ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਅੱਜ ਸਮੂਹ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੋਡਲ ਅਧਿਕਾਰੀਆਂ ਨਾਲ ਵੋਟਰ ਸੂਚੀਆਂ ਬਾਰੇ ਸਮੀਖਿਆ ਮੀਟਿੰਗ ਕੀਤੀ।
ਇਹ ਮੀਟਿੰਗ ਭਾਰਤੀ ਚੋਣ ਕਮਿਸ਼ਨ ਦੇ ਸਕੱਤਰ ਜਨਰਲ ਸ੍ਰੀ ਉਮੇਸ਼ ਸਿਨਹਾ ਦੀ ਪ੍ਰਧਾਨਗੀ ਹੇਠ ਹੋਈ ਜਿਸਦਾ ਉਦੇਸ਼ ਵਿਸ਼ੇਸ਼ ਤੌਰ ਉਨ੍ਹਾਂ ਰਾਜ ਦੀਆਂ ਵੋਟਰ ਸੂਚੀਆਂ ਨੂੰ ਪੂਰੀ ਤਰ੍ਹਾਂ ਦਰੁਸਤ ਕਰਨਾ ਅਤੇ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਨਵੇਂ ਨਿਯਮ ਅਤੇ ਸ਼ਰਤਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ ਜਿਨ੍ਹਾਂ ਵਿਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣੀਆਂ ਹਨ ਇਨ੍ਹਾਂ ਵਿਚ ਪੰਜਾਬ ਰਾਜ ਵੀ ਸ਼ਾਮਲ ਹੈ। ਮੀਟਿੰਗ ਵਿੱਚ ਆਮ ਤੌਰ `ਤੇ ਦਰਪੇਸ਼ ਮੁੱਦਿਆਂ ਜਿਵੇਂ ਡੈਮੋਗ੍ਰਾਫਿਕ ਸਮਾਨ ਐਂਟਰੀਜ਼ (ਡੀਐਸਈਜ਼), ਰਿਪੀਟ (ਦੁਹਰਾਉਣਾ) ਈ.ਪੀ.ਆਈ.ਸੀਜ਼ ਅਤੇ ਤਰਕਪੂਰਨ ਤਰੁੱਟੀਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ (ਸੀਈਓ) ਨੂੰ ਹਦਾਇਤ ਕੀਤੀ ਗਈ ਕਿ ਉਹ ਇਨ੍ਹਾਂ ਤਰੁੱਟੀਆਂ ਨੂੰ ਹਟਾਉਣ ਲਈ ਆਪਣੇ ਪੱਧਰ `ਤੇ ਢੁੱਕਵੇਂ ਕਦਮ ਚੁੱਕਣ ਤਾਂ ਜੋ ਤਰੁੱਟੀ ਰਹਿਤ ਅਤੇ ਦਰੁਸਤ ਵੋਟਰ ਸੂਚੀਆਂ ਨੂੰ ਯਕੀਨੀ ਬਣਾਇਆ ਜਾ ਸਕੇ। ਚੋਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਇਸਨੂੰ ਵੋਟਰਾਂ ਲਈ ਸੁਖਾਲਾ ਬਣਾਉਣ ਦੇ ਉਦੇਸ਼ ਨਾਲ ਕਮਿਸ਼ਨ ਨੇ ਕਈ ਮਹੱਤਵਪੂਰਨ ਫੈਸਲੇ ਲਏ ਹਨ ਜਿਨ੍ਹਾਂ ਵਿੱਚ ਡੁਪਲੀਕੇਟ ਈਪੀਆਈਸੀ ਮੁਫਤ ਜਾਰੀ ਕਰਨਾ ਅਤੇ ਈ.ਪੀ.ਆਈ.ਸੀ. ਦੀ ਸਪੀਡ ਪੋਸਟ ਰਾਹੀਂ ਡਲਿਵਰ ਕਰਨ ਲਈ ਭਾਰਤੀ ਡਾਕ ਵਿਭਾਗ ਨਾਲ ਤਾਲਮੇਲ ਕਰਨਾ ਸ਼ਾਮਲ ਹੈ।
ਡੁਪਲੀਕੇਟ ਈ.ਪੀ.ਆਈ.ਸੀਜ਼ ਪਹਿਲਾਂ 25 ਰੁਪਏ ਦੀ ਫੀਸ ਅਦਾ ਕੀਤੇ ਜਾਣ ਤੋਂ ਬਾਅਦ ਜਾਰੀ ਕੀਤੇ ਜਾਂਦੇ ਸਨ। ਕਮਿਸ਼ਨ ਨੇ ਹੁਣ ਵੋਟਰਾਂ ਦੀ ਸਹੂਲਤ ਲਈ ਡੁਪਲੀਕੇਟ ਈ.ਪੀ.ਆਈ.ਸੀਜ਼ ਮੁਫਤ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਵੋਟਰ ਆਨਲਾਈਨ/ਆਫ਼ਲਾਈਨ ਵਿਧੀ ਜ਼ਰੀਏ ਵੀ ਅਪਲਾਈ ਕਰ ਸਕਦੇ ਹਨ। ਵੋਟਰ www.nvsp portal ਪੋਰਟਲ ਵੋਟਰ ਹੈਲਪਲਾਈਨ ਮੋਬਾਈਲ ਐਪ ਰਾਹੀਂ ਫਾਰਮ ਨੰਬਰ-001 ਆਨਲਾਈਨ ਭਰ ਕੇ ਡੁਪਲੀਕੇਟ ਈ.ਪੀ.ਆਈ.ਸੀ. ਲਈ ਬਿਨੈ ਕਰ ਸਕਦੇ ਹਨ।
ਈ.ਪੀ.ਆਈ.ਸੀਜ਼ ਪਹਿਲਾਂ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਦੁਆਰਾ ਡਲਿਵਰ ਕੀਤੇ ਜਾਂਦੇ ਸਨ। ਸਮੁੱਚੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ, ਕਮਿਸ਼ਨ ਨੇ ਹੁਣ ਸਪੀਡ ਪੋਸਟ ਜ਼ਰੀਏ ਈਪੀਆਈਸੀਜ਼ ਡਲਿਵਰ ਕਰਨ ਲਈ ਭਾਰਤੀ ਡਾਕ ਵਿਭਾਗ ਨਾਲ ਤਾਲਮੇਲ ਕੀਤਾ ਹੈ।
ਕਮਿਸ਼ਨ ਨੇ ਕੋਵਿਡ-19 ਸਬੰਧੀ ਜਾਰੀ ਨਿਰਦੇਸ਼ਾਂ ਦੇ ਮੱਦੇਨਜਰ ਉਨ੍ਹਾਂ ਰਾਜਾਂ, ਜਿਥੇ ਵਿਧਾਨ ਸਭਾ ਚੋਣਾਂ ਅਗਲੇ ਇਕ ਸਾਲ ਵਿਚ ਹੋਣ ਜਾ ਰਹੀਆਂ ਹਨ, ਨੂੰ 100 ਫੀਸਦੀ ਐਨਰੋਲਮੈਂਟ ਯਕੀਨੀ ਬਣਾਉਣ ਅਤੇ ਅਤੇ ਵੋਟਰ ਸੂਚੀਆਂ ਨੂੰ ਦਰੁਸਤ ਕਰਨ ਲਈ ਵੋਟਰ ਸੂਚੀਆਂ ਨੂੰ ਲਗਾਤਾਰ ਅਪਡੇਟ ਕਰਨ `ਤੇ ਧਿਆਨ ਕੇਂਦਰਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਚੋਣ ਅਧਿਕਾਰੀ, ਪੰਜਾਬ ਡਾ. ਐਸ. ਕਰੁਣਾ ਰਾਜੂ ਅਤੇ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਮਾਧਵੀ ਕਟਾਰੀਆ ਮੌਜੂਦ ਸਨ।