ਪਟਿਆਲਾ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਦੀ ਛੋਟੀ ਨਦੀ ਅਤੇ ਵੱਡੀ ਨਦੀ ਦੀ ਪੁਨਰ ਸੁਰਜੀਤੀ ਲਈ ਸੁੰਦਰੀਕਰਨ ਅਤੇ ਨਵੀਨੀਕਰਨ ਪ੍ਰਾਜੈਕਟ ਦੇ ਚੱਲ ਰਹੇ ਕੰਮ ਦਾ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ। ਉਨ੍ਹਾਂ ਨੇ ਦੌਲਤਪੁਰਾ, ਪੁਰਾਣਾ ਬਿਸ਼ਨ ਨਗਰ ਅਤੇ ਡੀਅਰ ਪਾਰਕ ਨੇੜੇ ਦੋਵਾਂ ਨਦੀਆਂ ਦੇ ਮਿਲਣ ਸਥਾਨ 'ਤੇ ਪਲਾਂਟ ਦਾ ਦੌਰਾ ਕੀਤਾ।
ਸਾਕਸ਼ੀ ਸਾਹਨੀ ਨੇ ਪਿੰਡ ਦੌਲਤਪੁਰਾ ਵਿਖੇ ਜਾ ਕੇ 30 ਐਮ.ਐਲ.ਡੀ. ਦੇ ਲੱਗ ਰਹੇ ਐਸ.ਟੀ.ਪੀ. ਦੇ ਚੱਲ ਰਹੇ ਕੰਮ ਵਾਲੇ ਸਥਾਨ 'ਤੇ ਜਾਇਜ਼ਾ ਲੈਂਦਿਆਂ ਜਲ ਨਿਕਾਸ ਵਿਭਾਗ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ, ਜਿਨ੍ਹਾਂ ਵੱਲੋਂ ਇਸ ਕੰਮ ਨੂੰ ਸਾਂਝੇ ਤੌਰ 'ਤੇ ਨੇਪਰੇ ਚੜ੍ਹਾਇਆ ਜਾ ਰਿਹਾ ਹੈ ਸਮੇਤ ਪੀ.ਡੀ.ਏ., ਜੰਗਲਾਤ ਅਤੇ ਜੰਗਲੀ ਜੀਵ, ਬਿਜਲੀ ਨਿਗਮ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ 26 ਐਮ.ਐਲ.ਡੀ. ਦੇ ਐਸ.ਟੀ.ਪੀ. ਦੇ ਕੰਮ ਦਾ ਵੀ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਨੇੜਿਓਂ ਤੇ ਮੋਹਾਲੀ ਜ਼ਿਲ੍ਹੇ 'ਚੋਂ ਚੱਲਦੀ ਵੱਡੀ ਨਦੀ ਸਮੇਤ ਛੋਟੀ ਨਦੀ 'ਤੇ 208.33 ਕਰੋੜ ਰੁਪਏ ਖ਼ਰਚਕੇ ਇਨ੍ਹਾਂ ਦੇ ਪੁਨਰਸੁਰਜੀਤੀ ਕੰਮ ਨਾਲ ਨਵੀਨੀਕਰਨ ਤੇ ਸੁੰਦਰੀਕਰਨ ਕਰਕੇ ਇਨ੍ਹਾਂ ਨੂੰ ਇੱਕ ਸੈਰਗਾਹ ਵਜੋਂ ਵਿਕਸਤ ਕਰਨਾ, ਪੰਜਾਬ ਸਰਕਾਰ ਦਾ ਇੱਕ ਅਹਿਮ ਪ੍ਰਾਜੈਕਟ ਹੈ, ਜੋ ਕਿ ਪਟਿਆਲਾ ਦੇ ਵਿਕਾਸ ਲਈ ਅਹਿਮ ਸਾਬਤ ਹੋਵੇਗਾ। ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਆਪਸੀ ਤਾਲਮੇਲ ਨਾਲ ਇਸ ਕੰਮ 'ਚ ਤੇਜੀ ਲਿਆਂਦੀ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ, ਜ਼ਿਲ੍ਹਾ ਜੰਗਲਾਤ ਅਫ਼ਸਰ ਵਿੱਦਿਆ ਸਾਗਰੀ, ਡੀ.ਐਫ.ਓ. ਜੰਗਲੀ ਜੀਵ (ਮੁੱਖ ਦਫ਼ਤਰ) ਅਰੁਣ ਕੁਮਾਰ, ਪੀ.ਡੀ.ਏ. ਪਟਿਆਲਾ ਦੇ ਮੁੱਖ ਪ੍ਰਸ਼ਾਸਕ ਪਵਿੱਤਰ ਸਿੰਘ, ਜਲ ਨਿਕਾਸ ਵਿਭਾਗ, ਸੀਵਰੇਜ ਬੋਰਡ ਤੇ ਪੀ.ਡੀ.ਏ. ਦੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਬੈਂਸ ਅਤੇ ਗਗਨਦੀਪ ਸਿੰਘ ਗਿੱਲ, ਸਾਬਜੀਤ ਸਿੰਘ ਤੇ ਨਵੀਨ ਕੰਬੋਜ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਵੱਡੀ ਨਦੀ ਦੀ ਚੈਨੇਲਾਈਜੇਸ਼ਨ ਕਰਕੇ ਬੀੜ ਨੇੜੇ ਨਦੀ ਦੇ ਦੋਵੇਂ ਪਾਸੇ ਕੰਕਰੀਟ ਦੇ ਬੰਨ ਬਣਾਏ ਜਾਣਗੇ ਤਾਂ ਕਿ ਬਰਸਾਤੀ ਸੀਜ਼ਨ ਦੌਰਾਨ ਡੀਅਰ ਪਾਰਕ ਦੇ ਜਾਨਵਰਾਂ ਲਈ ਹੜ੍ਹਾਂ ਅਤੇ ਪਾਣੀ ਦਾ ਕੋਈ ਖ਼ਤਰਾ ਨਾ ਰਹੇ। ਉਨ੍ਹਾਂ ਕਿਹਾ ਕਿ ਵੱਡੀ ਨਦੀ 'ਚ ਚੈਕ ਡੈਮ, ਹਾਈ ਲੈਵਲ ਬਰਿਜ਼ ਆਦਿ ਦਾ ਕੰਮ ਚੱਲ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਦੀਆਂ ਦੀ ਕੰਕਰੀਟ ਲਾਈਨਿੰਗ, ਛੋਟੀ ਨਦੀ 'ਤੇ ਪੈਦਲ ਸੈਰ ਕਰਨ ਤੇ ਸਾਇਕਲਿੰਗ ਲਈ ਟਰੈਕ ਤੋਂ ਇਲਾਵਾ ਸੁੰਦਰੀਕਰਨ ਤੇ ਨਵੀਨੀਕਰਨ ਨਾਲ ਇਹਨ ਦੀਆਂ ਵਾਤਾਵਰਣ ਦੀ ਸ਼ੁੱਧਤਾ ਤੇ ਧਰਤੀ ਹੇਠਲੇ ਪਾਣੀ ਦੇ ਰੀਚਾਰਜ ਲਈ ਵੀ ਮਦਦਗਾਰ ਹੋਣ ਸਮੇਤ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਵੀਛੁਟਕਾਰਾ ਮਿਲੇਗਾ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਹ ਨਦੀਆਂ ਸ਼ਹਿਰ 'ਚੋਂ ਮੁੱਖ ਨਿਕਾਸੀ ਨਦੀਆਂ ਹਨ ਅਤੇ ਮਾਨਸੂਨ ਦੇ ਸੀਜਨ 'ਚ ਇਨ੍ਹਾਂ 'ਚ ਰੁਕਾਵਟਾਂ ਪੈਦਾ ਹੋਣ ਕਰਕੇ ਹੜ੍ਹਾਂ ਦਾ ਵੀ ਖ਼ਤਰਾ ਬਣ ਜਾਂਦਾ ਹੈ ਪਰੰਤੂ ਇਨ੍ਹਾਂ ਦੇ ਨਵੀਨੀਕਰਨ ਕਰਕੇ ਜਲ ਨਿਕਾਸ ਵੀ ਠੀਕ ਹੋਵੇਗਾ। ਜਲ ਨਿਕਾਸ ਵਿਭਾਗ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ।