ਚੰਡੀਗੜ੍ਹ : ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਦੱਸਿਆ ਕਿ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਲਈ ਆਂਗਨਵਾੜੀ ਵਰਕਰਾਂ, ਮਿੰਨੀ ਆਂਗਨਵਾੜੀ ਵਰਕਰਾਂ ਅਤੇ ਆਂਗਨਵਾੜੀ ਹੈਲਪਰਾਂ ਦੀਆਂ ਕੁੱਲ 4481 ਖ਼ਾਲੀ ਆਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਵਿਭਾਗ ਨੇ ਸਮੂਹ ਜ਼ਿਲ੍ਹਿਆਂ ਲਈ 1170 ਆਂਗਨਵਾੜੀ ਵਰਕਰਾਂ, 82 ਮਿੰਨੀ ਆਂਗਨਵਾੜੀ ਵਰਕਰਾਂ ਅਤੇ 3229 ਆਂਗਨਵਾੜੀ ਹੈਲਪਰਾਂ ਦੀਆਂ ਆਸਾਮੀਆਂ ਲਈ ਭਰਤੀ ਪ੍ਰਕਿਰਿਆ ਅਰੰਭ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਸਾਮੀਆਂ ਲਈ ਕੇਵਲ ਇਸਤਰੀ ਉਮੀਦਵਾਰ ਹੀ ਅਪਲਾਈ ਕਰ ਸਕਦੇ ਹਨ ਅਤੇ ਆਸਾਮੀਆਂ ਸਬੰਧੀ ਨਿਰਧਾਰਤ ਪਾਤਰਤਾ, ਸਥਾਨ, ਪਿੰਡ/ਵਾਰਡ, ਉਮਰ ਹੱਦ, ਵਿਦਿਅਕ ਯੋਗਤਾ ਆਦਿ ਸ਼ਰਤਾਂ ਦਾ ਵੇਰਵਾ ਵਿਭਾਗ ਦੀ ਵੈਬਸਾਈਟ- sswcd.punjab.gov.in ਉਤੇ ਅਪਲੋਡ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਿਰੋਲ ਮਾਣਭੱਤੇ ਉਤੇ ਆਧਾਰ ਉਤੇ ਕੀਤੀ ਜਾਣੀ ਭਰਤੀ ਸਬੰਧੀ ਵੇਰਵੇ ਲਈ ਸਬੰਧਤ ਜ਼ਿਲ੍ਹੇ ਦੀ ਵੈਬਸਾਈਟ ਵੀ ਵੇਖੀ ਜਾ ਸਕਦੀ ਹੈ ਜਾਂ ਸਬੰਧਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਾਂ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਦੇ ਦਫ਼ਤਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਸੂਬੇ ਦੀਆਂ ਮਹਿਲਾ ਉਮੀਦਵਾਰਾਂ ਨੂੰ ਇਸ ਭਰਤੀ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਅਪਲਾਈ ਕਰਨ ਦੀ ਅਪੀਲ ਕਰਦਿਆਂ ਮੰਤਰੀ ਨੇ ਕਿਹਾ ਕਿ ਯੋਗ ਉਮੀਦਵਾਰ ਇਸ਼ਤਿਹਾਰ ਜਾਰੀ ਹੋਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਆਪਣਾ ਬਿਨੈ ਪੱਤਰ ਸਬੰਧਤ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਨੂੰ ਦਸਤੀ ਜਾਂ ਰਜਿਸਟਰਡ ਪੋਸਟ ਰਾਹੀਂ ਭੇਜ ਸਕਦੇ ਹਨ।