ਚੰਡੀਗੜ੍ਹ : ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਗਲਤ ਬਿਆਨਬਾਜ਼ੀ ਕਰਕੇ ਸੂਬੇ ਦੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਵਿਚ ਨਹਿਰੀ ਪਾਣੀ ਦੀ ਸਪਲਾਈ ਦੀ ਅਸਲ ਤਸਵੀਰ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਦਾ ਇਹ ਦਾਅਵਾ ਸਿਆਸੀ ਸ਼ੋਹਰਤ ਖੱਟਣ ਤੋਂ ਇਲਾਵਾ ਕੁਝ ਨਹੀਂ ਜਿਸ ਵਿਚ ਉਸ ਨੇ ਕਿਹਾ ਹੈ ਕਿ ਜੇਕਰ ਅਗਲੇ 2 ਦਿਨਾਂ ਵਿਚ ਬਿਜਲੀ ਪਾਣੀ ਦੀ ਸਪਲਾਈ ਨਾ ਹੋਈ ਤਾਂ ਝੋਨੇ ਦੀ ਬੀਜੀ ਫਸਲ ਤਬਾਹ ਹੋ ਜਾਵੇਗੀ। ਜਲ ਸਰੋਤ ਮੰਤਰੀ ਨੇ ਦੱਸਿਆ ਕਿ ਨਹਿਰੀ ਪਾਣੀ ਦੀ ਪੂਰੇ ਪੰਜਾਬ ਵਿਚ ਕਿਤੇ ਵੀ ਕੋਈ ਕਮੀ ਨਹੀਂ ਹੈ ਅਤੇ ਇਸ ਸਬੰਧੀ ਹਾਲੇ ਤੱਕ ਇਕ ਵੀ ਕਿਸਾਨ ਵੱਲੋਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਪਰ ਸੁਖਬੀਰ ਗਲਤ ਤੱਥ ਪੇਸ਼ ਕਰਕੇ ਪੰਜਾਬਵਾਸੀਆਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਨੂੰ ਨਹਿਰੀ ਪਾਣੀ ਭਾਖੜਾ ਡੈਮ, ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਤੋਂ ਉਪਲੱਬਧ ਹੁੰਦਾ ਹੈ। ਹਾਲਾਂਕਿ ਇਸ ਸਾਲ ਬਰਫ ਘੱਟ ਪੈਣ ਕਰਕੇ ਅਤੇ ਬਰਸਾਤਾਂ ਘੱਟ ਹੋਣ ਕਰਕੇ ਭਾਖੜਾ ਡੈਮ, ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਕ੍ਰਮਵਾਰ 56.24 ਫੁੱਟ, 55.84 ਫੁੱਟ ਅਤੇ 10.10 ਮੀਟਰ ਘੱਟ ਹੈ। ਇਸ ਦੇ ਉਲਟ ਬਰਸਾਤ ਘੱਟ ਹੋਣ ਕਰਕੇ ਨਹਿਰੀ ਪਾਣੀ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਡੈਮਾਂ ਵਿੱਚ ਉਪਰੋਕਤ ਦਰਸਾਏ ਲੈਵਲਾਂ ਦੇ ਬਾਵਜੂਦ ਨਹਿਰਾਂ ਵਿੱਚ ਪਾਣੀ ਹਰ ਸਾਲ ਦੀ ਤਰ੍ਹਾਂ ਪੂਰੀ ਸਮਰੱਥਾ ਨਾਲ ਛੱਡਿਆ ਜਾ ਰਿਹਾ ਹੈ ਜਿਵੇਂ ਕਿ ਮਾਲਵਾ ਖੇਤਰ ਨੂੰ ਪਾਣੀ ਦੀ ਸਪਲਾਈ ਕਰਨ ਵਾਲਾ ਸਰਹੰਦ ਨਹਿਰ ਸਿਸਟਮ ਆਪਣੀ ਸਮਰੱਥਾ ਅਨੁਸਾਰ 11000 ਕਿਊਸਿਕ ਅਤੇ ਫਿਰੋਜ਼ਪੁਰ ਨਹਿਰ ਸਿਸਟਮ ਲਗਭਗ 10000 ਕਿਊਸਿਕ ਸਮਰੱਥਾ ਨਾਲ ਚੱਲ ਰਿਹਾ ਹੈ। ਇਸੇ ਤਰ੍ਹਾਂ ਦੁਆਬਾ ਖੇਤਰ ਨੂੰ ਨਹਿਰੀ ਪਾਣੀ ਸਪਲਾਈ ਕਰਨ ਵਾਲੀ ਬਿਸਤ ਦੁਆਬ ਨਹਿਰ 1450 ਕਿਊਸਿਕ, ਸ਼ਾਹ ਨਹਿਰ ਸਿਸਟਮ ਲਗਭਗ 600 ਕਿਊਸਿਕ ਅਤੇ ਮਾਝਾ ਖੇਤਰ ਨੂੰ ਪਾਣੀ ਦੀ ਸਪਲਾਈ ਕਰਨ ਵਾਲਾ ਅੱਪਰ ਬਾਰੀ ਦੁਆਬ ਨਹਿਰ ਸਿਸਟਮ ਲਗਭਗ 6000 ਕਿਊਸਿਕ ਸਮਰੱਥਾ ਨਾਲ ਚੱਲ ਰਿਹਾ ਹੈ। ਜਲ ਸਰੋਤ ਮੰਤਰੀ ਅਨੁਸਾਰ ਜਿੱਥੇ ਕਿਤੇ ਵੀ ਨਹਿਰਾਂ/ਕੱਸੀਆਂ ਦੀ ਹਾਲਤ ਠੀਕ ਨਾ ਹੋਣ ਕਾਰਣ ਨਹਿਰਾਂ ਸਮਰੱਥਾ ਅਨੁਸਾਰ ਪਾਣੀ ਨਹੀਂ ਲੈ ਸਕਦੀਆਂ ੳੁੱਥੇ ਹਰ ਸਾਲ ਦੀ ਤਰ੍ਹਾਂ ਰੋਟੇਸ਼ਨ ਸਿਸਟਮ ਲਾਗੂ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਟੇਲਾਂ `ਤੇ ਵੀ ਲਗਭਗ ਪੂਰਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਅਤੇ ਜਲ ਸਰੋਤ ਵਿਭਾਗ ਦੇ ਅਧਿਕਾਰੀ ਇਸ ਨੂੰ ਰੋਜ਼ਾਨਾ ਮੋਨੀਟਰ ਵੀ ਕਰ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਰੱਤੀ ਭਰ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਬਿਜਲੀ ਦੀ ਸਮੱਸਿਆ ਵੀ ਇਕ-ਦੋ ਦਿਨਾਂ ਵਿਚ ਠੀਕ ਹੋ ਜਾਵੇਗੀ ਕਿਉਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਬੰਧੀ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਕਹਿਣਾ ਸਰਾਸਰ ਗਲਤ ਅਤੇ ਤੱਥਰਹਿਤ ਹੈ ਕਿ ਜ਼ਮੀਨਾਂ ਨੂੰ ਨਹਿਰੀ ਪਾਣੀ ਉਪਲੱਬਧ ਨਾ ਹੋਣ ਕਰਕੇ ਝੋਨੇ ਦੀ ਬੀਜੀ ਫਸਲ ਤਬਾਹ ਹੋ ਰਹੀ ਹੈ। ਸਰਕਾਰੀਆ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਮੁਕਾਬਲੇ ਮੌਜੂਦਾ ਸਰਕਾਰ ਦੇ ਫੈਸਲੇ ਕਿਸਾਨਾਂ ਪੱਖੀ ਹਨ ਅਤੇ ਕਿਸਾਨਾਂ ਦੀ ਖੁਸ਼ਹਾਲੀ ਲਈ ਕੈਪਟਨ ਸਰਕਾਰ ਨੇ ਬਹੁਤ ਸਾਰੇ ਕਾਰਗਰ ਕਦਮ ਚੁੱਕੇ ਹਨ।