ਗੱਲ 1 ਜੂਨ 1984 ਦੀ ਹੈ ਜਦੋਂ ਭਾਰਤੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਕਰ ਦਿਤਾ। ਪਹਿਲੀ ਜੂਨ ਤੋਂ ਸ਼ੁਰੂ ਹੋਈ ਇਹ ਜੰਗ 4 ਜੂਨ ਤਕ ਅਪੜ ਚੁੱਕੀ ਸੀ 4 ਤਰੀਕ ਨੂੰ ਸ਼ੁਰੂ ਹੋਈ ਗੋਲੀਬਾਰੀ ਪੁਰਾ ਦਿਨ ਚਲਦੀ ਰਹੀ। 5 ਜੂਨ ਦਾ ਦਿਨ ਚੜ੍ਹ ਆਇਆ। ਦੋਵੇਂ ਪਾਸਿਓਂ ਗੋਲੀਬਾਰੀ ਜਾਰੀ ਸੀ। ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਲਾਸ਼ਾਂ ਡਿੱਗ ਰਹੀਆਂ ਸਨ। ਸੰਤ ਜਰਨੈਲ ਸਿੰਘ ਖ਼ਾਲਸਾ, ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਬਾਬਾ ਠਾਰਾ ਸਿੰਘ ਅਕਾਲ ਤਖ਼ਤ 'ਤੇ ਮੌਜੂਦ ਸਨ। ਇਸ ਅਸਾਵੀਂ ਜੰਗ ਦੇ ਕੌਮੀ ਨਾਇਕ ਜਰਨਲ ਸੁਬੇਗ ਸਿੰਘ ਹੱਥ ਵਿਚ ਸਟੇਨ ਗਨ ਫੜੀ ਮੋਰਚਿਆਂ ਵਿਚ ਡਟੇ ਸਿੰਘਾਂ ਦੀ ਹੌਸਲਾ ਅਫ਼ਜਾਈ ਕਰਨ ਲਈ ਆਪ ਸਿੰਘਾਂ ਕੋਲ ਜਾ ਆ ਰਹੇ ਸਨ। ਗਰਮੀ ਦਾ ਕਹਿਰ ਜਾਰੀ ਸੀ। ਹਮਲਾਵਰ ਹੋ ਕੇ ਆਈ ਫ਼ੌਜ ਦੇ ਹਰ ਹੱਲੇ ਦਾ ਜਵਾਬ ਪੂਰੇ ਜੋਸ਼ ਨਾਲ ਦਿਤਾ ਜਾ ਰਿਹਾ ਸੀ। ਇਸ ਹਮਲੇ ਦੀ ਕਮਾਂਡ ਕਰ ਰਹੇ ਮੇਜਰ ਜਰਨਲ ਰਣਜੀਤ ਬਰਾੜ ਅੰਮ੍ਰਿਤਸਰ ਦੀ ਕੋਤਵਾਲੀ ਵਿਚ ਮੌਜੂਦ ਸੀ ਜਦਕਿ ਲੈਫ਼ਟੀਨੈਂਟ ਜਰਨਲ ਸੁੰਦਰਜੀ ਅੰਮ੍ਰਿਤਸਰ ਵਿਚ ਸਥਿਤ ਫ਼ੌਜ ਦੀ ਛਾਉਣੀ ਵਿਚ ਸੀ।
ਭਾਰਤੀ ਫ਼ੌਜ ਦੇ ਮੁਖੀ ਜਰਨਲ ਅਰੁਣ ਸ਼੍ਰੀਧਰ ਵੈਦਿਆ ਜਿਸ ਨੇ ਆਖ਼ਰੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵਿਸ਼ਵਾਸ ਨਾਲ ਕਿਹਾ ਸੀ ਕਿ ਇਹ ਸਾਰਾ ਮਾਮਲਾ 2 ਘੰਟੇ ਵਿਚ ਖ਼ਤਮ ਹੋ ਜਾਵੇਗਾ, 24 ਘੰਟੇ ਬਾਅਦ ਵੀ ਕੁੱਝ ਹੱਥ ਨਾ ਲੱਗਣ ਕਰ ਕੇ ਬੇਬਸ ਨਜ਼ਰ ਆ ਰਿਹਾ ਸੀ। ਜੇ ਦਿੱਲੀ ਬੈਠੇ ਜਰਨਲ ਵੈਦਿਆ ਦੀ ਹਾਲਤ ਪ੍ਰੇਸ਼ਾਨੀ ਵਾਲੀ ਸੀ ਤਾਂ ਜਰਨਲ ਸੁੰਦਰਜੀ ਵੀ ਇਸ ਹਮਲੇ ਦੀ ਅਸਫ਼ਲਤਾ ਤੋਂ ਚਿੰਤਿਤ ਸੀ। ਫ਼ੌਜ ਪੂਰੀ ਤਿਆਰੀ ਨਾਲ ਅੰਮ੍ਰਿਤਸਰ ਆਈ ਸੀ ਪਰ ਜਰਨਲ ਸੁਬੇਗ ਸਿੰਘ ਦੀ ਯੁਧ ਨੀਤੀ ਨੇ ਬੇਬਸ ਕਰ ਦਿਤਾ। ਇਕ ਪਾਸੇ ਮੁੱਠੀ ਭਰ ਸਿੰਘ ਸਨ ਤੇ ਦੂਜੇ ਪਾਸੇ ਭਾਰੀ ਗਿਣਤੀ ਵਿਚ ਫ਼ੌਜਾਂ।
ਇਹ ਦ੍ਰਿਸ਼ ਚਮਕੌਰ ਦੀ ਗੜ੍ਹੀ ਦੀ ਯਾਦ ਤਾਜ਼ਾ ਕਰ ਰਿਹਾ ਸੀ। ਅਖ਼ੀਰ ਫ਼ੌਜ ਨੇ ਬਖ਼ਤਰ ਬੰਦ ਗੱਡੀਆਂ ਦਾ ਸਹਾਰਾ ਲੈਣਾ ਜ਼ਰੂਰੀ ਸਮਝਿਆ। ਫ਼ੌਜ ਅਕਾਲ ਤਖ਼ਤ ਦੀ ਇਮਾਰਤ ਛੱਲਣੀ ਕਰ ਰਹੀ ਸੀ। ਕੋਈ ਚਾਰਾ ਨਾ ਚਲਦਾ ਵੇਖ ਕੇ ਟੈਂਕ, ਤੋਪਾਂ, ਬਖ਼ਤਰ ਬੰਦ ਗੱਡੀਆਂ ਪ੍ਰਕਰਮਾ ਵਿਚ ਲੈ ਜਾਣ ਦਾ ਫ਼ੈਸਲਾ ਹੋਇਆ। ਸ਼ਾਮ 6 ਵਜੇ ਦੇ ਕਰੀਬ ਬਿਰਗੇਡੀਅਰ ਡੀਵੀ ਰਾਓ ਅਤੇ ਬਿਰਗੇਡੀਅਰ ਚਿਕੀ ਦੀਵਾਨ ਦੀ ਅਗਵਾਈ ਵਿਚ 3 ਟੈਂਕ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਬਾਹੀ ਰਾਹੀਂ ਪਰਿਕਰਮਾ ਵਿਚ ਉਤਾਰੇ ਗਏ।
ਜਦਕਿ 1 ਟੈਂਕ ਸਰਾ ਗੁਰੂ ਰਾਮਦਾਸ, ਇਕ ਟੈਂਕ ਮੰਜੀ ਸਾਹਿਬ ਦਿਵਾਨ ਹਾਲ ਤੇ ਇਕ ਗੁਰੂ ਰਾਮਦਾਸ ਸਰਾਂ ਦੇ ਬਾਹਰ ਖੜਾ ਕੀਤਾ ਗਿਆ। ਪਰਿਕਰਮਾ ਵਿਚਲਾ ਟੈਂਕ ਸ਼ਹੀਦ ਬੁੰਗਾ ਬਾਬਾ ਦੀਪ ਸਿੰਘ ਕੋਲ ਆ ਕੇ ਜਮੀਨ ਵਿਚ ਧਸ ਗਿਆ। ਦੂਜਾ ਟੈਂਕ ਅਠਸਠਿ ਤੀਰਥ ਕੋਲ ਸੀ ਤੇ ਤੀਜਾ ਟੈਂਕ ਘੰਟਾ ਘਰ ਪੌੜੀਆਂ ਕੋਲ ਲੈ ਜਾਇਆ ਗਿਆ। ਇਧਰ ਪੂਰੀ ਤਿਆਰੀ ਨਾਲ ਲੜ ਰਹੇ ਸਿੰਘਾਂ ਨੇ ਰਾਕਟ ਲਾਂਚਰ ਨਾਲ ਇਕ ਟੈਂਕ ਨਕਾਰਾ ਕਰ ਦਿਤਾ। ਹੁਣ ਤਕ ਜਰਨਲ ਸੁੰਦਰਜੀ ਸ੍ਰੀ ਦਰਬਾਰ ਸਾਹਿਬ ਘੰਟਾ ਘਰ ਬਾਹੀ ਤੇ ਬਣੀ ਮਾਰਕੀਟ ਦੀ ਛੱਤ 'ਤੇ ਆਪ ਮੋਰਚਾ ਸੰਭਾਲ ਕੇ ਡਟ ਗਿਆ।
ਟੈਂਕਾਂ ਦੇ ਹਮਲਿਆਂ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਬੰਦ ਬੁਰੀ ਤਰ੍ਹਾ ਨਾਲ ਨੁਕਸਾਨੇ ਗਏ। ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਲਟ ਲਟ ਬਲ ਰਹੀ ਸੀ। ਫੋਜ ਹੋਲੀ ਹੋਲੀ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਕਾਬਜ ਹੋ ਰਹੀ ਸੀ। ਸ੍ਰੀ ਗੁਰੂ ਰਾਮਦਾਸ ਸਰਾ, ਸ਼੍ਰੋਮਣੀ ਕਮੇਟੀ ਦਾ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ ਸਮੇਤ ਲਾਗਲੀਆਂ ਇਮਾਰਤਾਂ 'ਤੇ ਫ਼ੌਜ ਦਾ ਕਬਜ਼ਾ ਹੋਣਾ ਸ਼ੁਰੂ ਹੋ ਗਿਆ।
ਇਕ ਜ਼ੋਰਦਾਰ ਹਮਲੇ ਵਜੋਂ ਫ਼ੌਜੀ ਘੰਟਾ ਘਰ ਤੇ ਆਟਾ ਮੰਡੀ ਦੀ ਬਾਹੀ ਰਹੀ ਪਰਿਕਰਮਾ ਵਿਚ ਰਾਤ ਕਰੀਬ 8 ਵਜੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਜਰਨਲ ਸ਼ੁਬੇਗ ਸਿੰਘ ਦੀ ਯੁੱਧ ਨੀਤੀ ਤੋਂ ਅਣਜਾਣ ਫ਼ੌਜੀ ਇਸ ਵਿਚ ਨਾਕਾਮ ਰਹੇ। ਜਿਵੇਂ ਹੀ ਫ਼ੌਜੀ ਪਰਿਕਰਮਾ ਵਿਚ ਉਤਰਨ ਲਗੇ, ਜਾਲੀਆਂ ਵਿਚ ਬੈਠੇ ਸਿੰਘਾਂ ਨੇ ਲਤਾਂ 'ਚ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿਤੇ। ਚੌੜੀਆਂ ਪੌੜੀਆਂ ਰਾਹੀਂ 10 ਗਾਰਡਜ਼ ਅਕਾਲ ਤਖ਼ਤ ਨੇੜੇ ਪੁੱਜਣ ਵਿਚ ਸਫ਼ਲ ਹੋ ਗਏ। ਇਸ ਹਮਲੇ ਵਿਚ ਬਾਬਾ ਠਾਰਾ ਸਿੰਘ ਸ਼ਹੀਦ ਹੋ ਗਏ। ਕੁਝ ਚਸ਼ਮਦੀਦ ਦਸਦੇ ਹਨ ਕਿ ਜਰਨਲ ਸੁਬੇਗ ਸਿੰਘ ਵੀ ਇਸ ਹਮਲੇ ਵਿਚ ਜ਼ਖ਼ਮੀ ਹੋ ਗਏ ਜੋ ਰਾਤ ਕਰੀਬ 12 ਵਜੇ ਸਰੀਰ ਤਿਆਗ ਗਏ।