ਰਾਜਪੁਰਾ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਅੱਜ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਪ੍ਰਿੰਟ, ਟੀ.ਵੀ. ਅਤੇ ਰੇਡੀਓ ਵਿੱਚ ਕੈਰੀਅਰ ਸਬੰਧੀ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਵਿੱਚ ਪ੍ਰਿੰਟ, ਟੀ.ਵੀ. ਅਤੇ ਰੇਡੀਓ ਦੇ ਕਿੱਤਾ ਮਾਹਿਰਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਡਾ. ਮਨੀਸ਼ ਸਰਹੰਦੀ ਨੇ ਪ੍ਰਿੰਟ ਮੀਡੀਆ ਵਿੱਚ ਕੈਰੀਅਰ ਸਬੰਧੀ ਵਿਸਤਾਰ ਵਿੱਚ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਸ਼੍ਰੀਮਤੀ ਪਰੀਨਾ ਸੂਦ, ਜੋ ਕਿ ਬਤੌਰ ਐਂਕਰ ਅਤੇ ਨਿਰਮਾਤਾ, ਇੰਡੀਆ ਟੂਡੇ ਅਤੇ ਰੇਡੀਓ ਮਿਰਚੀ (ਪਟਿਆਲਾ, ਸ਼ਿਮਲਾ ਅਤੇ ਚੰਡੀਗੜ੍ਹ) ਵਿੱਚ ਬਤੌਰ ਪ੍ਰੋਗਰਾਮਿੰਗ ਹੈਡ ਵਜੋਂ ਕੰਮ ਕਰ ਚੁੱਕੇ ਹਨ, ਵੱਲੋਂ ਵਿਦਿਆਰਥੀਆਂ ਨੂੰ ਰੇਡੀਓ ਵਿੱਚ ਕੈਰੀਅਰ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸੈਮੀਨਾਰ ਨੂੰ ਇੰਸਟਾਗ੍ਰਾਮ ਤੇ ਲਾਈਵ ਕੀਤਾ ਗਿਆ ਜਿਸ ਵਿੱਚ ਨਾ ਕੇਵਲ ਮੌਕੇ ਤੇ ਮੌਜੂਦ ਵਿਦਿਆਰਥੀਆਂ ਨੇ ਬਲਕਿ ਆਨਲਾਈਨ ਜੁੜੇ ਹੋਏ ਵਿਦਿਆਰਥੀਆਂ ਨੇ ਵੀ ਪ੍ਰਸ਼ਨਾਂ ਕੀਤੇ।
ਇਸ ਤੋਂ ਇਲਾਵਾ ਸ੍ਰੀਮਤੀ ਸਿੰਪੀ ਸਿੰਗਲਾ, ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਪਟਿਆਲਾ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਉਤਸ਼ਾਹਿਤ ਕੀਤਾ ਗਿਆ। ਉਹਨਾਂ ਵੱਲੋਂ ਕਾਲਜ ਦੇ ਪ੍ਰਿੰਸੀਪਲ ਡਾ. ਸੁਰੇਸ਼ ਨਾਇਰ, ਡਾਇਰੈਕਟਰ, ਡਾ. ਸੁਖਬੀਰ ਸਿੰਘ ਥਿੰਦ ਦਾ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।