Monday, March 03, 2025
BREAKING NEWS
ਹਰਪਾਲ ਸਿੰਘ ਚੀਮਾ ਵੱਲੋਂ ਨਸ਼ਾ ਤਸਕਰਾਂ ਨੂੰ ਆਖਰੀ ਚੇਤਾਵਨੀ: ਨਸ਼ਾ ਤਸਕਰੀ ਛੱਡ ਦਿਓ ਜਾਂ ਪੰਜਾਬ ਛੱਡੋਐਨ.ਓ.ਸੀ. ਤੋਂ ਬਿਨਾਂ ਪਲਾਟਾਂ ਦੀ ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 31 ਅਗਸਤ ਤੱਕ ਵਧਾਈਟਰੰਪ ਦੇ ਨਵੇਂ ਗੋਲਡ ਕਾਰਡ ਸਕੀਮ ’ਚ 50 ਲੱਖ ਡਾਲਰ ਦੀ ਮਿਲੇਗੀ ਅਮਰੀਕੀ ਨਾਗਰਿਕਤਾ AAP ਨੇ ਲੁਧਿਆਣਾ ਪੱਛਮੀ ਉਪ ਚੋਣ ਲਈ MP ਸੰਜੀਵ ਅਰੋੜਾ ਨੂੰ ਐਲਾਨਿਆ ਉਮੀਦਵਾਰਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਦੇ ਖ਼ਿਲਾਫ਼ ਨਗਰ ਨਿਗਮ ਮੋਹਾਲੀ ਵੱਲੋਂ ਸਖਤ ਕਾਰਵਾਈ ਫੇਸ-1 ਵਿੱਚ ਸ਼ੋਅਰੂਮ ਸੀਲ ਨਵੇਂ ਡੀ ਸੀ ਨੇ ਸਟਾਫ਼ ਨਾਲ ਜਾਣ-ਪਛਾਣ ਮੀਟਿੰਗ ਕੀਤੀਕੋਮਲ ਮਿੱਤਲ ਨੇ ਐਸ.ਏ.ਐਸ.ਨਗਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆਅੱਤਵਾਦੀਆਂ ਨੇ ਬਲੋਚਿਸਤਾਨ ‘ਚ ਬੱਸ ‘ਤੇ ਕੀਤਾ ਹਮਲਾਦਿੱਲੀ ਦੇ CM ਵਜੋਂ ਰੇਖਾ ਗੁਪਤਾ ਨੇ ਚੁੱਕੀ ਸਹੁੰ ਡਿਪਟੀ ਕਮਿਸ਼ਨਰ ਨੇ ਸਟਾਰ ਇਨਫੋਟੈੱਕ ਦਾ ਲਾਇਸੈਂਸ ਕੀਤਾ ਰੱਦ

Articles

“ਥਪੇੜੇ”

February 11, 2025 04:36 PM
Amarjeet Cheema (Writer from USA)

ਕੋਈ ਤਿੰਨ ਕੁ ਸਾਲ ਪਹਿਲਾਂ ਮੇਰੇ ਇੱਕ ਰਿਸ਼ਤੇਦਾਰ ਨੇ ਮੁੰਡੇ ਨੂੰ ਅਮਰੀਕਾ ਭੇਜਣ ਲਈ 25 ਕੁ-ਲੱਖ ਰੁਪੱਈਆਂ ਦੀ ਮੰਗ ਕੀਤੀ। ਮੈਂ ਕਾਫ਼ੀ ਨਾਂਹ ਨੁੱਕਰ ਕੀਤੀ, ਅੱਜ ਪੱਜ ਪਾਏ ਕਿ ਮੇਰੇ ਕੋਲ ਪੈਸੇ ਨਹੀਂ ਹਨ, ਮਸੀਂ ਆਪਣੇ ਘਰ ਦਾ ਗੁਜ਼ਾਰਾ ਚੱਲਦਾ ਹੈ ਪਰ ਉਹ ਨਾ ਮੰਨਿਆਂ। ਲੱਗਿਆਂ ਮਿੰਨਤਾਂ, ਤਰਲੇ ਪਾਉਣ ਕਿ ਮੈਂ ਤੇਰੇ ਪੈਸੇ ਸਣੇ ਵਿਆਜ਼ ਮੌੜ ਦੇਵਾਂਗਾ।

ਮੈਂ ਤੇਰਾ ਗੁਣ ਸਾਰੀ ਉਮਰ ਨਹੀਂ ਭੁਲਾਵਾਂਗਾ। ਸਾਰੀ ਉਮਰ ਮੇਰਾ ਟੱਬਰ ਤੇਰੇ ਪੈਰ ਧੋ ਧੋ ਪੀਵੇਗਾ। ਇਸ ਵਕਤ ਤੂੰ ਹੀ ਮੇਰਾ ਸਹਾਰਾ ਬਣ ਸਕਦਾ ਹੈ। ਅੱਜ ਤੇਰੇ ਤੋਂ ਬਗ਼ੈਰ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ। ਲੋੜ ਵੇਲੇ ਆਪਣੇ ਰਿਸ਼ਤੇਦਾਰ ਤਕਰੀਬਨ ਇਹੋ ਜਿਹੇ ਡਰਾਮੇ ਹੀ ਖੇਡਦੇ ਨੇ ਤੇ ਮਤਲਬ ਨਿੱਕਲ ਜਾਣ ਬਾਦ ਟਿੱਚ ਨਹੀਂ ਜਾਣਦੇ। ਮਤਲਬ ਹੋਵੇ ਤਾਂ ਖੋਤੇ ਨੂੰ ਵੀ ਪਿਉਂ ਬਣਾ ਲੈਂਦੇ ਨੇ ਤੇ ਮਤਲਬ ਨਿੱਕਲਣ ਤੋਂ ਬਾਦ ਪਿਉ ਨੂੰ ਵੀ ਖੋਤਾ ਕਹਿ ਦਿੰਦੇ ਨੇ। ਖ਼ੈਰ ਤਰਸ ਖਾ ਕੇ ਮੈਂ ਆਪਣੀ ਬੈਂਕ ਤੋਂ ਵਿਆਜੂ ਕਰਜ਼ਾ ਲੈ ਕੇ ਪੈਸੇ ਭੇਜ ਦਿੱਤੇ। ਪੈਸੇ ਮਿਲ ਗਏ ਤਾਂ ਕਹਿੰਦੇ ਕਿ ਅੱਜ ਤੋਂ ਤੂੰ ਹੀ ਸਾਡਾ ਰੱਬ ਹੈ ਤੇ ਤੇਰਾ ਨਿੱਕਾ ਨਿੱਕਾ ਪੈਸਾ ਸਣੇ ਵਿਆਜ ਮੋੜਾਂਗੇ।
ਛੇ ਕੁ-ਮਹੀਨੇ ਘੁੰਮਦਾ ਫਿਰਦਾ ਮੁੰਡਾ ਮੈਕਸੀਕੋ ਪਹੁੰਚ ਗਿਆ ਤੇ ਇੱਥੋਂ ਦੇ ਨਵੇਂ ਏਜੰਟ ਨੇ ਹੋਰ ਪੈਸੇ ਦੀ ਮੰਗ ਕੀਤੀ ਕਿਉਂਕਿ ਪਹਿਲੇ ਪੈਸੇ ਪੁਰਾਣਾ ਏਜੰਟ ਹਜ਼ਮ ਕਰ ਗਿਆ। ਮੈਨੂੰ ਮੁੰਡੇ ਦਾ ਫੋਨ ਆਇਆ ਕਿ ਮਾਸੜ ਜੀ ਏਜੰਟ ਦਸ ਹਜ਼ਾਰ ਡਾਲਰ ਦੀ ਮੰਗ ਕਰਦਾ ਹੈ। ਜੇ ਪੈਸੇ ਨਾ ਦਿੱਤੇ ਤਾਂ ਉਹ ਕਹਿੰਦਾ ਹੈ ਕਿ ਗੋਲ਼ੀ ਮਾਰਕੇ ਜੰਗਲ ਵਿੱਚ ਸੁੱਟ ਦਊਂ। ਮਾਸੜ ਜੀ ਇੱਥੇ ਬੰਦੇ ਦੀ ਕੁੱਤੇ ਜਿੰਨੀ ਕਦਰ ਨਹੀਂ। ਮਿਹਰਬਾਨੀ ਕਰਕੇ ਮੈਨੂੰ ਬਚਾ ਲਉ ਤੇ ਲੱਗ ਪਿਆ ਉੱਚੀ ਉੱਚੀ ਕੀਰਨੇ ਪਾਉਣ।
ਪੰਜਾਬ ਤੋਂ ਵੀ ਸਾਂਢੂ ਦਾ ਫੋਨ ਆਵੇ ਕਿ ਇਹ ਹੁਣ ਮੇਰਾ ਮੁੰਡਾ ਨਹੀਂ ਸਗੋਂ ਤੇਰਾ ਹੀ ਮੁੰਡਾ ਹੈ ਤੇ ਇਸ ਨੂੰ ਜਿਸ ਤਰਾਂ ਮਰਜ਼ੀ ਪਾਰ ਲੰਘਾ। ਸਾਲ਼ੀ ਫ਼ੋਨ ਤੇ ਉੱਚੀ ਉੱਚੀ ਕੀਰਨੇ ਪਾਈ ਜਾਵੇ ਕਿ ਭਾਜੀ ਇਹ ਤੁਹਾਡਾ ਹੀ ਬੱਚਾ ਹੈ, ਹੁਣ ਇਸ ਨੂੰ ਕਿਸੇ ਤਰਾਂ ਬਚਾ ਲਵੋ ਨਹੀਂ ਤਾਂ ਏਜੰਟ ਮਾਰ ਕੇ ਦਰਿਆ ਵਿੱਚ ਸੁੱਟ ਦੇਵੇਗਾ। ਉੱਧਰੋਂ ਘਰਵਾਲੀ ਤੇ ਮੇਰੇ ਨਿਆਣੇ ਮੇਰੇ ਨਾਲ ਕਲ਼ੇਸ਼ ਕਰਨ ਪਈ ਤੂੰ ਸਾਰਾ ਘਰ ਉਜਾੜ ਦੇਣ ਲੱਗਾ, ਅਸੀਂ ਕਿਸ ਤਰ੍ਹਾਂ ਗੁਜ਼ਾਰਾ ਕਰਾਂਗੇ ? ਅਸੀਂ ਆਪਣੇ ਸਕੂਲਾਂ ਦੀਆਂ ਫ਼ੀਸਾਂ ਕਿੱਥੋਂ ਦੇਵਾਂਗੇ
ਮੈਂ ਬੜੀ ਬੁਰੀ ਤਰਾਂ ਫਸ ਗਿਆ। ਘਰਦਿਆਂ ਤੋਂ ਬਾਹਰੇ ਹੋ ਕੇ ਮੈਂ ਫ਼ਿਰ ਏਜੰਟ ਨੂੰ 10 ਹਜ਼ਾਰ ਡਾਲਰ ਭੇਜ ਦਿੱਤੇ। ਏਜੰਟ ਨੂੰ ਪੈਸੇ ਮਿਲਣ ਤੇ ਭਾਣਜੇ, ਸਾਂਢੂ, ਸਾਲ਼ੀ ਸਾਰਿਆਂ ਨੂੰ ਸੁੱਖ ਦਾ ਸਾਹ ਆ ਗਿਆ। ਕੁੱਝ ਦਿਨਾਂ ਬਾਦ ਏਜੰਟ ਨੇ ਮੁੰਡੇ ਨੂੰ ਤਿਜਾਨਾ ਬਾਰਡਰ ਰਾਹੀਂ ਕੰਧ ਟਪਾ ਕੇ ਅਮਰੀਕਾ ਅੰਦਰ ਭੇਜ ਦਿੱਤਾ। ਉੱਥੇ ਪੁਲਿਸ ਨੇ ਫੜਕੇ, ਪੇਪਰ ਵਗੈਰਾ ਤਿਆਰ ਕਰਕੇ ਜੇਲ੍ਹ ਅੰਦਰ ਭੇਜ ਦਿੱਤਾ। ਹੁਣ ਮੁੰਡੇ ਦਾ ਜੇਲ੍ਹ ਤੋਂ ਫੋਨ ਆਵੇ ਕਿ ਮਾਸੜ ਜੀ, ਹੁਣ ਬੌਂਡ ਭਰਨਾ ਪੈਣਾ ਹੈ ਤੇ ਫ਼ਿਰ ਮੈਨੂੰ ਜੇਲ੍ਹ ਚੋਂ ਛੱਡਣਗੇ। ਜਿੱਥੇ ਇੰਨਾ ਕੀਤਾ ਹੈ, ਹੁਣ ਹੋਰ ਕਰੋ ਤੇ ਮੈਨੂੰ ਛੁਡਾਓ। ਇਹ ਕਹਿਕੇ ਉਹਨੇ ਮੈਕਸੀਕੋ ਏਜੰਟ ਨੂੰ ਫ਼ੋਨ ਫ਼ੜਾ ਦਿੱਤਾ ਤੇ ਉਹ ਕਹਿੰਦਾ ਕਿ ਦਸ ਹਜ਼ਾਰ ਡਾਲਰ ਭੇਜ ਦਿਉਂ ਤੇ ਤੁਹਾਡੇ ਮੁੰਡੇ ਨੂੰ ਰਿਹਾ ਕਰਾਕੇ ਤੁਹਾਡੇ ਅਡਰੈੱਸ ਤੇ ਭੇਜ ਦਿਆਂਗੇ। ਮੈਂ ਕਿਹਾ ਕਿ ਮੈਂ ਪਹਿਲਾਂ ਵੀ ਦਸ ਹਜ਼ਾਰ ਡਾਲਰ ਭੇਜਿਆ ਸੀ ਮੈਕਸੀਕੋ ਵਿੱਚ ਤੇ ਉਹ ਕਹਿੰਦਾ ਕਿ ਉਹ ਉਸ ਏਜੰਟ ਦਾ ਕੰਮ ਸੀ ਤੇ ਹੁਣ ਮੇਰਾ ਕੰਮ ਵੱਖਰਾ ਹੈ। ਅੱਛਾ ਕੌੜਾ ਘੁੱਟ ਭਰਕੇ ਇਹ ਪੈਸੇ ਵੀ ਭੇਜ ਦਿੱਤੇ ਤੇ ਮੁੰਡਾ ਮੇਰੇ ਕੋਲ ਆ ਗਿਆ। ਮੁੰਡਾ ਭੁੱਖ ਨਾਲ ਮਰਿਆ ਪਿਆ ਸੀ, ਲੱਗੇ ਜਿਵੇਂ ਵਿੱਚ ਜਾਨ ਹੈ ਹੀ ਨਹੀਂ ਸੀ। ਕੁੱਝ ਸਮਾਂ ਕੋਲ ਰੱਖਿਆ, ਬਦਾਮ ਵਗੈਰਾ ਚਾਰੇ, ਤਕੜਾ ਕੀਤਾ ਤੇ ਰੈਸਟੋਰੈਂਟ ਵਿੱਚ ਕੰਮ ਤੇ ਲੁਆ ਦਿੱਤਾ ਤੇ ਰਿਹਾਇਸ਼ ਵੀ ਰੈਸਟੋਰੈਂਟ ਤੇ ਕਰਾ ਦਿੱਤੀ। ਛੁੱਟੀ ਵਾਲੇ ਦਿਨ ਮੇਰੇ ਕੋਲ ਆ ਜਾਇਆ ਕਰੇ ਤੇ ਰਾਤ ਰਹਿ ਖਾ ਪੀ ਕੇ ਦੂਸਰੇ ਦਿਨ ਚਲੇ ਜਾਇਆ ਕਰੇ। ਇਸ ਤਰਾਂ ਸਾਲ ਕੁ ਲੰਘ ਗਿਆ ਤੇ ਕਾਫ਼ੀ ਪੈਸੇ ਕਮਾ ਲਏ ਤੇ ਮੈਨੂੰ ਲੱਗੇ ਕਿ ਉਹਦੀ ਹਵਾ ਖ਼ਰਾਬ ਹੋ ਗਈ। ਹਰ ਵੇਲੇ ਹੰਕਾਰ ਦੀਆਂ ਗੱਲਾਂ ਫੁਕਰੀਆਂ ਮਾਰੀ ਜਾਇਆ ਕਰੇ। ਹੁਣ ਮੈਂ ਪਿੰਡ ਕੋਠੀ ਬਣਾਉਣੀ ਹੈ, ਬਾਪੂ ਨੂੰ ਨਵੀਂ ਕਾਰ ਲੈ ਕੇ ਦੇਣੀ ਹੈ। ਜਿਹਨਾਂ ਮੈਨੂੰ ਪਾਲਿਆ ਪਲੋ਼ਸਿਆ ਉਹਨਾਂ ਨੂੰ ਸੁਰਗ ਦਿਖਾਉਣਾ ਹੈ। ਮੈਨੂੰ ਆਵੇ ਪਈ ਜਿਹਨੇ ਅੰਨ੍ਹੇ ਪੈਸੇ ਖਰਚ ਕੇ ਅਮਰੀਕਾ ਬੁਲਾਇਆ, ਉਹਦਾ ਨਾਂ ਹੀ ਨਹੀਂ ? ਇੱਕ ਦਿਨ ਮੈਂ ਕੋਲ਼ ਬਿਠਾਕੇ ਪੈਸਿਆਂ ਬਾਰੇ ਗੱਲ ਕੀਤੀ ਤਾਂ ਕਹਿੰਦਾ ਕਿ ਮੇਰੀ ਮੰਮੀ ਡੈਡੀ ਨਾਲ ਗੱਲ ਕਰ ਲਿਉ ਕਿਉਂਕਿ ਪੈਸੇ ਤਾਂ ਮੈਂ ਉਹਨਾਂ ਨੂੰ ਨਾਲੋਂ ਨਾਲ ਭੇਜ ਦਿੰਦਾ ਹਾਂ। ਇਸ ਤੋਂ ਬਾਦ ਉਹ ਮੇਰੇ ਕੋਲ਼ ਆਉਣੋਂ ਹਟ ਗਿਆ ਤੇ ਫ਼ੋਨ ਚੁੱਕਣਾ ਵੀ ਬੰਦ ਕਰ ਦਿੱਤਾ।

ਕੋਈ ਛੇ ਕੁ-ਮਹੀਨੇ ਬਾਦ ਮੈਨੂੰ ਰੈਸਟੋਰੈਂਟ ਦੇ ਮਾਲਕ ਦਾ ਫੋਨ ਆਇਆ ਕਿ ਤੁਹਾਡਾ ਰਿਸ਼ਤੇਦਾਰ ਕੰਮ ਛੱਡਕੇ ਕਿਤੇ ਭੱਜ ਗਿਆ ਤੇ ਮੇਰੇ ਕੋਲੋਂ ਤਨਖਾਹ ਵੀ ਲੈ ਗਿਆ, ਕਹਿੰਦਾ ਸੀ ਅਖੇ ਘਰੇ ਭੇਜਣੇ ਆਂ, ਬਾਪੂ ਨੇ ਜਮੀਨ ਗਹਿਣੇ ਰੱਖੀ ਸੀ, ਛੁਡਾਉਣੀ ਆਂ। ਮੈਂ ਸੋਚਿਆ ਕਿ ਮਨਾਂ ਭਾਣਾ ਵਰਤ ਗਿਆ, ਹੁਣ ਮੇਰੇ ਪੈਸੇ ਮਰ ਗਏ। ਮੈਂ ਆਪਣੇ ਸਾਂਢੂ ਨੂੰ ਫੋਨ ਕੀਤਾ ਤਾਂ ਉਹ ਮੇਰੇ ਗਲ਼ ਪੈ ਗਏ। ਕਹਿੰਦੇ ਮੁੰਡੇ ਨੇ ਭੱਜਣਾ ਹੀ ਸੀ, ਤੂੰ ਕਿਹੜਾ ਉਹਨੂੰ ਸਾਂਭਿਆ ਸੀ ? ਆਪਣੇ ਨਿਆਣਿਆਂ ਵਾਂਗੂੰ ਨਾਲ ਰੱਖਦਾ ? ਚਾਰ ਦਿਨ ਕੋਲ਼ ਨਹੀਂ ਰੱਖਿਆ ਤੇ ਰੈਸਟੋਰੈਂਟ ਵਿੱਚ ਛੱਡ ਆਂਦਾ। ਮੈਂ ਫੋਨ ਕੱਟ ਦਿੱਤਾ ਤੇ ਸਾਰੀ ਗੱਲ ਘਰਦਿਆਂ ਨਾਲ ਸਾਂਝੀ ਕੀਤੀ ਤਾਂ ਉਹ ਵੀ ਮੈਨੂੰ ਟੁੱਟ ਕੇ ਪੈ ਗਏ। ਕਹਿੰਦੇ ਤੂੰ ਸਾਨੂੰ ਉਜਾੜ ਦਿੱਤਾ। ਹੋਰ ਨਿਭਾ ਸਕੀਰੀਆਂ।ਤੈਨੂੰ ਪਹਿਲਾਂ ਹੀ ਡੱਕਿਆ ਸੀ ਪਰ ਤੂੰ ਕਿੱਥੋਂ ਮੰਨਦਾ ਸੀ, ਆਪਣੀਆਂ ਮਨ ਆਈਆਂ ਕਰਦਾ ਸੀ। ਜਾਣੀ ਸਾਰੀ ਅਲ਼ਾ ਬਲ਼ਾ ਮੇਰੇ ਸਿਰ ਪੈ ਗਈ। ਕਦੇ ਮੈਂ ਆਪਣੇ ਆਪ ਨੂੰ ਕੋਸਾਂ ਤੇ ਕਦੇ ਆਪਣੇ ਰੱਬ ਨੂੰ ਪਈ ਵਾਹਿਗੁਰੂ ਆਹ ਦਿੱਤਾ ਮੈਨੂੰ ਨੇਕੀ ਦਾ ਫ਼ਲ ? ਸੱਚੀਂ ਦਿਲ ਕਰੇ ਪਈ ਆਤਮਾ-ਹੱਤਿਆ ਕਰ ਲਵਾਂ। ਕਈ ਦਿਨ ਘਰੇ ਬੈਠਾ ਰਿਹਾ ਕੰਮ ਤੇ ਨਾ ਗਿਆ ਤੇ ਸੋਚਾਂ ਪਈ ਕੀ ਕਰਨਾ ਹੈ ਕੰਮ ਕਰਕੇ ? ਪਹਿਲੇ ਕੰਮ ਕੀਤੇ ਦੀ ਕਮਾਈ ਕਿਹੜੀ ਨੇਕ ਥਾਂ ਲੱਗੀ ? ਕਿਸ ਕੰਮ ਆਈ ? ਨਾ ਮੇਰੇ ਤੇ ਨਾ ਮੇਰੇ ਟੱਬਰ ਦੇ। ਮੇਰੀ ਮਾੜੀ ਹਾਲਤ ਦੇਖਕੇ ਮੇਰੀ ਘਰਵਾਲੀ ਤੇ ਬੱਚੇ ਮੁੜ ਆਏ। ਕਹਿੰਦੇ ਜੋ ਹੋ ਗਿਆ ਸੋ ਹੋ ਗਿਆ ਤੇ ਅੱਗੇ ਤੋਂ ਕੁੱਝ ਸਬਕ ਲੈ। ਮੈਂ ਹੌਸਲਾ ਕਰਕੇ ਉੱਠਿਆ ਤੇ ਫਿਰ ਆਪਣੀ ਕਬੀਲਦਾਰੀ ਵਿੱਚ ਜੁੱਟ ਗਿਆ।
ਮੈਨੂੰ ਆਲ਼ੇ ਦੁਆਲ਼ੇ ਰਿਸ਼ਤੇਦਾਰੀ ਵਿੱਚੋਂ ਪਤਾ ਲੱਗਿਆ ਕਿ ਸਾਂਢੂ ਮੇਰਾ ਕੋਠੀ ਬਣਾ ਰਿਹਾ ਤੇ ਕਾਰ ਵੀ ਲੈ ਲਈ ਹੈ ਤੇ ਫੋਰਡ ਟਰੈਕਟਰ ਵੀ ਕਢਾ ਲਿਆ। ਮੈਂ ਫੋਨ ਕਰਕੇ ਆਪਣੇ ਪੈਸਿਆਂ ਬਾਰੇ ਪੁੱਛਿਆ ਤਾਂ ਸਾਲ਼ੀ ਸਾਂਢੂ ਮੇਰੇ ਗਲ਼ ਪੈ ਗਏ ਕਹਿੰਦੇ ਸਾਨੂੰ ਫ਼ੋਨ ਕਰਕੇ ਜ਼ਲੀਲ ਨਾ ਕਰ, ਜਦੋਂ ਸਾਡੇ ਕੋਲ਼ ਹੋਏ ਦੇ ਦਿਆਂਗੇ। ਕਿਤੇ ਪਿੰਡ ਤਾਂ ਨਹੀਂ ਛੱਡ ਚੱਲੇ ਤੇਰੇ ਪੈਸਿਆਂ ਕਰਕੇ। ਤੇਰੇ ਪੈਸੇ ਦੇ ਕੇ ਹੀ ਮਰਾਂਗੇ। ਫਿਕਰ ਨਾ ਕਰ।
ਮੈਨੂੰ ਹਰ ਵਕਤ ਝੋਰਾ ਵੱਢ ਵੱਢ ਖਾਵੇ ਪਈ ਕਿੱਦਾਂ ਭੁੱਖਾਂ ਕੱਟ ਕੇ ਪੈਸੇ ਬਣਾਏ ਸੀ ਤੇ ਕਿਵੇਂ ਭੰਗ ਦੇ ਭਾੜੇ ਰੁੜ੍ਹ ਗਏ। ਲੋਕਾਂ ਕੋਲੋਂ ਸੁਣਦਾ ਹੁੰਦਾ ਸੀ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ। ਇਸੇ ਫ਼ਿਕਰ ਵਿੱਚ ਮੈਨੂੰ ਇੱਕ ਦਿਨ ਹਾਰਟ ਅਟੈਕ ਵੀ ਆ ਗਿਆ‌। ਨਿਆਣੇ ਹਸਪਤਾਲ ਲੈ ਗਏ ਤੇ ਜਾਨ ਬਚ ਗਈ। ਹਸਪਤਾਲ ਤੋਂ ਛੁੱਟੀ ਮਿਲੀ ਤਾਂ ਘਰ ਆਇਆ ਤਾਂ ਸਾਰਾ ਟੱਬਰ ਮੇਰੇ ਦੁਆਲੇ ਹੋ ਗਿਆ। ਮੈਨੂੰ ਬੱਚੇ ਕਹਿੰਦੇ ਕਿ ਪਾਪਾ ਪੈਸੇ ਤੂੰ ਸਾਡੇ ਕੋਲੋਂ ਜਿੰਨੇ ਮਰਜ਼ੀ ਲੈ ਤੇ ਇਹ ਫਿਕਰ ਕਰਨੀਂ ਛੱਡਦੇ। ਐਵੇਂ ਜਾਨ ਗੁਆ ਬੈਠੇਂਗਾ ਸਾਨੂੰ ਤੇਰੀ ਲੋੜ ਹੈ ਪੈਸਿਆਂ ਦੀ ਨਹੀਂ। ਮੇਰੇ ਕੋਲੋਂ ਟਿਕਿਆ ਨਾ ਗਿਆ ਤੇ ਰਿਸ਼ਤੇਦਾਰਾਂ ਤੋਂ ਪੁੱਛ ਪੁਛਾ ਕੇ ਭਾਣਜੇ ਦਾ ਫ਼ੋਨ ਲੱਭਿਆ ਤੇ ਕਾਲ ਕਰ ਦਿੱਤੀ। ਪੈਸਿਆਂ ਬਾਰੇ ਪੁੱਛਿਆ ਤਾਂ ਅੱਗੋਂ ਟਿੱਚਰ ਕਰਕੇ ਕਹਿੰਦਾ, ਮਾਸੜ ਜੀ ਤੁਹਾਨੂੰ ਪੈਸਿਆਂ ਦੀ ਕੀ ਲੋੜ ਆਣ ਪਈ ਜਦੋਂ ਹੱਥ ਸੌਖਾ ਹੋਇਆ ਦੇ ਦਿਆਂਗਾ। ਕਹਿੰਦਾ ਅਜੇ ਨਵਾਂ ਟਰੱਕ ਕਢਾਇਆ ਹੈ, ਥੋੜ੍ਹੀ ਦੇਰ ਅਟਕ ਜਾ। ਉੱਚੀ ਉੱਚੀ ਮਖੌਲ ਕਰੇ ਤੇ ਨਾਲੇ ਹੱਸੇ ਤੇ ਟਰੱਕ ਤੇ ਗਾਣਾ ਵੱਜੇ “ਘਰੇ ਸੀ ਗਰੀਬੀ ਨਖ਼ਰੋ ,ਅਸੀਂ ਮਾਰ ਕੇ ਥਪੇੜੇ ਘਰੋਂ ਕੱਢੀ” ਨਾਲੇ ਮੈਨੂੰ ਕਹੇ ਮਾਸੜ ਜੀ ਸੁਣੋ ਆਹ ਗੀਤ ਨਵਾਂ ਆਇਆ। ਦੇਖੋ ਕੱਢਤੀ ਨਾ ਘਰ ਦੀ ਗਰੀਬੀ। ਮੇਰੇ ਕਾਲ਼ਜੇ ਨੂੰ ਅੱਗ ਲੱਗ ਗਈ ਪਈ ਪੈਸੇ ਤਾਂ ਤੁਸੀਂ ਮੇਰੇ ਮਾਰ ਲਏ‌।
ਬਾਹਲਾ ਕਹਿਣ ਤੇ ਤਿੰਨ ਮਹੀਨੇ ਦਾ ਵਾਅਦਾ ਕਰ ਲਿਆ ਪਈ ਪੈਸੇ ਦੇ ਦਿਆਂਗਾ। ਤਿੰਨ ਮਹੀਨੇ ਬਾਦ ਫ਼ੋਨ ਕੀਤਾ ਤਾਂ ਫਿਰ ਨਵਾਂ ਲਾਰਾ ਪਈ ਤਿੰਨ ਮਹੀਨੇ ਦੀ ਹੋਰ ਮੋਹਲਤ ਦੇ ਦਿਉ। ਨਾਲੇ ਉੱਚੀ ਉੱਚੀ ਟੇਪ ਤੇ ਉਹੀ ਗਾਣਾ ਲਾਇਆ ‘ਅਸੀਂ ਮਾਰਕੇ ਥਪੇੜੇ ਕਰੋ ਕੱਢੀ’ ਇਸੇ ਤਰਾਂ ਚਾਰ ਕੁ- ਮਹੀਨੇ ਬਾਦ ਫਿਰ ਫ਼ੋਨ ਕੀਤਾ ਤਾਂ ਕੋਈ ਜੁਆਬ ਨਾ ਆਇਆ ਸਗੋਂ ਫ਼ੋਨ ਬੰਦ ਆਵੇ। ਪੰਜਾਬ ਵਿੱਚੋਂ ਕਿਸੇ ਨੇੜਲੇ ਰਿਸ਼ਤੇਦਾਰ ਦਾ ਫ਼ੋਨ ਆਇਆ ਪਈ ਉਹ ਟਰੰਪ ਦੀ ਸਕੀਮ ਹੇਠ ਆ ਗਿਆ ਤੇ ਫ਼ੜਕੇ ਅਗਲਿਆਂ ਜੇਲ੍ਹ ਭੇਜ ਦਿੱਤਾ। ਕੱਲ੍ਹ ਅਮਰੀਕਾ ਤੋਂ ਅੰਮ੍ਰਿਤਸਰ ਗਈ ਉਡਾਨ ਵਿਚਲੇ ਯਾਤਰੀਆਂ ਦੀਆਂ ਫੋਟੋਆਂ ਵਿੱਚੋਂ ਇੱਕ ਉਹਦੀ ਵੀ ਸੀ। ਫਿਰ ਝੱਟ ਉਹੀ ਗਾਣਾ, ਹੁੰਦੀ ਸੀ ਗਰੀਬੀ ਨਖ਼ਰੋ, ਅਸੀਂ ਮਾਰਕੇ ਥਪੇੜੇ ਘਰੋਂ ਕੱਢੀ, ਮੇਰੇ ਕੰਨਾਂ ਵਿੱਚ ਗੂੰਜਣ ਲੱਗ ਗਿਆ।
ਮੈਂ ਸੋਚਿਆ ਮਿੱਤਰਾ, ਜਿਹੜੀ ਗਰੀਬੀ ਨੂੰ ਤੂੰ ਥਪੇੜੇ ਮਾਰਕੇ ਘਰੋਂ ਕੱਢਿਆ ਸੀ, ਹੁਣ ਫਿਰ ਤੇਰੇ ਮੂਹਰੇ ਹਿੱਕ ਤਾਣ ਕੇ ਖੜੀ ਹੈ। ਕਹਿੰਦੇ ਨੇ ਅੱਤ ਤੇ ਖ਼ੁਦਾ ਦਾ ਵੈਰ ਹੁੰਦਾ ਹੈ। ਇੱਕ ਗੱਲ ਚੰਗੀ ਹੋਈ ਕਿ ਇਹ ਗੇਮ ਬੰਦ ਹੋ ਗਈ। ਹੁਣ ਸਾਡੇ ਮੁੰਡੇ ਘਰ ਦਾ ਕੰਮ ਕਰਨਗੇ ਤੇ ਆਪਣੇ ਬਾਹਰਲੇ ਰਿਸ਼ਤੇਦਾਰਾਂ ਦਾ ਖੂਨ ਨਹੀਂ ਪੀਣਗੇ। ਕਿਸੇ ਵੀ ਰਿਸ਼ਤੇਦਾਰ ਭੈਣ ਭਰਾ ਦਾ ਮੁੰਡਾ ਜਾਂ ਕੁੜੀ ਬਾਹਰ ਜਾਣਾ ਹੁੰਦਾ ਸੀ ਤਾਂ ਬਾਹਰਲਿਆਂ ਨੂੰ ਪਹਿਲਾਂ ਵਖ਼ਤ ਪੈ ਜਾਂਦਾ ਸੀ। ਪੈਸੇ ਮੰਗਣ ਵੇਲੇ ਬੜੇ ਸ਼ਰੀਫ ਭਲੇ ਮਾਣਸ, ਰੱਬ ਦਾ ਨਾਂ ਲੈਣ ਵਾਲੇ, ਮੰਗਤੇ ਦੇ ਠੂਠੇ ਵਰਗਾ ਮੂੰਹ ਬਣਾਕੇ ਪੈਸੇ ਮੰਗਦੇ ਹਨ ਤੇ ਦੇਣ ਵੇਲੇ ਚੋਟੀ ਦੇ ਬਦਮਾਸ਼ ਤੇ ਬਘਿਆੜ ਬਣ ਜਾਂਦੇ ਹਨ। ਕਈ ਤਾਂ ਇਹ ਵੀ ਡਰਾਵਾ ਮਾਰ ਦਿੰਦੇ ਹਨ ਕਿ ਕਿਤੇ ਆਇਓ ਪੰਜਾਬ, ਤੁਹਾਨੂੰ ਚਕਾ ਦਿਆਂਗੇ, ਬਦਮਾਸ਼ਾਂ ਕੋਲੋਂ ਮਰਵਾ ਦਿਆਂਗੇ। ਜ਼ਮੀਨਾਂ ਵੇਚਕੇ ਉਹੀ ਮੁੰਡੇ ਬਾਹਰ ਭੇਜਦੇ ਹਨ ਜਿਹਨਾਂ ਦੇ ਰਿਸ਼ਤੇਦਾਰ,ਯਾਰ ਦੋਸਤ, ਮਾਮੇ, ਮਾਸੜ, ਚਾਚੇ,ਤਾਏ, ਭੂਆਂ, ਮਾਸੀਆਂ ਬਾਹਰ ਨਹੀਂ ਹਨ। ਨਹੀਂ ਤਾਂ ਸਾਰੇ ਪਹਿਲਾਂ ਬਾਹਰਲਿਆਂ ਦੇ ਹੀ ਤੂੰਬੇ ਤੋੜਦੇ ਹਨ।
ਸੋ ਮੇਰੇ ਭਰਾਵੋ ਇਹੋ ਜਿਹੇ ਚਾਲਾਕ ਰਿਸ਼ਤੇਦਾਰਾਂ ਤੋਂ ਬੱਚਕੇ ਰਹਿਣਾ।
ਸੋ ਦੋਸਤੋ ਰੱਬ ਦੇ ਥਪੇੜੇ ਤੋਂ ਪਹਿਲਾਂ ਟਰੰਪ ਦਾ ਥਪੇੜਾ ਵੱਜ ਗਿਆ।

ਅਮਰਜੀਤ ਚੀਮਾਂ (ਯੂ ਐੱਸ ਏ)
+17169083631

Have something to say? Post your comment