ਜਦੋਂ ਅਸੀਂ ਅੰਤਰਰਾਸ਼ਟਰੀ ਆਰਥਿਕ ਸਿਸਟਮ ਦੀ ਗੱਲ ਕਰਦੇ ਹਾਂ, ਤਾਂ ਸਭ ਤੋਂ ਪਹਿਲਾ ਜੋ ਡਾਲਰ ਕਰੰਸੀ ਸਾਹਮਣੇ ਆਉਂਦੀ ਹੈ। ਸਾਲ 1970 ਦੇ ਦੌਰ ਵਿੱਚ ਅਮਰੀਕਾ ਨੇ ਬ੍ਰੇਟਨ-ਵੁਡਸ ਸਿਸਟਮ ਨੂੰ ਤੋੜ ਕੇ, ਇੱਕ ਨਵਾਂ ਸਿਸਟਮ ਜਾਰੀ ਕੀਤਾ, ਜਿਸ ਨੇ ਵਿਸ਼ਵ ਵਪਾਰ ਵਿੱਚ ਡਾਲਰ ਦੀ ਕੇਂਦਰੀ ਭੂਮਿਕਾ ਨੂੰ ਸਥਿਰ ਕਰ ਦਿੱਤਾ। ਇਸ ਤੋਂ ਬਾਅਦ, ਡਾਲਰ ਦਾ ਪ੍ਰਭਾਵ ਇਤਿਹਾਸਿਕ ਤੌਰ 'ਤੇ ਆਪਣੀ ਚਰਮ ਸੀਮਾ 'ਤੇ ਪੁਹੰਚ ਗਿਆ। ਇਸਦੀ ਵਪਾਰਕ ਪ੍ਰਭਾਵਸ਼ੀਲਤਾ ਦਾ ਕਾਰਨ ਇਹ ਹੈ ਕਿ ਅਮਰੀਕਾ ਜਿਹੜਾ ਸੰਸਾਰ ਦੇ ਸਭ ਤੋਂ ਵੱਡੇ ਆਰਥਿਕਤਾਵਾਂ ਵਿੱਚੋਂ ਇੱਕ ਹੈ, ਆਪਣੀ ਮੁਦਰਾ ਨੂੰ ਵਿਸ਼ਵ ਮੰਚ 'ਤੇ ਵਰਤਦਾ ਆ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅਮਰੀਕਾ ਆਪਣੀ ਆਰਥਿਕ ਅਤੇ ਰਾਜਨੀਤਿਕ ਹਕੂਮਤ ਨੂੰ ਸਥਿਰ ਕਰਨ ਲਈ ਡਾਲਰ ਦਾ ਉਪਯੋਗ ਕਰਦਾ ਹੈ। ਇਹ ਨਾ ਸਿਰਫ ਵਪਾਰਕ ਸਾਂਝੇਦਾਰੀ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਅੰਤਰਰਾਸ਼ਟਰੀ ਸਿਆਸਤ ਵਿੱਚ ਵੀ ਇਸਦੀ ਜਰੂਰਤ ਮਹਿਸੂਸ ਕੀਤੀ ਜਾਂਦੀ ਹੈ। ਇਸ ਦੌਰਾਨ, ਅਮਰੀਕਾ ਨੇ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ 'ਤੇ ਆਪਣਾ ਰਾਜਨੀਤਿਕ ਪ੍ਰਭਾਵ ਬਣਾਏ ਰੱਖਿਆ ਹੈ, ਜਿੱਥੇ ਉਹ ਡਾਲਰ ਦੇ ਜ਼ਰੀਏ ਆਪਣੀਆਂ ਮਨਮਰਜੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਲਾਗੂ ਕਰ ਸਕਦਾ ਹੈ।
ਡਾਲਰ ਦੀ ਸ਼ਕਤੀ ਦਾ ਦੂਸਰਾ ਮਹੱਤਵਪੂਰਨ ਪੱਖ ਇਹ ਹੈ ਕਿ ਜਦੋਂ ਸੰਸਾਰ ਦੇ ਦੇਸ਼ਾਂ ਵਿੱਚ ਅਮਰੀਕਾ ਨੂੰ ਹਾਨੀ ਪਹੁੰਚੀ ਜਾਂ ਉਸ ਦੀਆਂ ਰਾਜਨੀਤਿਕ ਜ਼ਰੂਰਤਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਅਮਰੀਕਾ ਨੇ ਆਪਣੇ ਡਾਲਰ ਨਿਯੰਤਰਣ ਨੂੰ ਇਕ ਹਥਿਆਰ ਵਜੋਂ ਵਰਤਿਆ ਹੈ। ਇਸ ਤਰ੍ਹਾਂ ਡਾਲਰ ਨੇ ਵਿਸ਼ਵ ਵਪਾਰ ਅਤੇ ਆਰਥਿਕਤਾ ਵਿੱਚ ਇੱਕ ਮਜ਼ਬੂਤ ਸਥਾਨ ਹਾਸਲ ਕੀਤਾ ਅਤੇ ਇਸ ਦੀ ਸ਼ਕਤੀ ਦਾ ਆਲਮ ਇਹ ਸੀ ਕਿ ਜੇ ਕਿਸੇ ਦੇਸ਼ ਨੇ ਅਮਰੀਕਾ ਦੀਆਂ ਨੀਤੀਆਂ ਨੂੰ ਚੁਣੌਤੀ ਦਿੱਤੀ, ਤਾਂ ਉਸ ਦੇਸ਼ ਦੀ ਮੁਦਰਾ ਉੱਤੇ ਅਸਰ ਪੈਦਾ ਹੋ ਜਾਂਦਾ ਸੀ। ਡਾਲਰ ਨੂੰ ਇਸ ਤਰ੍ਹਾਂ ਵਰਤ ਕੇ ਅਮਰੀਕਾ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਸਿਆਸਤ ਨੂੰ ਲਾਗੂ ਕਰਦਾ ਆ ਰਿਹਾ ਹੈ। ਇਸ ਸਮੇਂ ਤੱਕ, ਸੰਸਾਰ ਦੇ ਵਿਸ਼ਵ ਵਪਾਰ ਵਿੱਚ ਡਾਲਰ ਦੀ ਭੂਮਿਕਾ ਬੇਹਦ ਮਜ਼ਬੂਤ ਹੋ ਗਈ ਹੈ। ਅਜਿਹਾ ਕਿਹਾ ਜਾ ਸਕਦਾ ਹੈ ਕਿ ਜਦੋਂ ਤੋਂ ਡਾਲਰ ਨੇ ਅੰਤਰਰਾਸ਼ਟਰੀ ਮੁਦਰਾ ਦਾ ਰੂਪ ਧਾਰਿਆ, ਤਾਂ ਦੁਨੀਆ ਦੇ ਵਪਾਰ ਦਾ ਬੇਹਦ ਵੱਡਾ ਹਿੱਸਾ ਡਾਲਰ ਕਰੰਸੀ ਵਿੱਚ ਕੀਤਾ ਜਾਣ ਲੱਗਾ ਹੈ। ਇਹ ਨਾ ਸਿਰਫ ਆਯਾਤ ਅਤੇ ਨਿਰਯਾਤ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਦੂਜੇ ਦੇਸ਼ਾਂ ਦੇ ਨਾਲ ਕੀਤੇ ਜਾ ਰਹੇ ਵਪਾਰ ਅਤੇ ਨਿਵੇਸ਼ ਵੀ ਡਾਲਰ ਦੇ ਨਾਲ ਕਰੇ ਜਾ ਰਹੇ ਹਨ। ਡਾਲਰ ਦੇ ਇਸ ਵਧਦੇ ਪ੍ਰਭਾਵ ਕਾਰਨ ਅੰਤਰਰਾਸ਼ਟਰੀ ਮੰਚ 'ਤੇ ਕਈ ਵਾਰ ਡਾਲਰ ਨੂੰ ਇਕ ਅਹਿਮ ਰਾਜਨੀਤਿਕ ਉਪਕਰਨ ਵਜੋਂ ਵੀ ਵਰਤਿਆ ਗਿਆ ਹੈ।
ਜੇਕਰ ਅਸੀਂ ਅੱਜ ਦੇ ਸਮੇਂ ਵਿੱਚ ਦੇਖੀਏ, ਤਾਂ ਡਾਲਰ ਦੇ ਇਸ ਪ੍ਰਭਾਵ ਨੇ ਕਈ ਮੁਲਕਾਂ ਦੀ ਆਰਥਿਕਤਾਵਾਂ ਅਤੇ ਰਾਜਨੀਤਿਕ ਸਥਿਰਤਾ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੇਸ਼ਾਂ ਨੇ, ਜੋ ਅਮਰੀਕਾ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਹੋਏ, ਅਕਸਰ ਆਪਣੇ ਵਪਾਰ ਅਤੇ ਵਿੱਤੀ ਸੰਸਥਾਵਾਂ 'ਤੇ ਡਾਲਰ ਦਾ ਪ੍ਰਭਾਵ ਮਹਿਸੂਸ ਕੀਤਾ ਹੈ। ਇਸ ਨਾਲ ਇਹਨਾਂ ਦੇਸ਼ਾਂ ਦੀਆਂ ਆਰਥਿਕ ਸਥਿਤੀਆਂ ਅਤੇ ਰਾਜਨੀਤਿਕ ਨੀਤੀਆਂ ਨਿਰਧਾਰਿਤ ਹੋਈਆਂ ਹਨ। ਇਸੇ ਤਰ੍ਹਾਂ, ਡਾਲਰ ਦੀ ਸ਼ਕਤੀ ਵਧਣ ਨਾਲ ਸੰਸਾਰ ਦੇ ਆਰਥਿਕ ਮੰਚ ਵਿੱਚ ਅਮਰੀਕਾ ਦੀ ਪ੍ਰਭੂ ਸੱਤਾ ਮਜ਼ਬੂਤ ਹੋ ਗਈ ਹੈ। ਇਸ ਸਥਿਤੀ ਵਿੱਚ, ਅਮਰੀਕਾ ਦੀਆਂ ਮਨਮਰਜੀਆਂ ਅਤੇ ਡਾਲਰ ਦੀ ਸ਼ਕਤੀ ਨੂੰ ਚੁਨੌਤੀ ਦੇਣ ਲਈ ਕੁਝ ਦੇਸ਼ਾਂ ਨੇ ਇੱਕ ਨਵੀਂ ਮੰਜ਼ਿਲ ਦੀ ਯਾਤਰਾ ਸ਼ੁਰੂ ਕੀਤੀ ਹੈ। ਇਹ ਦੇਸ਼ ਹਨ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ, ਜਿਨ੍ਹਾਂ ਨੇ ਬਰਿਕਸ ਗਰੁੱਪ ਬਣਾਇਆ। ਇਹ ਗਰੁੱਪ, ਜੋ ਦੁਨੀਆ ਦੀ ਆਬਾਦੀ ਅਤੇ ਆਰਥਿਕ ਮੰਚ ਉੱਤੇ ਵੱਡਾ ਹਿੱਸਾ ਰੱਖਦਾ ਹੈ, ਆਪਣੀ ਖੁਦ ਦੀ ਇੱਕ ਸਾਂਝੀ ਕਰੰਸੀ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਕਰੰਸੀ ਨੂੰ 'ਬਰਿਕਸ ਕਰੰਸੀ' ਦਾ ਨਾਮ ਦਿੱਤਾ ਗਿਆ ਹੈ। ਬਰਿਕਸ ਕਰੰਸੀ ਦਾ ਮੁੱਖ ਉਦੇਸ਼, ਅੰਤਰਰਾਸ਼ਟਰੀ ਵਪਾਰ ਨੂੰ ਡਾਲਰ ਤੋਂ ਅਜ਼ਾਦ ਕਰਨਾ ਹੈ। ਇਹ ਮੁਦਰਾ ਮੈਂਬਰ ਦੇਸ਼ਾਂ ਵਿੱਚ ਆਰਥਿਕ ਹਿੱਤਾਂ ਦੀ ਰੱਖਿਆ ਕਰੇਗੀ ਅਤੇ ਇੱਕ ਨਵਾਂ ਆਰਥਿਕ ਰਾਹ ਪ੍ਰਦਾਨ ਕਰੇਗੀ। ਜੇਕਰ ਇਹ ਕਰੰਸੀ ਸਫਲ ਹੁੰਦੀ ਹੈ, ਤਾਂ ਇਸ ਨਾਲ ਡਾਲਰ 'ਤੇ ਨਿਰਭਰਤਾ ਘਟੇਗੀ ਅਤੇ ਬਰਿਕਸ ਦੇਸ਼ਾਂ ਦੀ ਆਰਥਿਕ ਸਥਿਰਤਾ ਵਧੇਗੀ। ਇਹ ਮੁਦਰਾ ਵਿਕਾਸਸ਼ੀਲ ਦੇਸ਼ਾਂ ਲਈ ਇੱਕ ਸਾਰਥਕ ਵਿਕਲਪ ਸਾਬਿਤ ਹੋ ਸਕਦੀ ਹੈ, ਜੋ ਡਾਲਰ ਦੇ ਸ਼ਕਤੀਸ਼ਾਲੀ ਰੂਪ ਨਾਲ ਸੰਘਰਸ਼ ਕਰਦੇ ਆਏ ਹਨ।
ਪਰ ਬਰਿਕਸ ਕਰੰਸੀ ਨੂੰ ਅਮਲ ਵਿੱਚ ਲਿਆਉਣਾ ਇੰਨ੍ਹਾਂ ਵੀ ਆਸਾਨ ਨਹੀਂ ਹੈ। ਪਹਿਲੀ ਗੱਲ, ਮੈਂਬਰ ਦੇਸ਼ਾਂ ਵਿੱਚ ਆਰਥਿਕ ਅੰਤਰ ਬਹੁਤ ਵੱਡਾ ਹੈ। ਰੂਸ ਅਤੇ ਚੀਨ ਜਿਹੜੇ ਇਸ ਗਰੁੱਪ ਦੇ ਦੋ ਸਭ ਤੋਂ ਵੱਡੇ ਆਰਥਿਕ ਖਿਡਾਰੀ ਹਨ, ਉਹ ਬਾਕੀ ਦੇਸ਼ਾਂ ਤੇ ਜਿਆਦਾ ਪ੍ਰਭਾਵਸ਼ਾਲੀ ਹੋ ਸਕਦੇ ਹਨ। ਦੂਜੀ ਗੱਲ, ਅੰਤਰਰਾਸ਼ਟਰੀ ਮੰਚ 'ਤੇ ਡਾਲਰ ਦੀ ਮਜ਼ਬੂਤੀ ਅੱਜ ਵੀ ਇੱਕ ਵੱਡੀ ਚੁਣੌਤੀ ਹੈ। ਡਾਲਰ ਇੱਕ ਮਜ਼ਬੂਤ ਵਪਾਰਕ ਸਾਂਝੀ ਭਾਸ਼ਾ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਇਸਨੂੰ ਹਟਾਉਣਾ ਬਹੁਤ ਮੁਸ਼ਕਲ ਹੈ। ਫਿਰ ਵੀ, ਜੇਕਰ ਬਰਿਕਸ ਕਰੰਸੀ ਕਾਮਯਾਬ ਹੁੰਦੀ ਹੈ, ਤਾਂ ਇਹ ਦੁਨੀਆ ਵਿੱਚ ਵੱਡੇ ਬਦਲਾਵਾਂ ਦੀ ਸ਼ੁਰੂਆਤ ਕਰ ਸਕਦੀ ਹੈ। ਅਮਰੀਕਾ ਦੀ ਮੌਜੂਦਾ ਡਾਲਰ ਪ੍ਰਭੂ ਸੱਤਾ ਹੇਠਾਂ ਆ ਸਕਦੀ ਹੈ। ਇਹ ਨਵੀਂ ਮੁਦਰਾ ਵਿਕਾਸਸ਼ੀਲ ਦੇਸ਼ਾਂ ਨੂੰ ਡਾਲਰ ਦੇ ਨਿਯੰਤਰਣ ਤੋਂ ਬਚਾਉਣ ਵਿੱਚ ਸਹਾਇਕ ਹੋਵੇਗੀ। ਇਸ ਦੇ ਨਾਲ-ਨਾਲ, ਇਹ ਗਲੋਬਲ ਆਰਥਿਕਤਾਵਾਂ ਵਿੱਚ ਇੱਕ ਨਵਾਂ ਸੰਤੁਲਨ ਲਿਆ ਸਕਦੀ ਹੈ, ਜਿਸ ਨਾਲ ਸੰਸਾਰ ਪੱਧਰ ਦੀ ਮਾਰਕੀਟ ਵਿੱਚ ਇੱਕ ਸੰਤੁਲਨ ਬਣਾ ਸਕੇ। ਡਾਲਰ ਦੇ ਸਪੱਸ਼ਟ ਪ੍ਰਭਾਵ ਸਦਕਾ, ਬਰਿਕਸ ਕਰੰਸੀ ਭਵਿੱਖ ਦੀ ਇੱਕ ਵੱਡੀ ਉਮੀਦ ਹੈ। ਜੇਕਰ ਸਫਲਤਾ ਮਿਲਦੀ ਹੈ, ਤਾਂ ਇਹ ਮਾਤਰ ਇੱਕ ਮੁਦਰਾ ਨਹੀਂ, ਸਗੋਂ ਇੱਕ ਆਰਥਿਕ ਇਨਕਲਾਬ ਹੋਵੇਗੀ। ਜਿਸ ਨਾਲ ਭਵਿੱਖ ਵਿੱਚ ਡਾਲਰ ਦੇ ਦਬਦਬੇ ਨੂੰ ਨੱਥ ਪਾਈ ਜਾ ਸਕੇਗੀ।
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ