ਪਟਿਆਲਾ : ਪਿਛਲੇ ਕਈ ਦਿਨਾਂ ਤੋਂ ਪੰਜਾਬ ਕਾਂਗਰਸ ਵਿਚ ਕਲੇਸ਼ ਵੱਧ ਗਿਆ ਹੈ। ਇਸ ਦਾ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਮੰਨਿਆ ਜਾ ਰਿਹਾ ਹੈ ਕਿਉਕਿ ਉਨ੍ਹਾਂ ਨੇ ਪੰਜਾਬ ਵਾਸੀਆਂ ਅਤੇ ਕਿਸਾਨਾਂ ਦੇ ਹੱਕ ਵਿਚ ਆਪਣੇ ਪੱਧਰ ਉਤੇ ਆਵਾਜ਼ ਬੁਲੰਦ ਕੀਤੀ ਹੈ। ਇਥੇ ਦਸ ਦਈਏ ਕਿ ਪਿਛਲੇ ਦਿਨੀ ਹੀ ਸਿੱਧੂ ਨੇ ਐਲਾਨ ਕੀਤਾ ਸੀ ਕਿ ਉਹ ਕਿਸਾਨੀ ਸੰਘਰਸ਼ ਦੇ ਹੱਕ ਵਿਚ ਆਪਣੇ ਘਰ ਵੀ ਕਾਲਾ ਝੰਡਾ ਰੋਸ ਵਜੋਂ ਲਹਿਰਾਉਣਗੇ। ਇਸੇ ਐਲਾਨ ਨੂੰ ਅਮਲੀ ਜਾਮਾ ਪਹਿਣਾਉਂਦੇ ਹੋਏ ਉ੍ਨ੍ਹਾਂ ਨੇ ਅੱਜ ਆਪਣੇ ਘਰ ਦੀ ਛੱਤ ਉਤੇ ਕਾਲਾ ਝੰਡਾ ਲਹਿਰਾ ਦਿਤਾ ਹੈ। ਜਾਣਕਾਰੀ ਅਨੁਸਾਰ ਸਿੱਧੂ ਨੇ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਜਾਹਰ ਕਰਨ ਲਈ ਪਟਿਆਲਾ ਸਥਿਤ ਆਪਣੀ ਰਿਹਾਇਸ਼ 'ਤੇ ਕਾਲਾ ਝੰਡਾ ਲਹਿਰਾਇਆਹੈ। ਇਸ ਦੌਰਾਨ ਉਨ੍ਹਾਂ ਦੀ ਧਰਮ ਪਤਨੀ ਸਾਬਕਾ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਵੀ ਉਨ੍ਹਾਂ ਦੇ ਨਾਲ ਸੀ। ਇਥੇ ਦਸ ਦਈਏ ਕਿ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਵਲੋਂ 26 ਮਈ ਨੂੰ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਕਰਨ ਲਈ ਆਪਣੇ ਘਰਾਂ ਤੇ ਕਾਲੇ ਝੰਡੇ ਲਹਿਰਾਉਣ ਦੀ ਅਪੀਲ ਕੀਤੀ ਸੀ ਪਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਐਲਾਨ ਮੁਤਾਬਕ ਇਹ ਕਾਲਾ ਰੋਸ ਪ੍ਰਗਟਾਉਂਦਾ ਝੰਡਾ ਪਹਿਲਾਂ ਹੀ ਲਹਿਰਾ ਦਿਤਾ ਹੈ। ਹੁਣ ਇਥੇ ਵੇਖਣਾ ਇਹ ਹੈ ਕਿ ਹੋਰ ਕਾਂਗਰਸੀਆਂ ਦਾ ਇਸ ਬਾਰੇ ਕੀ ਪ੍ਰੀਤੀਕਰਮ ਆਉਂਦਾ ਹੈ ਕਿਉਕਿ ਹੁਣ ਤਕ ਕਿਸੇ ਹੋਰ ਕਾਂਗਰਸੀ ਐਮਐਲਏ ਜਾਂ ਕਿਸੇ ਵੀ ਕਾਂਗਰਸੀ ਵਿਧਾਇਕ ਜਾਂ ਮੰਤਰੀ ਨੇ ਅਜਿਹਾ ਨਹੀਂ ਕੀਤਾ।