ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਮਹਾਨ ਅਥਲੀਟ ਉਡਣਾ ਸਿੱਖ ਮਿਲਖਾ ਸਿੰਘ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਮਿਲਖਾ ਸਿੰਘ ਜੋ 91 ਵਰ੍ਹਿਆਂ ਦੇ ਸਨ, ਬੀਤੀ ਅੱਧੀ ਰਾਤ ਪੀ.ਜੀ.ਆਈ., ਚੰਡੀਗੜ੍ਹ ਵਿਖੇ ਕੋਵਿਡ ਨਾਲ ਜੂਝਦਿਆਂ ਚੱਲ ਵਸੇ। ਉਹ ਆਪਣੇ ਪਿੱਛੇ ਇਕ ਪੁੱਤਰ ਤੇ ਤਿੰਨ ਬੇਟੀਆਂ ਛੱਡ ਗਏ।ਉਨ੍ਹਾਂ ਦਾ ਪੁੱਤਰ ਜੀਵ ਮਿਲਖਾ ਸਿੰਘ ਉੱਘਾ ਗੌਲਫਰ ਹੈ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ, “ਦੇਸ਼ ਦੇ ਸਰਵੋਤਮ ਅਥਲੀਟ ਜਿਨ੍ਹਾਂ ਭਾਰਤ ਲਈ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਕਈ ਸੋਨ ਤਮਗੇ ਜਿੱਤ ਕੇ ਦੇਸ਼ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ, ਦੇ ਤੁਰ ਜਾਣ ਨਾਲ ਮੈਨੂੰ ਨਿੱਜੀ ਤੌਰ ਉਤੇ ਬਹੁਤ ਦੁੱਖ ਹੋਇਆ। ਪੰਜਾਬ ਨੂੰ ਆਪਣੇ ਇਸ ਮਹਾਨ ਅਥਲੀਟ ਉਤੇ ਹਮੇਸ਼ਾ ਮਾਣ ਰਹੇਗਾ।”