ਮੋਹਾਲੀ : ਮੋਹਾਲੀ ਪ੍ਰੈੱਸ ਕਲੱਬ ਦੀ ਸਾਲ 2025-26 ਲਈ ਗਵਰਨਿੰਗ ਬਾਡੀ ਦੀ ਚੋਣ ਵਿਚ ਪਟਵਾਰੀ-ਸ਼ਾਹੀ ਗਰੁੱਪ ਨੇ ਇਕਤਰਫਾ ਜਿੱਤ ਦਰਜ ਕੀਤੀ ਹੈ। ਮੁੱਖ ਚੋਣ ਕਮਿਸ਼ਨਰ ਹਰਿੰਦਰ ਪਾਲ ਸਿੰਘ ਹੈਰੀ ਅਤੇ ਚੋਣ ਕਮਿਸ਼ਨਰ ਕੁਲਵਿੰਦਰ ਸਿੰਘ ਬਾਵਾ ਤੇ ਅਮਰਦੀਪ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਇਸ ਚੋਣ ਵਿਚ ਅੱਜ ਸਵੇਰੇ 10.00 ਤੋਂ ਦੁਪਹਿਰ 2.00 ਵਜੇ ਤੱਕ ਸਿਰਫ਼ ਜਨਰਲ ਸਕੱਤਰ ਦੇ ਅਹੁਦੇ ਲਈ ਵੋਟਾਂ ਪਾਉਣ ਦਾ ਕੰਮ ਸੰਪੰਨ ਹੋਇਆ। ਕਰੀਬ 2.30 ਵਜੇ ਮੁੱਖ ਚੋਣ ਕਮਿਸ਼ਨਰ ਵਲੋਂ ਚੋਣ ਨਤੀਜੇ ਦਾ ਐਲਾਨ ਕੀਤਾ ਗਿਆ ਜਿਸ ਵਿਚ ਕੁੱਲ 98 ਮੈਂਬਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ। ਇਸ ਦੌਰਾਨ ਪਟਵਾਰੀ-ਸ਼ਾਹੀ ਗਰੁੱਪ ਦੇ ਗੁਰਮੀਤ ਸਿੰਘ ਸ਼ਾਹੀ ਨੂੰ 77 ਵੋਟਾਂ ਤੇ ਤਿਲਕ ਰਾਜ ਨੂੰ 19 ਵੋਟਾਂ ਪਈਆਂ ਜਦਕਿ ਦੋ ਵੋਟਾਂ ਰੱਦ ਹੋਈਆਂ। ਇਸ ਤਰ੍ਹਾਂ ਗੁਰਮੀਤ ਸਿੰਘ ਸ਼ਾਹੀ ਨੇ ਜਨਰਲ ਸਕੱਤਰ ਦੇ ਅਹੁਦੇ ਲਈ ਵੱਡੀ ਜਿੱਤ ਹਾਸਲ ਕੀਤੀ।