ਮੋਹਾਲੀ : ‘ਸਵੱਛ ਭਾਰਤ’ ਮੁਹਿੰਮ ਤਹਿਤ ਚਲਾਏ ਜਾ ਰਹੇ ਕਾਇਆਕਲਪ ਪ੍ਰੋਗਰਾਮ ਅਧੀਨ ਵੱਡੀ ਪੁਲਾਂਘ ਪੁੱਟਦਿਆਂ ਜ਼ਿਲ੍ਹਾ ਹਸਪਤਾਲ ਮੋਹਾਲੀ ਨੇ ਪੰਜਾਬ ਭਰ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਜ਼ਿਲ੍ਹੇ ਦੀਆਂ ਅੱਠ ਹੋਰ ਸਰਕਾਰੀ ਸਿਹਤ ਸੰਸਥਾਵਾਂ ਨੇ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਇਹ ਵੱਕਾਰੀ ਰੁਤਬੇ ਹਾਸਲ ਹੋਣ ’ਤੇ ਕੇਕ ਕੱਟ ਕੇ ਖ਼ੁਸ਼ੀ ਮਨਾਉਂਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦਸਿਆ ਕਿ ਕਾਇਆਕਲਪ ਪ੍ਰੋਗਰਾਮ ਅਧੀਨ ਹਰ ਸਾਲ ਸਿਹਤ ਸੰਸਥਾਵਾਂ ਨੂੰ ਕਈ ਪੈਮਾਨਿਆਂ ’ਤੇ ਜਾਂਚਿਆ ਜਾਂਦਾ ਹੈ ਜਿਨ੍ਹਾਂ ਵਿਚ ਮੁੱਖ ਤੌਰ ’ਤੇ ਸਾਫ਼-ਸਫ਼ਾਈ, ਮਰੀਜ਼ਾਂ ਦੇ ਬੈਠਣ ਲਈ ਪ੍ਰਬੰਧ, ਸਜਾਵਟ, ਸਟਾਫ਼ ਦੀ ਡਰੈਸ, ਪੀਣ ਵਾਲਾ ਪਾਣੀ, ਪਾਰਕ, ਮਰੀਜ਼ਾਂ ਲਈ ਡਾਕਟਰੀ ਸਹੂਲਤਾਂ, ਹਸਪਤਾਲ ਦਾ ਸਮੁੱਚਾ ਵਾਤਾਵਰਣ ਆਦਿ ਸ਼ਾਮਲ ਹੁੰਦੇ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਪੈਮਾਨਿਆਂ ’ਤੇ ਜ਼ਿਲ੍ਹਾ ਹਸਪਤਾਲ ਨੇ 100 ਵਿਚੋਂ 80.2 ਫ਼ੀਸਦੀ ਅੰਕ ਹਾਸਲ ਕੀਤੇ ਹਨ। ਮੁਢਲਾ ਸਿਹਤ ਕੇਂਦਰਾਂ ਦੀ ਸ਼੍ਰੇਣੀ ਵਿਚ ਪੀ.ਐਚ.ਸੀ. ਬੂਥਗੜ੍ਹ ਨੇ 81 ਫ਼ੀਸਦੀ ਅੰਕ ਹਾਸਲ ਕਰਕੇ ਜ਼ਿਲ੍ਹਾ ਭਰ ਵਿਚੋਂ ਪਹਿਲਾ ਅਤੇ ਪੰਜਾਬ ਭਰ ਵਿਚੋਂ ਅੱਠਵਾਂ ਸਥਾਨ ਸਥਾਨ ਮੱਲਿਆ ਹੈ। ਇਸੇ ਤਰ੍ਹਾਂ ਖਰੜ ਸਬ-ਡਵੀਜ਼ਨਲ ਹਸਪਤਾਲ ਨੇ 81.1 ਫੀਸਦੀ ਅੰਕਾਂ ਨਾਲ ਪੰਜਾਬ ਭਰ ਵਿਚੋਂ 10ਵਾਂ ਸਥਾਨ ਅਤੇ ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਨੇ 76.3 ਅੰਕਾਂ ਨਾਲ 17 ਵਾਂ ਸਥਾਨ ਹਾਸਲ ਕੀਤਾ ਹੈ। ਕਮਿਊਨਿਟੀ ਹੈਲਥ ਸੈਂਟਰ ਸ਼੍ਰੇਣੀ ਵਿਚ ਲਾਲੜੂੂ ਅਤੇ ਢਕੋਲੀ ਦੇ ਹਸਪਤਾਲਾਂ ਨੇ 77.30 ਫ਼ੀਸਦੀ ਅੰਕ ਹਾਸਲ ਕਰਕੇ ਪੰਜਾਬ ਭਰ ਵਿਚੋਂ 34ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਸ਼ਹਿਰੀ ਮੁਢਲਾ ਸਿਹਤ ਕੇਂਦਰ ਦੀ ਸ਼੍ਰੇਣੀ ਵਿਚ ਮਜਾਤ ਅਤੇ ਮੁੱਲਾਂਪੁਰ ਗ਼ਰੀਬਦਾਸ ਦੇ ਸਿਹਤ ਕੇਂਦਰਾਂ ਨੇ ਪੰਜਾਬ ਭਰ ਵਿਚੋਂ ਕ੍ਰਮਵਾਰ ਚੌਥਾ ਅਤੇ 12ਵਾਂ ਸਥਾਨ ਮੱਲਿਆ ਹੈ। ਹੈਲਥ ਐਂਡ ਵੈਲਨੈਥ ਕੇਂਦਰ ਸਨੇਟਾ ਨੂੰ 74 ਫ਼ੀਸਦੀ ਅੰਕਾਂ ਨਾਲ ਪੰਜਾਬ ਭਰ ਵਿਚੋਂ ਚੌਥਾ ਸਥਾਨ ਮਿਲਿਆ ਹੈ।
ਸਿਵਲ ਸਰਜਨ ਨੇ ਇਨ੍ਹਾਂ ਅਹਿਮ ਪ੍ਰਾਪਤੀਆਂ ਲਈ ਸਖ਼ਤ ਮਿਹਨਤ ਕਰਨ ਵਾਲੇ ਅਧਿਕਾਰੀਆਂ ਦੀ ਭਰਵੀਂ ਸ਼ਲਾਘਾ ਕੀਤੀ ਜਿਨ੍ਹਾਂ ਵਿਚ ਮੁੱਖ ਤੌਰ ’ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਪ੍ਰਦੇਸੀ, ਜ਼ਿਲ੍ਹਾ ਪਰਵਾਰ ਭਲਾਈ ਅਫ਼ਸਰ ਡਾ. ਨਿਧੀ, ਐਸ.ਐਮ.ਓ. ਡਾ. ਵਿਜੇ ਭਗਤ, ਡਾ. ਐਚ.ਐਸ.ਚੀਮਾ, ਡਾ. ਸੰਗੀਤਾ ਜੈਨ, ਡਾ. ਮਨੋਹਰ ਸਿੰਘ, ਡਾ. ਪੋਮੀ ਚਤਰਥ, ਡਾ. ਜਸਕਿਰਨਦੀਪ ਕੌਰ, ਡਾ. ਨਵੀਨ ਕੌਸ਼ਿਕ, ਡਾ. ਸੁਰਿੰਦਰਪਾਲ ਕੌਰ, ਡਾ. ਬਬਨਦੀਪ ਕੌਰ, ਡਾ. ਅਰੁਣ ਬਾਂਸਲ ਆਦਿ ਸ਼ਾਮਲ ਹਨ। ਸਿਵਲ ਸਰਜਨ ਨੇ ਕਿਹਾ ਕਿ ਜਦੋਂ ਪਿਛਲੇ ਸਾਲ ਕਾਇਆਕਲਪ ਪ੍ਰੋਗਰਾਤ ਤਹਿਤ ਹਸਪਤਾਲਾਂ ਦੀ ਚੈਕਿੰਗ ਹੋ ਰਹੀ ਸੀ ਤਾਂ ਉਸ ਵੇਲੇ ਵੀ ਕੋਵਿਡ ਮਹਾਂਮਾਰੀ ਦਾ ਦੌਰ ਚੱਲ ਰਿਹਾ ਸੀ। ਉਸ ਵੇਲੇ ਸਮੁੱਚਾ ਸਿਹਤ ਅਮਲਾ ਇਸ ਬੀਮਾਰੀ ਦੇ ਖ਼ਾਤਮੇ ਲਈ ਜੱਦੋਜਹਿਦ ਕਰ ਰਿਹਾ ਸੀ ਪਰ ਸਮੁੱਚੇ ਸਟਾਫ਼ ਖ਼ਾਸਕਰ ਅਧਿਕਾਰੀਆਂ ਨੇ ਕੋਵਿਡ ਡਿਊਟੀ ਦੇ ਨਾਲ-ਨਾਲ ਹਸਪਤਾਲਾਂ ਨੂੰ ਹਰ ਪੱਖੋਂ ਬਿਹਤਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਜਿਸ ਕਾਰਨ ਇਸ ਪ੍ਰਾਪਤੀ ਦਾ ਸਿਹਰਾ ਉਨ੍ਹਾਂ ਨੂੰ ਹੀ ਜਾਂਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਧਿਕਾਰੀ ਹੋਰ ਜ਼ਿਆਦਾ ਮਿਹਨਤ ਅਤੇ ਲਗਨ ਨਾਲ ਕੰਮ ਕਰਦਿਆਂ ਜ਼ਿਲ੍ਹੇ ਦੀਆਂ ਸਾਰੀਆਂ ਸੰਸਥਾਵਾਂ ਨੂੰ ਅੱਵਲ ਨੰਬਰ ’ਤੇ ਲਿਆਉਣਗੇ ਤਾਕਿ ਲੋਕਾਂ ਨੂੰ ਇਨ੍ਹਾਂ ਸੰਸਥਾਵਾਂ ਵਿਚ ਹੋਰ ਚੰਗੀਆਂ ਅਤੇ ਬਿਹਤਰ ਸਿਹਤ ਸਹੂਲਤਾਂ ਮਿਲ ਸਕਣ।