ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਸਬੰਧੀ ਬਣੀ SIT ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋਏ ਹਨ ਜਾਂ ਇਸ ਤਰ੍ਹਾਂ ਆਖ ਲਈਏ ਕਿ ਸਿਟ ਬਾਦਲ ਦੇ ਘਰ ਜਾ ਕੇ ਪੁਛਗਿਛ ਕਰ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਿਹਤ ਠੀਕ ਨਾ ਹੋਣ ਬਾਰੇ ਕਿਹਾ ਸੀ। ਅਸਲ ਵਿਚ ਸਿੱਟ ਦੀ ਟੀਮ ਪੁੱਛਗਿੱਛ ਲਈ ਬਾਦਲ ਦੀ ਰਿਹਾਇਸ਼ 'ਤੇ ਪਹੁੰਚੀ ਹੈ। ਸਿੱਟ ਦੇ ਮੈਂਬਰ ਐਲਕੇ ਯਾਦਵ ਤੇ ਰਾਕੇਸ਼ ਅਗਰਵਾਲ ਬਾਦਲ ਤੋਂ ਪੁੱਛਗਿੱਛ ਕਰਨਗੇ। ਸੂਤਰਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਵੱਲੋਂ ਬਾਦਲ ਤੋਂ ਪੁੱਛੇ ਜਾਣ ਵਾਲੇ ਸੁਆਲਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਕਾਨੂੰਨੀ ਨਜ਼ਰੀਏ ਤੋਂ ਸਭ ਸੁਆਲਾਂ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਬਿਕਰਮ ਮਜੀਠੀਆ, ਦਲਜੀਤ ਸਿੰਘ ਚੀਮਾ, ਪ੍ਰੇਮ ਸਿੰਘ ਚੰਦੂਮਾਜਰਾ, ਬਲਦੇਵ ਖਹਿਰਾ, ਪਵਨ ਕੁਮਾਰ ਟੀਨੂੰ, ਤੋਤਾ ਸਿੰਘ ਤੇ ਐਨਕੇ ਸ਼ਰਮਾ ਸਮੇਤ ਕਈ ਸੀਨੀਅਰ ਲੀਡਰ ਵੀ ਬਾਦਲ ਦੇ ਘਰ ਪਹੁੰਚੇ ਹਨ। ਦੱਸ ਦਈੇ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਸਪਸ਼ਟ ਕਰ ਚੁੱਕਾ ਹੈ ਕਿ ਸਾਬਕਾ ਮੁੱਖ ਮੰਤਰੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਇੱਕ ਨਾਗਰਿਕ ਦੇ ਤੌਰ 'ਤੇ ਸਿਟ ਅੱਗੇ ਪੇਸ਼ ਹੋਣ ਨੂੰ ਆਪਣਾ ਕਾਨੂੰਨੀ ਤੇ ਸੰਵਿਧਾਨਕ ਫਰਜ਼ ਸਮਝਦੇ ਹਨ। ਇਸ ਲਈ ਇਹ ਸਿੱਟ ਦਾ ਪੁੱਛਗਿੱਛ ਵਿੱਚ ਪੂਰਾ ਸਾਥ ਦੇਣਗੇ। ਇਥੇ ਦਸ ਦਈਏ ਕਿ 2015 ਵਿਚ ਵਾਪਰੇ ਗੋਲੀਕਾਂਡ ਦੌਰਾਨ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਦੇ ਰਾਜ ਵਿਚ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਵਾਪਰੇ ਸਨ। ਇਸ ਬੇਅਦਬੀ ਕਾਂਡ ਦੀ ਜਾਂਚ ਲਈ ਲੋਕਾਂ ਵਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸੀ ਜਿਸ ਉਪਰ ਪੁਲਿਸ ਨੇ ਗੋਲੀ ਚਲਾ ਦਿਤੀ ਸੀ। ਹੁਣ ਸਿੱਟ ਇਹ ਜਾਣਨ ਦੀ ਕੋਸਿ਼ਸ਼ ਕਰ ਰਹੀ ਹੈ ਕਿ ਇਹ ਗੋਲੀ ਕਿਸ ਦੇ ਹੁਕਮ ਉਤੇ ਚਲਾਈ ਗਈ ਸੀ।