ਚੰਡੀਗੜ :ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸੂਬੇ ਵਿਚ ਸਥਾਪਤ ਹੋਣ ਵਾਲੇ ਵੱਡੇ ਪ੍ਰੋਜੈਕਟਾਂ ਨੂੰ ਮਿੱਥੇ ਸਮੇਂ ਵਿਚ ਜੰਗੀ ਪੱਧਰ ’ਤੇ ਪੂਰਾ ਕਰਕੇ ਲੋਕ ਅਰਪਣ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨਾਂ ਕਿਹਾ ਕਿ ਲੋਕ ਮਹੱਤਤਾ ਵਾਲੇ ਸਾਰੇ ਪ੍ਰੋਜੈਕਟਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇ ਤਾਂ ਜੋ ਪੰਜਾਬ ਵਾਸੀ ਜ਼ਰੂਰੀ ਸਹੂਲਤਾਂ ਦਾ ਲਾਭ ਲੈ ਸਕਣ।
ਇੱਥੇ ਸਬੰਧਤ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨਾਲ ਜਨਤਕ ਨਿਵੇਸ਼ ਪ੍ਰਬੰਧਨ ਕਮੇਟੀ ਦੀ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਹੁਤ ਸਾਰੇ ਲੋਕ ਪੱਖੀ ਪ੍ਰੋਜੈਕਟ ਪੰਜਾਬ ਵਾਸੀਆਂ ਲਈ ਸ਼ੁਰੂ ਕੀਤੇ ਗਏ ਹਨ ਅਤੇ ਇਨਾਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਲੋਕ ਅਰਪਣ ਕਰਨਾ ਉਨਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ, ਜਿਸ ਵਿਭਾਗ ਨਾਲ ਇਹ ਪ੍ਰੋਜੈਕਟ ਸਬੰਧਤ ਹਨ।
ਮੁੱਖ ਸਕੱਤਰ ਨੇ ਹਲਵਾਰਾ ਏਅਰਪੋਰਟ ਨੂੰ ਸ਼ੁਰੂ ਕਰਨ ਸਬੰਧੀ ਵਿਸਥਾਰ ਵਿਚ ਜਾਣਕਾਰੀ ਲਈ। ਇਸ ਤੋਂ ਇਲਾਵਾ ਫਾਜ਼ਿਲਕਾ ਵਿਖੇ 100 ਬੈੱਡਾਂ ਵਾਲੇ ਹਸਪਤਾਲ ਅਤੇ ਕੈਂਸਰ ਕੇਅਰ ਸੈਂਟਰ, ਮੋਹਾਲੀ ਵਿਖੇ ਬਣ ਰਹੇ ਨਵੇਂ ਮੈਡੀਕਲ ਕਾਲਜ, ਜਗਤ ਗੁਰੂ ਨਾਨਕ ਦੇਵ ਪੰਜਾਬ ਓਪਨ ਯੂਨੀਵਰਸਿਟੀ, ਵੱਖ-ਵੱਖ ਸ਼ਹਿਰਾਂ ਵਿਖੇ ਬਣਨ ਵਾਲੇ ਸਰਕਾਰੀ ਕਾਲਜਾਂ, ਸਟੇਟ ਕੈਂਸਰ ਸੈਂਟਰ ਅੰਮਿ੍ਰਤਸਰ, ਗੋਇੰਦਵਾਲ ਸਾਹਿਬ ਵਿਖੇ ਬਣਨ ਵਾਲੀ ਨਵੀਂ ਜੇਲ, ਬੱਸੀ ਪਠਾਣਾਂ ਦੇ ਮੈਗਾ ਮਿਲਕ ਪ੍ਰੋਸੈਸਿੰਗ ਪਲਾਂਟ, ਪਲਾਈਵੁੱਡ ਪਾਰਕ ਹੁਸ਼ਿਆਰਪੁਰ ਅਤੇ ਉਦਯੋਗ ਵਿਭਾਗ ਦੇ ਪ੍ਰਮੁੱਖ ਪ੍ਰੋਜੈਕਟ ਜਿਨਾਂ ਵਿਚ ਵੱਖ-ਵੱਖ ਸ਼ਹਿਰਾਂ ਦੇ ਸਨਅਤੀ ਫੋਕਲ ਪੁਆਇੰਟਾਂ ਵੀ ਸ਼ਾਮਲ ਹਨ, ਬਾਬਤ ਮੁੱਖ ਸਕੱਤਰ ਨੇ ਜਾਣਕਾਰੀ ਹਾਸਲ ਕੀਤੀ।
ਉਨਾਂ ਕਿਹਾ ਕਿ ਲੋਕ ਪੱਖੀ ਸਾਰੇ ਪ੍ਰੋਜੈਕਟਾਂ ਨੂੰ ਸਬੰਧਤ ਵਿਭਾਗ ਮਿੱਥੇ ਸਮੇਂ ਵਿਚ ਪੂਰਾ ਕਰੇ ਤਾਂ ਜੋ ਲੋਕਾਂ ਨੂੰ ਇਨਾਂ ਪ੍ਰੋਜੈਕਟਾਂ ਦਾ ਫਾਇਦਾ ਮਿਲ ਸਕੇ।
ਵੱਖ-ਵੱਖ ਸ਼ਹਿਰਾਂ ਦੇ ਸਨਅਤੀ ਫੋਕਲ ਪੁਆਇੰਟਾਂ ਬਾਬਤ ਮੁੱਖ ਸਕੱਤਰ ਨੇ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸਨਅਤਾਂ ਦੀ ਮਜ਼ਬੂਤੀ ਲਈ ਅਤੇ ਲੋੜੀਂਦਾ ਬੁਨਿਆਦੀ ਢਾਂਚਾ ਮੁਹੱਈਆਂ ਕਰਵਾਉਣ ਲਈ ਉਦਯੋਗ ਵਿਭਾਗ ਸਾਰੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਲੋਕ ਅਰਪਿਤ ਕਰੇ।
ਇਸ ਤੋਂ ਇਲਾਵਾ ਮੁੱਖ ਸਕੱਤਰ ਨੇ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਵੱਖ-ਵੱਖ ਪ੍ਰੋਜੈਕਟਾਂ ਲਈ ਫੰਡ ਸਮੇਂ ਸਿਰ ਮੁਹੱਈਆਂ ਕਰਵਾਏ ਜਾਣੇ ਨਿਸ਼ਚਿਤ ਕੀਤੇ ਜਾਣ। ਉਨਾਂ ਕਿਹਾ ਕਿ ਇਹ ਪ੍ਰੋਜੈਕਟ ਲੋਕ ਮਹੱਤਤਾ ਵਾਲੇ ਹਨ ਇਸ ਲਈ ਇਨਾਂ ਪ੍ਰੋਜੈਕਟਾਂ ਲਈ ਫੰਡਾਂ ਦੀ ਕੋਈ ਘਾਟ ਨਾ ਆਉਣ ਦਿੱਤੀ ਜਾਵੇ।
ਮੀਟਿੰਗ ਵਿਚ ਯੋਜਨਾ ਵਿਭਾਗ, ਵਿੱਤ ਵਿਭਾਗ, ਉਦਯੋਗ ਵਿਭਾਗ, ਸਿਵਲ ਏਵੀਏਸ਼ਨ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਮੈਡੀਕਲ ਸਿੱਖਿਆ ਤੇ ਖੋਜ, ਜੇਲ ਵਿਭਾਗ, ਉਚੇਰੀ ਸਿੱਖਿਆ ਅਤੇ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ।