ਚੰਡੀਗੜ੍ਹ : ਬੇਅਦਬੀ ਮਾਮਲੇ ਦੀ ਜਾਂਚ ਵਿਚ ਸ਼ਾਮਲ ਹੋਣ ਲਈ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ 22 ਜੂਨ ਨੂੰ ਐੱਸ. ਆਈ. ਟੀ. ਸਾਹਮਣੇ ਪੇਸ਼ ਹੋਣਗੇ। ਇਸ ਦੀ ਜਾਣਕਾਰੀ ਅਕਾਲੀ ਦਲ ਵਲੋਂ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਕਾਸ਼ ਸਿੰਘ ਬਾਦਲ 22 ਜੂਨ ਯਾਨੀ ਕਿ ਭਲਕੇ ਸਵੇਰੇ 10.30 ਵਜੇ ਚੰਡੀਗੜ੍ਹ ਦੇ ਸੈਕਟਰ 4 ’ਚ ਸਥਿਤ ਆਪਣੇ ਸਰਕਾਰੀ ਰਿਹਾਇਸ਼ ’ਤੇ ਐੱਸ. ਆਈ.ਟੀ. ਸਾਹਮਣੇ ਪੇਸ਼ ਹੋਣਗੇ। ਦੱਸਣਯੋਗ ਹੈ ਕਿ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਵੱਲੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਨੂੰ ਬੁਲਾਇਆ ਗਿਆ ਸੀ ਤਾਂ ਉਨ੍ਹਾਂ ਆਪਣੀ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਕੋਈ ਹੋਰ ਤਾਰੀਖ਼ ਦੇਣ ਦੀ ਅਪੀਲ ਕੀਤੀ ਸੀ। ਇਥੇ ਇਹ ਵੀ ਦਸ ਦਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜੋ ਕਿ 2015 ਵਿਚ ਹੋਈ ਸੀ ਅਤੇ ਇਸ ਮਗਰੋਂ ਲੋਕਾਂ ਵਲੋਂ ਰੋਸ ਮੁਜ਼ਾਹਰੇ ਕੀਤੇ ਗਏ ਸਨ ਅਤੇ ਇਸ ਦੌਰਾਨ ਪੁਲਿਸ ਨੇ ਗੋਲੀ ਚਲਾ ਦਿਤੀ ਸੀ ਅਤੇ ਜਿਸ ਵਿਚ ਸਿੰਘ ਸ਼ਹੀਦ ਹੋ ਗਏ ਸਨ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ। ਇਸ ਬੇਅਦਬੀ ਕਾਂਡ ਦੀ ਜਾਂਚ ਲਈ ਪਹਿਲਾਂ ਇਕ ਕਮੇਟੀ ਬਣੀ ਸੀ ਜਿਸ ਦਾ ਨਾਮ ਸੀ -ਸਿੱਟ-। ਇਸ ਕਮੇਟੀ ਦੀ ਰੀਪੋਰਟ ਕੁੱਝ ਸਮਾਂ ਪਹਿਲਾਂ ਹਾਈ ਕੋਰਟ ਨੇ ਰੱਦ ਕਰ ਦਿਤੀ ਸੀ ਅਤੇ ਹੁਣ ਨਵੀਂ ਜਾਂਚ ਕਮੇਟੀ ਫਿਰ ਤੋਂ ਬਣਾਈ ਗਈ ਹੈ। ਇਹ ਜਾਂਚ ਕਮੇਟੀ ਇਹ ਪਤਾ ਕਰਨ ਦੀ ਕੋਸਿ਼ਸ਼ ਵਿਚ ਹੈ ਕਿ ਉਸ ਵਕਤ ਗੋਲੀ ਚਲਾਉਣ ਦੀ ਆਗਿਆ ਕਿਸ ਨੇ ਦਿਤੀ ਸੀ।