ਪੰਜਾਬ : ਮੌਸਮ ਵਿਭਾਗ ਨੇ ਆਰੈਂਜ ਅਲਰਟ ਜਾਰੀ ਕੀਤਾ ਹੈ। ਇਹ ਬਦਲਾਅ ਸਰਗਰਮ ਪੱਛਮੀ ਗੜਬੜ ਕਾਰਨ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ। ਅੱਜ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ‘ਚ ਬੱਦਲ ਛਾਏ ਰਹਿਣਗੇ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਕਈ ਇਲਾਕਿਆਂ ਵਿੱਚ ਗੜੇ ਪੈਣ ਦੇ ਵੀ ਆਸਾਰ ਹਨ।
ਅੱਜ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਐਸਏਐਸ ਨਗਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਮੀਂਹ ਦਾ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਤਰਨਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ ਅਤੇ ਮਾਨਸਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੀਂਹ ਪੈਣ ਤੋਂ ਬਾਅਦ ਮੁੜ ਠੰਢ ਵੱਧ ਸਕਦੀ ਹੈ। ਹਾਲਾਂਕਿ ਸੂਬੇ ਵਿੱਚ ਵੱਧ ਤੋਂ ਵੱਧ ਪਾਰਾ 4.3 ਡਿਗਰੀ ਸੈਲਸੀਅਸ ਵੱਧ ਗਿਆ ਹੈ। ਹਾਲਾਂਕਿ ਇਹ ਆਮ ਨਾਲੋਂ 4.1 ਡਿਗਰੀ ਸੈਲਸੀਅਸ ਵੱਧ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਅਬੋਹਰ ਵਿੱਚ 29.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅੱਜ ਵੀ ਅਜਿਹਾ ਹੀ ਮੌਸਮ ਰਹਿਣ ਦੇ ਆਸਾਰ ਹੈ। ਪਰ ਇਸ ਤੋਂ ਬਾਅਦ ਤਾਪਮਾਨ ਲਗਭਗ 3 ਡਿਗਰੀ ਘੱਟ ਜਾਵੇਗਾ।
ਦੂਜੇ ਪਾਸੇ ਬੀਤੇ ਦਿਨ ਪਠਾਨਕੋਟ ਵਿੱਚ 1.8 ਮਿਲੀਮੀਟਰ, ਗੁਰਦਾਸਪੁਰ ਵਿੱਚ 1.7, ਅੰਮ੍ਰਿਤਸਰ ਵਿੱਚ 0.7 ਅਤੇ ਹੁਸ਼ਿਆਰਪੁਰ ਵਿੱਚ 1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜਦੋਂਕਿ ਲੁਧਿਆਣਾ, ਪਟਿਆਲਾ, ਬਠਿੰਡਾ, ਐਸ.ਬੀ.ਐਸ.ਨਗਰ ਵਿੱਚ ਮੀਂਹ ਰਿਕਾਰਡ ਕੀਤਾ ਗਿਆ।