ਮੋਹਾਲੀ : ਅੰਤਰਰਾਸ਼ਟਰੀ ਯਾਤਰੀਆਂ ਲਈ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਖ਼ੁਰਾਕ ਲਈ ਪ੍ਰਵਾਨਗੀ ਦੇ ਸਬੰਧ ਵਿਚ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਸਪੱਸ਼ਟੀਕਰਨ ਦਿਤਾ ਹੈ। ਉਨ੍ਹਾਂ ਦਸਿਆ ਕਿ ਇਹ ਸਹੂਲਤ ਅੰਤਰਰਾਸ਼ਟਰੀ ਯਾਤਰੀਆਂ ਦੀਆਂ ਸਿਰਫ਼ ਤਿੰਨ ਸ਼੍ਰੇਣੀਆਂ ਨੂੰ ਦਿਤੀ ਗਈ ਹੈ ਜਿਨ੍ਹਾਂ ਵਿਚ ਉਹ ਵਿਦਿਆਰਥੀ ਸ਼ਾਮਲ ਹਨ ਜਿਨ੍ਹਾਂ ਨੇ ਵਿਦਿਆ ਦੇ ਉਦੇਸ਼ ਨਾਲ ਵਿਦੇਸ਼ ਯਾਤਰਾ ਕਰਨੀ ਹੈ। ਦੂਜੀ ਸ਼੍ਰੇਣੀ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਵਿਦੇਸ਼ਾਂ ਵਿਚ ਨੌਕਰੀ ਲਈ ਜਾਣਾ ਹੈ ਅਤੇ ਤੀਜੀ ਸ਼੍ਰੇਣੀ ਵਿਚ ਖਿਡਾਰੀ ਆਉਂਦੇ ਹਨ ਜਿਨ੍ਹਾਂ ਨੇ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਭਾਗ ਲੈਣਾ ਹੈ ਜਾਂ ਉਨ੍ਹਾਂ ਨਾਲ ਜਾਣ ਵਾਲਾ ਸਟਾਫ਼। ਸਿਵਲ ਸਰਜਨ ਨੇ ਸਪੱਸ਼ਟ ਕੀਤਾ ਕਿ ਉਪਰੋਕਤ ਸ਼੍ਰੇਣੀਆਂ ਤੋਂ ਬਿਨਾਂ ਇਹ ਸਹੂਲਤ ਹੋਰ ਕਿਸੇ ਸ਼੍ਰੇਣੀ ਨੂੰ ਨਹੀਂ ਦਿਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਵਿਚ ਅਜਿਹੇ ਲੋਕ ਵੀ ਕੋਵੀਸ਼ੀਲਡ ਦੀ ਦੂਜੀ ਡੋਜ਼ 28 ਦਿਨਾਂ ਤੋਂ ਬਾਅਦ ਅਤੇ 84 ਦਿਨਾਂ ਤੋਂ ਪਹਿਲਾਂ ਲਗਵਾਉਣ ਲਈ ਆ ਰਹੇ ਹਨ ਜਿਨ੍ਹਾਂ ਨੇ ਵਿਆਹ ਜਾਂ ਕਿਸੇ ਹੋਰ ਨਿੱਜੀ ਸਮਾਗਮ ਦੇ ਮੰਤਵ ਨਾਲ ਵਿਦੇਸ਼ ਜਾਣਾ ਹੈ ਜਾਂ ਜਿਹੜੇ ਉਥੋਂ ਦੇ ਪੀ.ਆਰ. ਹਨ ਅਤੇ ਉਨ੍ਹਾਂ ਨੇ ਵਾਪਸ ਉਥੇ ਜਾਣਾ ਹੈ। ਉਨ੍ਹਾਂ ਕਿਹਾ ਕਿ ਇਹ ਸਹੂਲਤ ਸਿਰਫ਼ ਉਕਤ ਤਿੰਨ ਸ਼੍ਰੇਣੀਆਂ ਵਾਸਤੇ ਹੈ, ਹੋਰ ਕਿਸੇ ਵਾਸਤੇ ਨਹੀਂ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਅੰਤਰਰਾਸ਼ਟਰੀ ਯਾਤਰਾ ਕਰਨ ਵਾਲਿਆਂ ਦੀ ਸਹੂਲਤ ਲਈ ਕੋਵੀਸ਼ੀਲਡ ਦੇ ਦੋ ਟੀਕਿਆਂ ਵਿਚਲੇ ਵਕਫ਼ੇ ਦੇ ਨਿਯਮਾਂ ਵਿਚ ਤਬਦੀਲੀ ਕੀਤੀ ਸੀ। ਪਹਿਲਾਂ, ਕੋਵੀਸ਼ੀਲਡ ਦਾ ਦੂਜਾ ਟੀਕਾ 84 ਦਿਨਾਂ ਮਗਰੋਂ ਲਗਵਾਇਆ ਜਾ ਸਕਦਾ ਸੀ ਪਰ ਸਰਕਾਰ ਨੇ ਉਪਰੋਕਤ ਸ਼੍ਰੇਣੀਆਂ ਨੂੰ ਰਾਹਤ ਦਿੰਦਿਆਂ ਕਿਹਾ ਸੀ ਕਿ ਇਹ ਟੀਕਾ 28 ਦਿਨਾਂ ਬਾਅਦ ਅਤੇ 84 ਦਿਨਾਂ ਤੋਂ ਪਹਿਲਾਂ ਵੀ ਲਗਵਾਇਆ ਜਾ ਸਕਦਾ ਹੈ।
ਟੀਕਾਕਰਨ ਦੀ ਦੂਜੀ ਡੋਜ਼ ਸਮੇਂ ਜਮ੍ਹਾਂ ਹੋਣ ਵਾਲੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦਸਿਆ ਕਿ ਇਨ੍ਹਾਂ ਵਿਚ ਤਸਦੀਕ ਕੀਤਾ ਗਿਆ ਸਰਟੀਫ਼ੀਕੇਟ, ਪਹਿਲੀ ਡੋਜ਼ ਦਾ ਸਰਟੀਫ਼ੀਕੇਟ, ਪਾਸਪੋਰਟ ਅਤੇ ਵੀਜ਼ਾ ਦੀ ਕਾਪੀ ਸ਼ਾਮਲ ਹਨ। ਅੰਤਰਰਾਸ਼ਟੀ ਯਾਤਰੀਆਂ ਦੀਆਂ ਉਕਤ ਸ਼੍ਰੇਣੀਆਂ ਅਪਣੇ ਲੋੜੀਂਦੇ ਦਸਤਾਵੇਜ਼ ਐਸ.ਡੀ.ਐਮ, ਸਰਕਲ ਰੈਵੇਨਿਊ ਅਫ਼ਸਰ, ਬੀ.ਡੀ.ਪੀ.ਓ, ਐਮ.ਸੀ. ਦੇ ਈ.ਓ., ਲੇਬਰ ਇੰਸਪੈਕਟਰ, ਏਈਟੀਸੀ/ਈਟੀਓ/ਐਕਸਾਈਜ਼ ਇੰਸਪੈਕਟਰ, ਐਸ.ਐਚ.ਓ. ਅਤੇ ਆਰ.ਐਮ.ਓ ਅਤੇ ਲੋਕਲ ਬਾਡੀ ਦੇ ਚੁਣੇ ਹੋਏ ਨੁਮਾਇੰਦਿਆਂ ਭਾਵ ਕੌਂਸਲਰਾਂ ਤੋਂ ਤਸਦੀਕ ਕਰਵਾ ਕੇ ਅਤੇ ਇਜਾਜ਼ਤ ਲੈ ਕੇ 28 ਦਿਨਾਂ ਬਾਅਦ ਪਰ 84 ਦਿਨਾਂ ਤੋਂ ਪਹਿਲਾਂ ਕੋਵੀਸ਼ੀਲਡ ਦੀ ਦੂਜੀ ਡੋਜ਼ ਲਗਵਾ ਸਕਦੀਆਂ ਹਨ।
ਫ਼ੋਟੋ ਕੈਪਸ਼ਨ : ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਜਾਣਕਾਰੀ ਦਿੰਦੇ ਹੋਏ।