ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੀ ਯਾਦਗਾਰ ਬਣਾਉਣ ਲਈ ਸਰਕਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਯਾਦਗਾਰ ਦਿੱਲੀ ਦੇ ਰਾਜਘਾਟ ਨੇੜੇ ਸਥਿਤ ਨੈਸ਼ਨਲ ਮੈਮੋਰੀਅਲ ਕੰਪਲੈਕਸ ‘ਚ 900 ਵਰਗ ਮੀਟਰ ਦੇ ਪਲਾਟ ‘ਤੇ ਬਣਾਈ ਜਾਵੇਗੀ। ਪਿਛਲੇ ਹਫ਼ਤੇ ਮਨਮੋਹਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੌਮੀ ਯਾਦਗਾਰ ਦਾ ਦੌਰਾ ਕੀਤਾ। ਇਸ ਮਗਰੋਂ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨੇ ਰਸਮੀ ਤੌਰ ’ਤੇ ਸਰਕਾਰ ਨੂੰ ਪ੍ਰਵਾਨਗੀ ਪੱਤਰ ਭੇਜ ਦਿੱਤਾ। ਮਨਮੋਹਨ ਸਿੰਘ ਦੀਆਂ ਧੀਆਂ ਉਪਿੰਦਰ ਸਿੰਘ ਅਤੇ ਦਮਯੰਤੀ ਸਿੰਘ ਆਪਣੇ ਪਤੀਆਂ ਨਾਲ ਪ੍ਰਸਤਾਵਿਤ ਜਗ੍ਹਾ ਦਾ ਮੁਆਇਨਾ ਕਰਨ ਲਈ ਗਈਆਂ ਸਨ।