ਚੰਡੀਗੜ : ਭਾਰਤੀ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਸੁਸ਼ੀਲ ਚੰਦਰ, ਚੋਣ ਕਮਿਸ਼ਨਰ ਸ੍ਰੀ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਸ੍ਰੀ ਅਨੂਪ ਚੰਦਰ ਪਾਂਡੇ ਦੀ ਅਗਵਾਈ ਵਿਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ (ਸੀ.ਈ.ਓ) ਨਾਲ ਇੱਕ ਵਰਚੁਅਲ ਕਾਨਫਰੰਸ ਕੀਤੀ ਗਈ। ਇਹ ਕਾਨਫਰੰਸ ਚੋਣਾਂ ਕਰਵਾ ਚੁੱਕੇ ਰਾਜਾਂ ਦੇ ਤਜਰਬਿਆਂ ਦਾ ਪਤਾ ਲਗਾਉਣ ਅਤੇ ਆਉਣ ਵਾਲੇ ਸਮੇਂ ਵਿੱਚ ਚੋਣਾਂ ਕਰਵਾਉਣ ਜਾ ਰਹੇ ਸੂਬਿਆਂ ਵਿੱਚ ਸੁਚੱਜਾ ਪ੍ਰਬੰਧਨ ਕਰਨ ਦੇ ਮੱਦੇਨਜ਼ਰ ਕਰਵਾਈ ਗਈ ।
ਇਹ ਕਾਨਫਰੰਸ ਨਿਰਵਿਘਨ, ਕੁਸ਼ਲ ਅਤੇ ਆਸਾਨ ਵੋਟਰ ਸੇਵਾਵਾਂ, ਆਈ.ਟੀ ਐਪਲੀਕੇਸ਼ਨਾਂ ਦਾ ਏਕੀਕਰਣ, ਵਿਆਪਕ ਵੋਟਰ ਪਹੁੰਚ ਪ੍ਰੋਗਰਾਮ, ਖਰਚਿਆਂ ਦੀ ਨਿਗਰਾਨੀ ਅਤੇ ਸਮਰੱਥਾ ਵਧਾਉਣ ਆਦਿ ਵਿਸ਼ਿਆਂ ‘ਤੇ ਕੇਂਦ੍ਰਤ ਸੀ।
ਹਾਲ ਹੀ ਵਿੱਚ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਬਾਰੇ ਗੱਲ ਕਰਦਿਆਂ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਨੇ ਦੱਸਿਆ ਕਿ ਮਹਾਂਮਾਰੀ ਦੌਰਾਨ ਇੰਨੇ ਵੱਡੇ ਵੋਟਰ ਅਧਾਰ ਵਾਲੇ ਖਿੱਤੇ ਵਿੱਚ ਸਹਿਜਤਾ ਨਾਲ ਚੋਣਾਂ ਕਰਵਾ ਕੇ ਭਾਰਤ ਨੇ ਦੁਨੀਆਂ ਲਈ ਇੱਕ ਸਫਲ ਮਿਸਾਲ ਪੇਸ਼ ਕੀਤੀ ਹੈ।
ਮੁੱਖ ਚੋਣ ਕਮਿਸ਼ਨਰ ਨੇ ਪੰਜਾਬ ਸਮੇਤ ਚੋਣਾਂ ਕਰਵਾਉਣ ਜਾ ਰਹੇ ਰਾਜਾਂ ਨੂੰ ਅਪੀਲ ਕੀਤੀ ਕਿ ਉਨਾਂ ਸੂਬਿਆਂ ਦੇ ਤਜਰਬਿਆਂ ਤੋਂ ਸਿੱਖਣ ਦੀ ਲੋੜ ਹੈ ਜਿੱਥੇ ਹਾਲ ਹੀ ਵਿੱਚ ਚੋਣਾਂ ਹੋਈਆਂ ਹਨ। ਇਸ ਸਬੰਧ ਵਿੱਚ ਭਾਰਤੀ ਚੋਣ ਕਮਿਸ਼ਨ ਵਲੋਂ ਅਗਲੇ ਸਾਲ ਦੇ ਸ਼ੁਰੂ ਵਿੱਚ ਚੋਣਾਂ ਕਰਵਾਉਣ ਜਾ ਰਹੇ ਸੂਬਿਆਂ ਦੇ ਸੀ.ਈ.ਓਜ਼. ਨਾਲ ਦੋ ਦਿਨਾਂ ਕਾਨਫਰੰਸ ਕੀਤੀ ਜਾਵੇਗੀ। ਇਨਾਂ ਰਾਜਾਂ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਉਤਰਾਖੰਡ, ਗੋਆ ਅਤੇ ਮਣੀਪੁਰ ਸ਼ਾਮਲ ਹਨ। ਆਗਾਮੀ ਚੋਣਾਂ ਵਾਲੇ ਰਾਜਾਂ ਨਾਲ ਦੋ ਦਿਨਾਂ ਕਾਨਫਰੰਸ ਤੋਂ ਪਹਿਲਾਂ ਚੋਣ ਕਮਿਸ਼ਨ ਵਲੋਂ ਚੋਣਾਂ ਕਰਵਾ ਚੁੱਕੇ ਪੰਜ ਰਾਜਾਂ ਦੇ ਨਾਲ ਇੱਕ ਵਰਚੁਅਲ ਕਾਨਫਰੰਸ ਕਰਨ ਦੀ ਵੀ ਸਹੂਲਤ ਦਿੱਤੀ ਜਾਵੇਗੀ।
ਮੁੱਖ ਚੋਣ ਕਮਿਸ਼ਨਰ ਨੇ ਸ਼ਿਕਾਇਤ ਨਿਵਾਰਣ ਪ੍ਰਣਾਲੀ ਸਬੰਧੀ ਲੰਬਿਤ ਪਏ ਮੁੱਦੇ ਉੱਤੇ ਜ਼ੋਰ ਦਿੱਤਾ ਅਤੇ ਮੁੱਖ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੀਆਂ ਸ਼ਿਕਾਇਤਾਂ ਦਾ 30 ਦਿਨਾਂ ਦੇ ਅੰਦਰ-ਅੰਦਰ ਨਿਬੇੜਾ ਕੀਤਾ ਜਾਵੇ। ਸਾਰੇ ਚੋਣ ਅਧਿਕਾਰੀਆਂ ਨੂੰ ਵੋਟਰਾਂ ਲਈ ਬੇਹੱਦ ਢੁਕਵਾਂ ਮਾਹੌਲ ਬਣਾਉਣ ਲਈ ਢੁਕਵੇਂ ਕਦਮ ਚੁੱਕਣ ਅਤੇ ਇਸ ਸਬੰਧ ਵਿਚ ਆਈ.ਟੀ. ਏਕੀਕਰਣ ਅਤੇ ਮੋਬਾਈਲ ਐਪਸ ਨੂੰ ਪ੍ਰਚੱਲਿਤ ਬਣਾਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ।
ਮੁੱਖ ਚੋਣ ਕਮਿਸ਼ਨਰ ਨੇ ਮੁੱਖ ਚੋਣ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਗੈਰ-ਚੋਣ ਕਾਲ ਵਿਚ ਵੀ ਗਤੀਸ਼ੀਲਤਾ ਕਾਇਮ ਰੱਖੀ ਜਾਵੇ। ਮੁੱਖ ਚੋਣ ਅਧਿਕਾਰੀਆਂ ਨੂੰ 100 ਫੀਸਦੀ ਤਰੁਟੀ ਮੁਕਤ ਵੋਟਰ ਸੂਚੀ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕਰਨ ਅਤੇ ਸਮੁੱਚੀ ਚੋਣ ਪ੍ਰਕਿਰਿਆ ਨੂੰ ਨਿਰਵਿਘਨ ਬਣਾਉਣ ਲਈ ਵੀ ਕਿਹਾ ਗਿਆ।
ਚੋਣ ਕਮਿਸ਼ਨਰ ਸ੍ਰੀ ਰਾਜੀਵ ਕੁਮਾਰ ਨੇ ਈ.ਵੀ.ਐੱਮ. ਨੂੰ ਲਿਆਉਣ-ਲਿਜਾਣ ਅਤੇ ਸਟੋਰੇਜ ਸਬੰਧੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰਜ਼ (ਐਸ.ਓ.ਪੀਜ਼) ਅਤੇ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ। ਇਸ ਦੌਰਾਨ ਸੂਬਾਈ ਕਮਿਸ਼ਨਾਂ ਲਈ ਭੰਡਾਰਣ ਦਾ ਵੱਖਰਾ ਪ੍ਰਬੰਧ ਅਤੇ ਫਰਸਟ ਲੈਵਲ ਚੈਕਿੰਗ (ਐੱਫ.ਐੱਲ.ਸੀ.) ਵਿਚ ਰਾਜਨੀਤਿਕ ਪਾਰਟੀਆਂ ਦੀ ਸ਼ਾਮੂਲੀਅਤ ਵਰਗੇ ਪ੍ਰਮੁੱਖ ਮੁੱਦਿਆਂ ਉੱਤੇ ਜ਼ੋਰ ਦਿੱਤਾ ਗਿਆ। ਸ੍ਰੀ ਰਾਜੀਵ ਕੁਮਾਰ ਨੇ ਅੱਗੇ ਦੱਸਿਆ ਕਿ ਈ.ਵੀ.ਐਮ. ਵੇਅਰਹਾਊਸਾਂ ਦੀ ਫਿਜ਼ੀਕਲ ਵੇਰੀਫੀਕੇਸ਼ਨ ਡਿਪਟੀ ਕਮਿਸ਼ਨਰ -ਕਮ - ਜਿਲਾ ਚੋਣ ਅਧਿਕਾਰੀਆਂ ਵਲੋਂ 1 ਜੁਲਾਈ ਤੋਂ ਸੁਰੂ ਕਰ ਦਿੱਤੀ ਜਾਵੇਗੀ।
ਆਪਣੇ ਸਮਾਪਤੀ ਸੰਬੋਧਨ ਵਿੱਚ ਚੋਣ ਕਮਿਸ਼ਨਰ ਸ੍ਰੀ ਅਨੂਪ ਚੰਦਰ ਪਾਂਡੇ ਨੇ ਕਿਹਾ ਕਿ ਗੈਰ-ਚੋਣ ਕਾਲ ਦੌਰਾਨ ਸੀ.ਈ.ਓਜ਼ ਨੂੰ ਸਿਖਲਾਈ ਅਤੇ ਸਮਰੱਥਾ ਵਧਾਉਣ, ਪ੍ਰਣਾਲੀਗਤ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਐਸ.ਵੀ.ਈ.ਈ.ਪੀ.) ਅਤੇ ਬੁਨਿਆਦੀ ਢਾਂਚੇ ਦੇ ਪਾੜੇ ਨੂੰ ਦੂਰ ਕਰਨ ਸਮੇਤ ਮਜਬੂਤੀ ਪ੍ਰਦਾਨ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ.ਐਸ. ਕਰੁਣਾ ਰਾਜੂ, ਆਈ.ਏ.ਐੱਸ. ਅਤੇ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਮਾਧਵੀ ਕਟਾਰੀਆ, ਆਈ.ਏ.ਐੱਸ. ਮੀਟਿੰਗ ਵਿੱਚ ਸ਼ਾਮਲ ਹੋਏ।