ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਗਠਿਤ ਐਸ.ਆਈ.ਟੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ 'ਤੇ ਤਕਰੀਬਨ ਢਾਈ ਘੰਟੇ ਪੁੱਛਗਿੱਛ ਕੀਤੀ ਜਿਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਤੋਂ ਕੁੱਲ 82 ਪ੍ਰਸ਼ਨ ਪੁੱਛੇ ਗਏ। ਜਿਵੇਂ ਹੀ ਪ੍ਰਸ਼ਨ ਅਤੇ ਜਵਾਬ ਖਤਮ ਹੋਏ, ਤਿੰਨੇ ਐਸਆਈਟੀ ਅਧਿਕਾਰੀ ਸੈਕਟਰ -4, ਚੰਡੀਗੜ੍ਹ ਵਿੱਚ ਸਰਦਾਰ ਬਾਦਲ ਦੀ ਰਿਹਾਇਸ਼ ਤੋਂ ਚਲੇ ਗਏ। ਇਸ ਦੌਰਾਨ ਮੀਡੀਆ ਦਾ ਵੱਡਾ ਇਕੱਠ ਹੋਇਆ ਅਤੇ ਮੀਡੀਆ ਵਾਲਿਆਂ ਨੇ ਟੀਮ ਦੇ ਮੈਂਬਰ ਐਲ ਕੇ ਯਾਦਵ ਅਤੇ ਰਾਕੇਸ਼ ਅਗਰਵਾਲ ਤੋਂ ਇਸ ਬਾਰੇ ਪੁੱਛਗਿੱਛ ਕੀਤੀ, ਪਰ ਉਹ ਤੁਰੰਤ ਚਲੇ ਗਏ। ਟੀਮ ਦੀ ਅਗਵਾਈ ਕਰ ਰਹੇ ਪੁਲਿਸ ਅਧਿਕਾਰੀ ਰਾਕੇਸ਼ ਅਗਰਵਾਲ ਨੇ ਦਸਿਆ ਕਿ ਪ੍ਰਾਕਾਸ਼ ਸਿੰਘ ਬਾਦਲ ਤੋਂ 82 ਸਵਾਲ ਪੁੱਛੇ ਗਏ ਹਨ ਜੋ ਕਿ ਜਾਂਚ ਵਿਚ ਸ਼ਾਮਲ ਕਰ ਲਏ ਗਏ ਹਨ। ਜ਼ਿਕਰਯੋਗ ਹੈ ਕਿ ਐਸ.ਆਈ.ਟੀ ਨੇ ਇਸ ਮਾਮਲੇ ਵਿੱਚ ਹੁਣ ਤੱਕ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ, ਡੀ.ਜੀ.ਪੀ. ਇਕਬਾਲ ਪ੍ਰੀਤ ਸਹੋਤਾ ਅਤੇ ਵਿਸ਼ੇਸ਼ ਡੀ.ਜੀ.ਪੀ. ਹੋਮ ਗਾਰਡ ਰੋਹਿਤ ਚੌਧਰੀ ਸਿੰਘ ਤੋਂ ਪੁੱਛਗਿੱਛ ਕੀਤੀ ਹੈ।
ਇਸ ਤੋਂ ਇਲਾਵਾ ਏਸੇ ਕੇਸ ਵਿਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਫਰੀਦਕੋਟ ਦੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ‘ਚ ਦਰਖ਼ਾਸਤ ਦੇ ਕੇ ਖਾਸ ਮੰਗ ਕੀਤੀ ਸੀ ਕਿ ਮਾਮਲੇ ‘ਚ ਨਾਮਜ਼ਦ ਸਾਬਕਾ ਪੰਜਾਬ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ, ਮੁਅੱਤਲ ਆਈਜੀਪੀ ਪਰਮਰਾਜ ਸਿੰਘ ਉਮਰਾਨੰਗਲ ਤੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦਾ ਨਾਰਕੋ ਟੈਸਟ ਕਰਵਾਇਆ ਜਾਵੇ। ਸਿੱਟ ਨੇ ਆਪਣੀ ਮੰਗ ਵਿਚ ਕਿਹਾ ਸੀ ਕਿ ਉਕਤ ਤਿੰਨੋਂ ਨਾਮਜ਼ਦ ਜਾਂਚ ਵਿਚ ਸੱਚ ਛੁਪਾ ਰਹੇ ਹਨ, ਇਸ ਲਈ ਇਨ੍ਹਾਂ ਦਾ ਨਾਰਕੋ ਜਾਂ ਲਾਈਡਿਟੈਕਟਿਵ ਟੈਸਟ ਕਰਵਾਇਆ ਜਾਣਾ ਲਾਜ਼ਮੀ ਹੈ। ਇਸ ‘ਤੇ ਫਰੀਦਕੋਟ ਦੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਨੇ ਤਿੰਨਾਂ ਨਾਮਜ਼ਦਾਂ ਨੂੰ 22 ਜੂਨ ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਨੋਟਿਸ ਕੀਤਾ ਸੀ, ਪਰ ਅੱਜ ਸਾਬਕਾ ਪੰਜਾਬ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਸਮੇਤ ਤਿੰਨੋਂ ਨਾਮਜ਼ਦ ਅਦਾਲਤ ਵਿਚ ਪੇਸ਼ ਨਹੀਂ ਹੋਣਗੇ। ਸਿਰਫ ਉਨ੍ਹਾਂ ਦੇ ਵਕੀਲ ਹੀ ਪੇਸ਼ ਹੋਣਗੇ।