ਚੰਡੀਗੜ੍ਹ : ਪਹਿਲਾਂ ਤੋਂ ਦਿਤੇ ਗਏ ਪ੍ਰੋਗਰਾਮ ਤਹਿਤ ਅੱਜ ਤੜਕੇਸਾਰ ਪਨਬਸ ਕੰਟ੍ਰੈਕਟ ਵਰਕਰ ਯੂਨੀਅਨ ਵਲੋਂ ਵੱਖ-ਵੱਖ ਥਾਵਾਂ ਉਤੇ ਪਨਬੱਸ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਸਰਕਾਰ ਖਿਲਾਫ ਧਰਨਾ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਪਹਿਲਾਂ ਤੋਂ ਹੀ ਪੰਜਾਬ ਰੋਡਵੇਜ਼ ਅਤੇ ਪਨਬਸ ਕੰਟ੍ਰੈਕਟ ਤੇ ਭਰਤੀ ਕਰਮਚਾਰੀਆਂ ਵਲੋਂ ਐਲਾਨ ਕੀਤਾ ਗਿਆ ਸੀ। ਇਸੇ ਤਹਿਤ ਪੰਜਾਬ 'ਚ ਸੋਮਵਾਰ 28 ਜੂਨ ਤੋਂ ਲੈਕੇ 30 ਜੂਨ ਤਿੰਨ ਦਿਨ ਬੱਸਾਂ ਦਾ ਚੱਕਾ ਜਾਮ ਰਹੇਗਾ। ਜ਼ਿਕਰਯੋਗ ਹੈ ਕਿ ਇਨ੍ਹਾਂ ਕਰਮਚਾਰੀਆਂ ਵਲੋਂ ਪਿਛਲੇ ਲੰਬੇ ਸਮੇ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕੰਟ੍ਰੈਕਟ ਅਤੇ ਭਰਤੀ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਰੈਗੂਲਰ ਕਰੇ ਅਤੇ ਹੁਣ ਵੀ ਇਸੇ ਮੰਗ ਨੂੰ ਲੈ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਤਿੰਨ ਦਿਨਾਂ ਲਈ ਬੱਸਾਂ ਦਾ ਚੱਕਾ ਜਾਮ ਰਹੇਗਾ ਅਤੇ ਕਰਮਚਾਰੀ ਬਸ ਸਟੈਂਡ ਨੂੰ ਬੰਦ ਕਰ ਕੇ ਪੂਰਾ ਦਿਨ ਧਰਨਾ ਪ੍ਰਦਰਸ਼ਨ ਕਰਨਗੇ।