ਐਸ ਏ ਐਸ ਨਗਰ : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਸ਼ਿਕੰਜਾ ਕੱਸਦਿਆਂ ਐਸ.ਏ.ਐਸ.ਨਗਰ ਪੁਲਿਸ ਨੇ ਪੁਲਿਸ ਦੀ 82ਵੀਂ ਬਟਾਲੀਅਨ ਦੇ ਹੈੱਡ ਕਾਂਸਟੇਬਲ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਕੋਲੋਂ 1.8 ਕਿਲੋਗ੍ਰਾਮ ਪਾਬੰਦੀਸ਼ੁਦਾ ਚਰਸ ਬਰਾਮਦ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਪਕ ਪਾਰੀਕ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਐਸ.ਏ.ਐਸ.ਨਗਰ ਨੇ ਮੀਡੀਆ ਨੂੰ ਦੱਸਿਆ ਕਿ 6 ਮਾਰਚ 2025 ਨੂੰ, ਪ੍ਰੀਤ ਕੰਵਰ ਸਿੰਘ, ਪ੍ਰੋਬੇਸ਼ਨਰ ਡੀ.ਐਸ.ਪੀ., ਐਸ.ਐਚ.ਓ. ਥਾਣਾ ਜ਼ੀਰਕਪੁਰ ਦੁਆਰਾ ਪੁਲਿਸ ਪਾਰਟੀ ਸਮੇਤ ਇਨ੍ਹਾਂ ਨਸ਼ਾ ਤਸਕਰਾਂ ਖਿਲਾਫ਼ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ।ਥਾਣਾ ਢਕੋਲੀ ਵਿਖੇ ਐਫ.ਆਈ.ਆਰ ਨੰਬਰ 24 ਮਿਤੀ 06-03-2025 ਧਾਰਾ 20-61-85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਦੋਸ਼ੀਆਂ ਨੂੰ ਐਕਟਿਵਾ ਰਜਿਸਟ੍ਰੇਸ਼ਨ ਨੰਬਰ HR-03Y-2683 ਸਮੇਤ ਕਾਬੂ ਕਰ ਲਿਆ ਗਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਵੇਰਵੇ ਦਿੰਦੇ ਹੋਏ ਐਸ ਐਸ ਪੀ ਦੀਪਕ ਪਾਰੀਕ ਨੇ ਦੱਸਿਆ ਕਿ ਇਨ੍ਹਾਂ ਵਿੱਚ ਗੁਰਜੀਤ ਸਿੰਘ ਉਰਫ ਮਨੀ ਉਰਫ ਗੰਜੀ ਪੁੱਤਰ ਹਰਵਿੰਦਰ ਸਿੰਘ ਵਾਸੀ ਮਕਾਨ ਨੰਬਰ 2562 ਮਾੜੀ ਵਾਲਾ ਟਾਊਨ ਮਨੀਮਾਜਰਾ, ਪੁਲਿਸ ਥਾਣਾ ਮਨੀਮਾਜਰਾ ਚੰਡੀਗੜ੍ਹ, ਦਵਿੰਦਰ ਕੁਮਾਰ ਪੁੱਤਰ ਪਿਰਥੀ ਚੰਦ ਵਾਸੀ ਪਿੰਡ ਜਟੋਲੀ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੂਪਨਗਰ (ਸੀਨੀਅਰ ਕਾਂਸਟੇਬਲ ਪੰਜਾਬ ਪੁਲਿਸ, ਬੈਲਟ ਨੰਬਰ 500/82 ਬਟਾਲੀਅਨ ਚੰਡੀਗੜ੍ਹ), ਅੰਕੁਸ਼ ਪਾਲ ਪੁੱਤਰ ਪਰਸ ਰਾਮ ਵਾਸੀ ਪਿੰਡ ਕੋਟਲਾ ਖੁਰਦ ਪੁਲਿਸ ਥਾਣਾ ਦਿਹਾਤੀ ਊਨਾ, ਹਿਮਾਚਲ ਪ੍ਰਦੇਸ਼ ਸ਼ਾਮਿਲ ਹਨ।
ਦੋਸ਼ੀ ਗੁਰਜੀਤ ਸਿੰਘ ਉਰਫ ਮਨੀ ਦੇ ਪਿਛਲੇ ਅਪਰਾਧਿਕ ਰਿਕਾਰਡ 'ਤੇ ਚਾਨਣਾ ਪਾਉਂਦੇ ਹੋਏ, ਐਸ.ਐਸ.ਪੀ. ਨੇ ਦੱਸਿਆ ਕਿ ਉਸ ਵਿਰੁੱਧ ਪਹਿਲਾਂ ਐਫ.ਆਈ.ਆਰ. ਨੰ: 83, ਮਿਤੀ 11-06-2024, ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-61-85 ਅਧੀਨ ਥਾਣਾ ਧਾਲੀ, ਸ਼ਿਮਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ, ਜਦਕਿ ਅੰਕੁਸ਼ ਖ਼ਿਲਾਫ਼ ਮੁਕੱਦਮਾ ਨੰਬਰ 116, ਮਿਤੀ 05-07-2024, ਐਨ.ਡੀ.ਪੀ.ਐਸ. ਐਕਟ ਦੀ ਧਾਰਾ 21, 29-61-85 ਅਧੀਨ ਥਾਣਾ ਧਾਲੀ ਜਿਲ੍ਹਾ ਸ਼ਿਮਲਾ ਵਿਖੇ ਦਰਜ ਹੈ।
ਮੁਲਜ਼ਮਾਂ ਨੂੰ ਪੁਲਿਸ ਰਿਮਾਂਡ 'ਤੇ ਲੈ ਲਿਆ ਗਿਆ ਹੈ ਅਤੇ ਡਰੱਗ ਸਪਲਾਈ ਚੇਨ ਦੇ ਹੋਰ ਸਬੰਧਾਂ ਦਾ ਪਤਾ ਕਰਨ ਲਈ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਐਸ.ਐਸ.ਪੀ ਨੇ ਅੱਗੇ ਦੱਸਿਆ ਕਿ ਇਸ ਗ੍ਰਿਫਤਾਰੀ ਤੋਂ ਇਲਾਵਾ ਵੀ ਮੋਹਾਲੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਉਨ੍ਹਾਂ ਦੇ ਵੱਖ-ਵੱਖ ਟਿਕਾਣਿਆਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਲ ਹੀ ਦੇ ਦਿਨਾਂ ਵਿੱਚ, ਕਈ ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਜਿਸ ਦੇ ਨਤੀਜੇ ਵਜੋਂ ਕਈ ਗ੍ਰਿਫਤਾਰੀਆਂ ਹੋਈਆਂ ਹਨ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਉਨ੍ਹਾਂ ਨੇ ਐਸ. ਏ. ਐਸ. ਨਗਰ ਪੁਲਿਸ ਦੀ ਜ਼ਿਲੇ ਵਿਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖ਼ਤਮ ਕਰਨ ਦੀ ਵਚਨਬੱਧਤਾ ਦਾ ਪ੍ਰਗਟਾਵਾ ਵੀ ਕੀਤਾ।