ਮੋਹਾਲੀ : ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਅੱਜ ਸਵੇਰੇ ਅਚਨਚੇਤ ਜ਼ਿਲ੍ਹਾ ਹਸਪਤਾਲ ਦੇ ਰਜਿਸਟਰੇਸ਼ਨ ਕਾਊਂਟਰ ’ਤੇ ਪੁੱਜ ਕੇ ਮਰੀਜ਼ਾਂ ਦੀਆਂ ਪਰਚੀਆਂ ਬਣਾਉਣ ਦਾ ਕੰਮ ਵੇਖਿਆ। ਉਨ੍ਹਾਂ ਕੁੱਝ ਮਰੀਜ਼ਾਂ ਦੀਆਂ ਪਰਚੀਆਂ ਚੈੱਕ ਕੀਤੀਆਂ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਵੇਖਿਆ ਕਿ ਰਜਿਸਟਰੇਸ਼ਨ ਕਾਊਂਟਰ ਹਸਪਤਾਲ ਖੁਲ੍ਹਣ ਦੇ ਤੈਅ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਖੁਲ੍ਹਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਹਦਾਇਤ ਕੀਤੀ ਸੀ ਕਿ ਰਜਿਸਟਰੇਸ਼ਨ ਕਾਊਂਟਰ ਅੱਧਾ ਘੰਟਾ ਪਹਿਲਾਂ ਖੋਲ੍ਹੇ ਜਾਣ। ਉਨ੍ਹਾਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ. ਚੀਮਾ ਨੂੰ ਹਦਾਇਤ ਕੀਤੀ ਕਿ ਹਮੇਸ਼ਾ ਹੀ ਇਹ ਯਕੀਨੀ ਬਣਾਇਆ ਜਾਵੇ ਕਿ ਗਰਮੀਆਂ ਦੇ ਸਮੇਂ ਵਿਚ ਰਜਿਸਟਰੇਸ਼ਨ ਕਾਊਂਟਰ ਸਵੇਰੇ 7.30 ਵਜੇ ਅਤੇ ਸਰਦੀਆਂ ਵਿਚ ਸਵੇਰੇ 8.30 ਵਜੇ ਖੋਲਿ੍ਹਆ ਜਾਵੇ ਤਾਕਿ ਮਰੀਜ਼ਾਂ ਦੀਆਂ ਕਤਾਰਾਂ ਨਾ ਲੱਗਣ ਅਤੇ ਉਨ੍ਹਾਂ ਦੇ ਜਾਂਚ ਤੇ ਇਲਾਜ ਦਾ ਕੰਮ ਵੀ ਸਮੇਂ ਸਿਰ ਹੋ ਸਕੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਡਾਕਟਰਾਂ ਨੂੰ ਮਰੀਜ਼ਾਂ ਦਾ ਇਲਾਜ ਕਰਨ ਵਿਚ ਵੀ ਸੌਖ ਰਹੇਗੀ ਅਤੇ ਮਰੀਜ਼ਾਂ ਦਾ ਵੀ ਸਮਾਂ ਬਚੇਗਾ। ਸਿਵਲ ਸਰਜਨ ਨੇ ਦੁਹਰਾਇਆ ਕਿ ਮਰੀਜ਼ਾਂ ਦੀ ਪਰਚੀ ਉਤੇ ਡਾਕਟਰ ਦੁਆਰਾ ਕੋਈ ਵੀ ਅਜਿਹੀ ਦਵਾਈ ਨਾ ਲਿਖੀ ਜਾਵੇ ਜਿਹੜੀ ਹਸਪਤਾਲ ਦੀ ਫ਼ਾਰਮੇਸੀ ਵਿਚ ਉਪਲਭਧ ਨਾ ਹੋਵੇ। ਜੇ ਕਿਸੇ ਕਾਰਨ ਦਵਾਈ ਪ੍ਰਾਈਵੇਟ ਕੈਮਿਸਟ ਕੋਲ ਉਪਲਭਧ ਹੈ ਤਾਂ ਮਰੀ ਵਾਸਤੇ ਸਬੰਧਤ ਦਵਾਈ ਉਪਲਭਧ ਕਰਾਈ ਜਾਵੇ। ਡਾ. ਜੈਨ ਨੇ ਆਖਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦਾ ਪਹਿਲਾ ਫ਼ਰਜ਼ ਹੈ।