਖੁਸ਼ਵਿੰਦਰ ਸਿੰਘ ਜੱਸਲ ਪੁੱਤਰ ਸਤਿਗੁਰ ਸਿੰਘ ਉਗਰਾਹਾਂ ਦੀ ਚੋਣ ਹੋਈ ਹੈ। ਦੱਸਣਯੋਗ ਹੈ ਕਿ ਅੰਡਰ-16 ਪੰਜਾਬ ਦੀ ਕਬੱਡੀ ਟੀਮ ਵਿੱਚ ਜ਼ਿਲ੍ਹਾ ਸੰਗਰੂਰ ਤੋਂ ਇਹਨਾਂ ਦੋਵੇਂ ਖਿਡਾਰੀਆਂ ਖੁਸ਼ਵਿੰਦਰ ਸਿੰਘ ਜੱਸਲ ਅਤੇ ਮਨਿੰਦਰ ਸਿੰਘ ਦੀ ਹੀ ਚੋਣ ਹੋਈ ਹੈ ਜੋਕਿ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਦੇ ਵਿਦਿਆਰਥੀ ਹਨ। ਮੈਡਮ ਪ੍ਰਿੰਸੀਪਲ ਮਮਤਾ ਗੱਖੜ ਨੇ ਇਹਨਾਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਜੋ ਬੱਚੇ ਉਚਾਈਆਂ ਪ੍ਰਾਪਤ ਕਰ ਲੈਂਦੇ ਹਨ ਉਹਨਾਂ ਦੀ ਤਰੱਕੀ ਵਿੱਚ ਕੋਈ ਵੀ ਅੜਚਨ ਨਹੀਂ ਆਉਂਦੀ ਉਹ ਹਮੇਸ਼ਾ ਆਪਣੀ ਮੰਜਿਲ ਨੂੰ ਫਤਿਹ ਕਰਕੇ ਹੀ ਰਹਿੰਦੇ ਹਨ। ਉਹਨਾਂ ਕਿਹਾ ਕਿ ਇਹ ਖਿਡਾਰੀ ਵੀ ਪੰਜਾਬ ਦੀ ਟੀਮ ਦਾ ਹਿੱਸਾ ਬਣ ਕੇ ਕਬੱਡੀ ਦੀ ਖੇਡ ਨੂੰ ਸਿਖਰਾਂ ਤੱਕ ਲੈ ਕੇ ਜਾਣਗੇ।