ਚੰਡੀਗੜ੍ਹ : ਪੰਜਾਬ ਦੀ ਮੁਲਾਜ਼ਮ ਯੂਨੀਅਨਾਂ ਨੇ ਛੇਵੇਂ ਤਨਖ਼ਾਹ ਕਮਿਸ਼ਨ ਦੀ ਲਾਗੂ ਕੀਤੀ ਗਈ ਰੀਪੋਰਟ ਨੂੰ ਮੁੱਢੋਂ ਹੀ ਰੱਦ ਕਰ ਦਿਤਾ ਹੈ। ਜਥੇਬੰਦੀਆਂ ਦੇ ਆਗੂਆਂ ਨੇ ਕੈਪਟਨ ਸਰਕਾਰ ਵਿਰੁਧ ਹੱਲਾ ਬੋਲਦਿਆਂ ਇਸ ਰੀਪੋਰਟ ਨੂੰ ਮੁਲਾਜ਼ਮਾਂ ਨਾਲ ਧੋਖਾ ਕਰਾਰ ਦਿਤਾ ਹੈ। ਅੱਜ ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਮੁਲਾਜ਼ਮਾਂ ਵੱਲੋਂ ਸਰਕਾਰ ਵਿਰੁੱਧ ਰੋਸ ਰੈਲੀ ਕੀਤੀ ਗਈ। ਅੱਜ ਸਵੇਰ 9 ਵਜੇ ਤੋਂ ਹੀ ਪੰਜਾਬ ਸਿਵਲ ਸਕੱਤਰੇਤ ਦੇ ਮੇਨ ਗੇਟ ’ਤੇ ਮੁਲਾਜ਼ਮਾਂ ਦੀ ਭੀੜ ਜੁੜਣੀ ਸ਼ੁਰੂ ਹੋ ਗਈ ਸੀ। ਰੈਲੀ ਦੌਰਾਨ ਮੁਲਾਜ਼ਮਾਂ ਵੱਲੋਂ 6ਵਾਂ ਤਨਖਾਹ ਕਮਿਸ਼ਨ ਨਾ ਮਨਜ਼ੂਰ ਕੀਤਾ ਗਿਆ ਹੈ ਜਿੱਥੇ ਵਿੱਤ ਮੰਤਰੀ, ਪੰਜਾਬ ਵੱਲੋਂ ਪੇਅ ਕਮਿਸ਼ਨ ਨੂੰ ਮੁਲਾਜ਼ਮਾਂ ਲਈ ਬਹੁਤ ਵੱਡਾ ਤੋਹਫਾ ਦੱਸਿਆ ਗਿਆ ਹੈ, ਉੱਥੇ ਹੀ ਮੁਲਾਜ਼ਮ ਜੱਥੇਬੰਦੀਆਂ ਨੇ ਪੇਅ ਕਮਿਸ਼ਨ ਵਿਰੁੱਧ ਇਤਰਾਜ਼ ਜਤਾਉਂਦਿਆਂ ਮੁਲਾਜ਼ਮਾਂ ਨਾਲ ਧੋਖਾ ਕਰਾਰ ਦਿੱਤਾ। ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨੀ ਜੋ ਪੇਅ ਕਮਿਸ਼ਨ ਸਰਕਾਰ ਨੇ ਪ੍ਰਵਾਨ ਕੀਤਾ ਹੈ, ਉਸ ਨਾਲ ਮੁਲਾਜ਼ਮਾਂ ਦੀ ਤਨਖਾਹ ਵੱਧਣ ਦੀ ਥਾਂ ਘੱਟ ਰਹੀ ਹੈ। ਉਹਨਾਂ ਨੇ ਕਿਹਾ ਕਿ ਵਿੱਤ ਮੰਤਰੀ ਨੇ ਬੜੀ ਹੀ ਚਲਾਕੀ ਨਾਲ ਮੀਡਿਆ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਗੱਫੇ ਦੇਣ ਵਰਗੀਆਂ ਗੱਲਾਂ ਆਮ ਲੋਕਾਂ ਵਿੱਚ ਫੈਲਾ ਕੇ ਵਾਹ ਵਾਹੀ ਖੱਟਣ ਦਾ ਕੋਝਾ ਯਤਨ ਕੀਤਾ ਹੈ ਜਿਸਦਾ ਮੋੜਵਾਂ ਜਵਾਬ ਆਉਣ ਵਾਲੇ ਸਮੇਂ ਵਿੱਚ ਸਾਰੇ ਮੁਲਾਜ਼ਮ ਦੇਣਗੇ।
ਉਨ੍ਹਾਂ ਕਿਹਾ ਕਿ ਵਿਧਾਇਕਾਂ ਦੇ ਬੱਚਿਆਂ ਨੂੰ ਨੌਕਰੀ ਦੇਣਾਂ ਰੂਲਾਂ ਦੇ ਉਲਟ ਹੈ ਅਤੇ ਸਾਰੇ ਵਿਭਾਗਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ। ਹੋਰ ਤਾਂ ਹੋਰ ਕਾਂਗਰਸ ਸਰਕਾਰ ਦੇ ਆਪਣੇ 5 ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸਰਕਾਰ ਨੇ ਮੁਲਾਜ਼ਮਾਂ ਦੇ ਨਾਲ ਵੱਖ ਵੱਖ ਮੀਟਿੰਗਾਂ ਵਿੱਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮ ਕਲਮਛੋੜ ਹੜਤਾਲ ਕਰਨ ਲਈ ਲਾਮਬੰਦ ਹੋ ਗਏ ਹਨ।
ਇਸ ਮੌਕੇ ਸਕੱਤਰੇਤ ਸਟਾਫ ਐਸੋਸੀਏਸ਼ਨ ਤੋਂ ਗੁਰਪ੍ਰੀਤ ਸਿੰਘ, ਸੁਸ਼ੀਲ ਕੁਮਾਰ, ਅਮਰਵੀਰ ਗਿੱਲ, ਪ੍ਰਵੀਨ ਕੁਮਾਰ, ਸੁਖਜੀਤ ਕੌਰ, ਮਨਦੀਪ ਚੌਧਰੀ, ਕੁਲਵਿੰਦਰ ਸਿੰਘ, ਸੰਦੀਪ ਕੌਸ਼ਲ, ਮਨਜੀਤ ਸਿੰਘ, ਸੰਦੀਪ, ਮਿਥੁਨ ਚਾਵਲਾ, ਇੰਦਰਪਾਲ ਸਿੰਘ ਭੰਗੂ, ਗੁਰਵੀਰ ਸਿੰਘ ਆਦਿ ਨੇ ਮੁਲਾਜ਼ਮਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰਾਹੁਣਚਾਰੀ ਵਿਭਾਗ ਦੇ ਨੁਮਾਂਇੰਦੇ ਵੀ ਮੌਜੂਦ ਸਨ।