ਚੰਡੀਗੜ੍ਹ : ਪੰਜਾਬ ਕਾਂਗਰਸ ਕਲੇਸ਼ ਖ਼ਤਮ ਕਰਨ ਸਬੰਧੀ ਪਿਛਲੇ ਕਈ ਦਿਨਾਂ ਤੋਂ ਕੋਸਿ਼ਸ਼ਾਂ ਚਲ ਰਹੀਆਂ ਹਨ। ਹੁਣ ਸਿਰਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਹਾਈਕਮਾਂਡ ਯਾਨੀ ਕਿ ਸੋਨੀਆ ਗਾਂਧੀ ਨਾਲ ਹੋਣੀ ਬਾਕੀ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ 20 ਦੀ ਬਜਾਏ 22 ਜੂਨ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ ਜਾਂ ਫਿਰ ਕਿਸੇ ਹੋਰ ਤਰੀਕ ਨੂੰ, ਹਾਲ ਦੀ ਘੜੀ ਇਹ ਸਪਸ਼ਟ ਨਹੀਂ ਹੋ ਸਕਿਆ।ਪਹਿਲਾਂ ਮੁਕਰਰ ਹੋਇਆ ਸੀ ਕਿ ਮੁੱਖ ਮੰਤਰੀ ਵੀਹ ਤਰੀਕ ਨੂੰ ਦਿੱਲੀ ਜਾ ਕੇ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ ਪਰ ਹੁਣ ਕੈਪਟਨ ਦਾ 20 ਜੂਨ ਨੂੰ ਦਿੱਲੀ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਹਾਲ ਦੀ ਘੜੀ ਇਹ ਪਤਾ ਲੱਗਾ ਹੈ ਕਿ ਕੈਪਟਨ ਨੇ 22 ਜੂਨ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ। ਸੋਨੀਆ ਨਾਲ ਉਨ੍ਹਾਂ ਦੀ ਮੁਲਾਕਾਤ 22 ਨੂੰ ਹੁੰਦੀ ਹੈ ਜਾਂ 23 ਨੂੰ, ਇਸ ਬਾਰੇ 1-2 ਦਿਨਾਂ 'ਚ ਸਥਿਤੀ ਸਪਸ਼ਟ ਹੋਵੇਗੀ। ਇਥੇ ਦਸ ਦਈਏ ਕਿ ਸੋਮਵਾਰ ਨੂੰ ਮੁੱਖ ਮੰਤਰੀ ਨੇ ਚੰਡੀਗੜ੍ਹ 'ਚ ਸਰਕਾਰੀ ਬੈਠਕਾਂ ਰੱਖੀਆਂ ਹੋਈਆਂ ਹਨ। ਉਹ ਕਾਂਗਰਸ ਦੇ ਨਵੇਂ ਚੁਣੇ ਪ੍ਰਤੀਨਿਧੀਆਂ ਨਾਲ ਵੀ ਸੋਮਵਾਰ ਨੂੰ ਮੁਲਾਕਾਤ ਕਰਨਗੇ। ਇਸ ਲਈ ਮੰਗਲਵਾਰ 22 ਜੂਨ ਨੂੰ ਹੀ ਉਹ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋ ਸਕਣਗੇ। ਸੂਤਰਾਂ ਅਨੁਸਾਰ ਹੁਣ ਪੰਜਾਬ ਵਿਚ ਕਾਂਗਰਸ ਸਬੰਧੀ ਸੋਨੀਆ ਗਾਂਧੀ ਦਾ ਫੈਸਲਾ ਅਗਲੇ ਹਫਤੇ ਹੀ ਆਏਗਾ। 22 ਨੂੰ ਜੇ ਸੋਨੀਆ ਤੇ ਕੈਪਟਨ ਦਰਮਿਆਨ ਬੈਠਕ ਹੁੰਦੀ ਹੈ ਤਾਂ ਸੋਨੀਆ ਵੀ ਆਪਣਾ ਫੈਸਲਾ ਸੁਣਾਉਣ 'ਚ ਇਕ-ਦੋ ਦਿਨ ਦਾ ਸਮਾਂ ਲੈ ਸਕਦੀ ਹੈ। ਸੂਬੇ ਦੇ ਸਾਰੇ ਕਾਂਗਰਸੀਆਂ ਦੀਆਂ ਨਜ਼ਰਾਂ ਸੋਨੀਆ ਵਲੋਂ ਲਏ ਜਾਣ ਵਾਲੇ ਫੈਸਲੇ ਵੱਲ ਟਿਕੀਆਂ ਹੋਈਆਂ ਹਨ। ਇਥੇ ਪੰਜਬ ਵਿਚ ਇਹ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਕੈਪਟਨ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਮਗਰੋਂ ਪੰਜਾਬ ਕਾਂਗਰਸ ਦੀ ਸਥਿਤੀ ਸਾਫ਼ ਹੋ ਸਕੇਗੀ।