ਚੰਡੀਗੜ੍ਹ : 2015 ਵਿਚ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਪਹਿਲਾਂ ਵੀ ਹੋਈ ਸੀ ਜਿਸ ਦੀ ਰਿਪੋਰਟ ਹਾਈ ਕੋਰਟ ਨੇ ਰੱਦ ਕਰ ਦਿਤੀ ਸੀ ਅਤੇ ਹੁਣ ਨਵੀਂ ਬਣੀ ਸਿੱਟ ਨੇ ਨਿਤ ਦਿਨ ਨਵੀਂਆਂ ਪੁਲਾਂਘਾ ਪੁੱਟਣੀਆਂ ਸ਼ੁਰੂ ਕਰ ਦਿਤੀਆਂ ਹਨ। ਹੁਣ ਕੋਟਕਪੂਰਾ ਗੋਲ਼ੀ ਕਾਂਡ ਦੀ ਜਾਂਚ ਕਰ ਰਹੇ ADGP ਐੱਲ ਕੇ ਯਾਦਵ ਦੀ ਅਗਵਾਈ ਵਾਲੀ SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਨੂੰ ਤਲਬ ਕੀਤਾ ਹੈ। ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਅਕਤੂਬਰ 2015 ਵਿਚ ਜਦੋਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਚਲਾਈਆਂ ਸਨ ਤਾਂ ਉਸ ਸਮੇਂ ਬਾਦਲ ਮੁੱਖ ਮੰਤਰੀ ਸਨ। ਪਰ ਅਜੇ ਤਕ ਇਹ ਤੈਅ ਨਹੀਂ ਹੋਇਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੰਡੀਗੜ੍ਹ ਜਾਂ ਫਰੀਦਕੋਟ ਵਿਖੇ ਪੇਸ਼ ਹੋਣਗੇ, ਇਹ ਹਾਲੇ SIT ਨੇ ਤੈਅ ਕਰਨਾ ਹੈ। ਇੱਥੇ ਦਸਣਯੋਗ ਹੈ ਕਿ ਹੈ ਕਿ ਇਸ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ SIT ਨੇ ਵੀ ਦੋਨਾਂ ਬਾਦਲਾਂ ਨੂੰ ਤਲਬ ਕੀਤਾ ਸੀ। ਸਰਕਾਰ ਦੇ ਸੂਤਰ ਦਸਦੇ ਹਨ ਕਿ ਅਗਲੇ ਦੋ-ਤਿੰਨ ਮਹੀਨਿਆਂ ਤੱਕ SIT ਚਲਾਨ ਪੇਸ਼ ਕਰ ਸਕਦੀ ਹੈ।
ਇਥੇ ਇਹ ਵੀ ਦਸਣਾ ਬਣਦਾ ਹੈ ਕਿ ਬਰਗਾੜੀ 'ਚ ਪਵਿੱਤਰ ਸਰੂਪਾਂ ਦੀ ਬੇਅਦਬੀ ਤੋਂ ਬਾਅਦ ਕੋਟਕਪੂਰਾ 'ਚ ਹੋਏ ਗੋਲ਼ੀਕਾਂਡ ਮਾਮਲੇ 'ਚ IG ਐਲਕੇ ਯਾਦਵ ਦੀ ਆਗਵਾਈ 'ਚ ਗਠਿਤ ਐਸਆਈਟੀ ਨੇ ਫਰੀਦਕੋਟ ਅਦਾਲਤ 'ਚ ਅਰਜ਼ੀ ਦਾਇਰ ਕਰ ਕੇ ਸਾਬਕਾ DGP ਸੁਮੇਧ ਸੈਣੀ, IG ਪਰਮਰਾਜ ਉਮਰਾਨੰਗਲ ਤੇ ਸਾਬਕਾ SSP ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਦੀ ਇਜਾਜ਼ਤ ਮੰਗੀ ਹੈ। ਐਸਆਈਟੀ ਨੇ ਕਿਹਾ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਸਾਰੇ ਅਧਿਕਾਰੀ ਜਾਂਚ ਟੀਮ ਤੋਂ ਸੱਚ ਲੁਕੋ ਰਹੇ ਹਨ। ਅਜਿਹੇ 'ਚ ਇਨ੍ਹਾਂ ਦੇ ਬਿਆਨ ਦੀ ਸੱਚ ਨੂੰ ਪ੍ਰਮਾਣਿਤ ਕਰਨ ਲਈ ਤਿੰਨਾਂ ਦਾ ਨਾਰਕੋ ਟੈਸਟ ਲਾਜ਼ਮੀ ਹੈ। ਅਦਾਲਤ ਨੇ ਅਰਜ਼ੀ ਸਵੀਕਾਰ ਕਰਦਿਆਂ ਦੂਜੇ ਪੱਖ ਤੋਂ ਜਵਾਬ ਮੰਗਿਆ ਹੈ। ਓਧਰ ਆਈਜੀ ਪਰਮਰਾਜ ਉਮਰਨੰਗਲ ਦੇ ਵਕੀਲ ਗੁਰਸਾਹਿਬ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤਕ ਅਦਾਲਤ ਵੱਲੋਂ ਕੋਈ ਅਧਿਕਾਰਤ ਨੋਟਿਸ ਨਹੀਂ ਮਿਲਿਆ।