ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿਚ ਮਿੰਨੀ ਲਾਕਡਾਊਨ ਦੀਆਂ ਪਾਬੰਦੀਆਂ ਲਗਭਗ ਖ਼ਤਮ ਕਰ ਦਿਤੀਆਂ ਹਨ। ਹੁਣ ਮੰਗਲਵਾਰ ਤੋਂ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿਤੀ ਗਈ ਹੈ ਹਾਲਾਂਕਿ ਸਵੇਰੇ 9 ਵਜੇ ਤੋਂ 3 ਵਜੇ ਤਕ ਹੀ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ। ਇਸ ਦੇ ਇਲਾਵਾ ਰੋਜ਼ਾਨਾ ਸ਼ਾਮ ਛੇ ਵਜੇ ਤੋਂ ਸਵੇਰੇ ਪੰਜ ਵਜੇ ਤਕ ਰਾਤਰੀ ਕਰਫ਼ਿਊ ਅਤੇ ਸਨਿਚਰਵਾਰ ਅਤੇ ਐਤਵਾਰ ਨੂੰ ਵੀਕੰਡ ਕਰਫ਼ੀਊ ਰਹੇਗਾ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਵੀ ਪੀ ਸਿੰਘ ਨੇ ਸੋਮਵਾਰ ਨੂੰ ਟਰਾਈਸਿਟੀ ਦੇ ਅਧਿਕਾਰੀਆਂ ਨਾਲ ਬੈਠਕ ਕਰਨ ਦੇ ਬਾਅਦ ਇਹ ਹੁਕਮ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਹਾਲੇ ਸ਼ਹਿਰ ਦੇ ਸ਼ਾਪਿੰਗ ਮਾਲ, ਸਿਨੇਮਾ ਹਾਲ, ਥੀਏਟਰ, ਮਿਊਜ਼ੀਅਮ, ਜਿਮ, ਲਾਇਬਰੇਰੀ, ਸਪਾ, ਸੈਲੂਨ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਇਲਾਵਾ ਰੈਸਟੋਰੈਂਟ ਅਤੇ ਹੋਟਲ ਦੇ ਅੰਦਰ ਬਹਿ ਕੇ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ, ਸਿਰਫ਼ ਉਥੋਂ ਖਾਣਾ ਪੈਕ ਕਰਵਾ ਕੇ ਲਿਜਾਇਆ ਜਾ ਸਕੇਗਾ। ਪ੍ਰਸ਼ਾਸਨ ਨੇ ਸੰਪਰਕ ਕੇਂਦਰ ਨੂੰ ਖੋਲ੍ਹ ਦਿਤਾ ਹੈ। ਨਿਜੀ ਕੰਪਨੀਆਂ ਨੂੰ ਸਲਾ ਦਿਤੀ ਹੈ ਕਿ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਦੀ ਆਗਿਆ ਦਿਤੀ ਜਾਵੇ। ਪ੍ਰਸ਼ਾਸਕ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜੇ ਲੋਕਾਂ ਵਲੋਂ ਲਾਪਰਵਾਹੀ ਵਰਤੀ ਗਈ ਅਤੇ ਕੋਰੋਨਾ ਦੇ ਕੇਸ ਵਧਦੇ ਰਹੇ ਤਾਂ ਪਾਬੰਦੀਆਂ ਨੂੰ ਮੁੜ ਲਾਗੂ ਕਰ ਦਿਤਾ ਜਾਵੇਗਾ। ਫ਼ਿਲਹਾਲ ਸੁਖਨਾ ਲੇਕ ਅਤੇ ਰਾਕ ਗਾਰਡਨ ਵੀ ਬੰਦ ਹੀ ਰਹਿਣਗੇ।