ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ Twitt ਕਰਦੇ ਹੋਏ ਭਾਰਤ ਸਰਕਾਰ ਨੂੰ ਨਿਸ਼ਾਨੇ ਉਤੇ ਲਿਆ ਹੈ। ਉਨ੍ਹਾਂ ਆਪਣੇ ਟਵੀਟਰ ਉਤੇ ਲਿਖਿਆ ਹੈ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਅਤੇ ਕਿਸਾਨੀ ਨੂੰ ਬਚਾਉਣਾ ਜ਼ਰੂਰੀ ਹੈ ਕਿਉਕਿ ਤਿੰਨ ਕਾਲੇ ਖੇਤੀ ਕਾਨੂੰਨ ਪੰਜਾਬ ਦੀ ਕਿਰਸਾਨੀ ਦੇ ਖ਼ਾਤਮੇ ਦਾ ਕਾਰਨ ਬਣਨਗੇ ਅਤੇ ਇਹ ਕਾਨੂੰਨ ਭਾਰਤ ਦੀ ਕੁੰਜੀ ਚੋਣਵੇਂ ਪੂੰਜੀਪਤੀਆਂ ਦੇ ਹੱਥਾਂ ਵਿਚ ਦੇਣ ਦਾ ਰਸਤਾ ਵੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਕਾਨੂੰਨ ਰੱਦ ਵੀ ਹੋ ਜਾਣ ਪਰ ਪੂੰਜੀਪਤੀ ਆਪਣੇ ਮਕਸਦ 'ਚ ਸ਼ਾਇਦ ਕਾਮਯਾਬ ਹੋ ਸਕਦੇ ਹਨ। ਜਦੋਂ ਤਕ ਪੰਜਾਬ ਰਾਜ ਐੱਮਐੱਸਪੀ ਦੇਣੀ ਯਕੀਨੀ ਨਹੀਂ ਬਣਾਉਂਦਾ ਤੇ ਭੰਡਾਰਨ ਦੀ ਸਮਰੱਥਾ ਕਿਸਾਨਾਂ ਦੇ ਹੱਥ ਦੇਣ ਵੱਲ ਨਹੀਂ ਵੱਧਦਾ, ਓਨੀ ਦੇਰ ਤਕ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਹੀਂ।
ਇਥੇ ਦਸਣਯੋਗ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਬੀਤੇ ਦਿਨਾਂ ਤੋਂ ਕਿਸਾਨਾਂ ਦੇ ਹੱਕ ਵਿਚ ਲਗਾਤਾਰ ਆਵਾਜ਼ ਬੁਲੰਦ ਕਰਦੇ ਆ ਰਹੇ ਹਨ ਅਤੇ ਇਸੇ ਲੜੀ ਵਿਚ 26 ਮਈ ਨੂੰ ਕਿਸਾਨਾਂ ਨੇ 'ਕਾਲਾ ਦਿਵਸ' ਮਨਾਇਆ ਸੀ ਤੇ ਹਰੇਕ ਨੂੰ ਆਪਣੇ ਘਰ ਦੀ ਛੱਤ 'ਤੇ ਕਾਲਾ ਝੰਡਾ ਲਾਉਣ ਦਾ ਸੱਦਾ ਦਿੱਤਾ ਸੀ ਜਿਸ ਨੂੰ ਪੰਜਾਬ 'ਚ ਭਰਵਾਂ ਹੁੰਗਾਰਾ ਵੀ ਮਿਲਿਆ। ਨਵਜੋਤ ਸਿੰਘ ਸਿੱਧੂ ਨੇ ਵੀ ਪਤਨੀ ਸਮੇਤ ਆਪਣੀ ਪਟਿਆਲਾ ਰਿਹਾਇਸ਼ 'ਤੇ ਕਾਲਾ ਝੰਡਾ ਲਹਿਰਾਇਆ ਜਦਕਿ ਉਨ੍ਹਾਂ ਦੀ ਧੀ ਰਾਬੀਆ ਨੇ ਅੰਮ੍ਰਿਤਸਰ ਸਥਿਤ ਕੋਠੀ 'ਤੇ ਕਾਲਾ ਝੰਡਾ ਲਹਿਰਾਇਆ ਅਤੇ ਖੇਤੀ ਕਾਨੂੰਨਾਂ ਵਿਰੁਧ ਆਪਣਾ ਰੋਸ ਜਾਹਰ ਕੀਤਾ ਸੀ।