ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤੀਰਅੰਦਾਜ਼ ਅਮਨ ਸੈਣੀ ਦੀ 'ਵਰਲਡ ਗੇਮਜ਼' ਲਈ ਚੋਣ ਹੋ ਗਈ ਹੈ। ਇਸ ਬਾਰੇ ਖੁਸ਼ੀ ਜ਼ਾਹਿਰ ਕਰਦਿਆਂ ਉਸ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ ਦਾ ਕੋਈ ਖਿਡਾਰੀ 'ਵਰਲਡ ਗੇਮਜ਼' ਵਿੱਚ ਸਿ਼ਰਕਤ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਖੇਡਾਂ ਚਾਰ ਸਾਲ ਬਾਅਦ ਹੁੰਦੀਆਂ ਹਨ। ਇਹ ਵਾਰ ਇਹ ਖੇਡਾਂ 7 ਜੁਲਾਈ ਤੋਂ 17 ਜੁਲਾਈ 2022 ਦਰਮਿਆਨ ਯੂ.ਐੱਸ.ਏ. ਦੇ ਬਰਮਿੰਘਮ ਵਿਖੇ ਹੋ ਰਹੀਆਂ ਹਨ।
ਅਮਨ ਸੈਣੀ ਖਾਲਸਾ ਕਾਲਜ ਪਟਿਆਲਾ ਦਾ ਵਿਦਿਆਰਥੀ ਹੈ।
ਜਿ਼ਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਤੀਰ ਅੰਦਾਜ਼ ਪਿਛਲੇ ਸਮੇਂ ਵਿੱਚ ਲਗਾਤਾਰ ਕੌਮਾਂਤਰੀ ਪੱਧਰ ਦੀਆਂ ਪ੍ਰਾਪਤੀਆਂ ਕਰ ਰਹੇ ਹਨ। ਅਮਨ ਸੈਣੀ ਨੇ ਹੀ ਹਾਲ ਹੀ ਵਿੱਚ ਦੱਖਣੀ ਕੋਰੀਆ ਦੇ ਗਵਾਂਗਜੂ ਵਿਖੇ ਚੱਲ ਰਹੇ ਵਿਸ਼ਵ ਕੱਪ ਸਟੇਜ-ਦੋ ਵਿੱਚ ਸੋਨ ਤਗ਼ਮਾ ਹਾਸਿਲ ਸੀ। ਕੰਪਾਊਂਡ ਮੈੱਨ ਸ਼ਰੇਣੀ ਵਿੱਚ ਇਸ ਮੈਡਲ ਦੀ ਪ੍ਰਾਪਤੀ ਵਾਲੀ ਅਮਨ ਸੈਣੀ ਦੀ ਤਿੰਨ ਮੈਂਬਰੀ ਨੇ ਫ਼ਰਾਂਸ ਦੀ ਟੀਮ ਨੂੰ ਹਰਾ ਕੇ ਇਹ ਪ੍ਰਾਪਤੀ ਹਾਸਿਲ ਕੀਤੀ ਸੀ।ਇਸ ਪ੍ਰਾਪਤੀ ਉੱਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕ੍ਰਿਕਟਰ ਹਰਭਜਨ ਸਿੰਘ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਸਮੇਤ ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਸ਼ਖ਼ਸੀਅਤਾਂ ਅਤੇ ਓਲੰਪਿਕ ਖੇਲ, ਆਰਚਰੀ ਐਸੋਸੀਏਸ਼ਨ ਆਫ਼ ਇੰਡੀਆ ਅਤੇ ਆਲ ਇੰਡੀਆ ਰੇਡੀਓ ਨਿਊਜ਼ ਜਿਹੇ ਅਦਾਰਿਆਂ ਵੱਲੋਂ ਵਧਾਈ ਦਿੱਤੀ ਗਈ ਸੀ।
ਅਮਨ ਸੈਣੀ ਵੱਲੋਂ ਆਪਣੀ ਇਸ ਪ੍ਰਾਪਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਬਹੁਤ ਉਤਸੁਕ ਹਨ ਅਤੇ ਕੋਚ ਸੁਰਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਜ਼ੋਰ ਸ਼ੋਰ ਨਾਲ ਤਿਆਰੀ ਕਰ ਰਹੇ ਹਨ।
ਇਸ ਪ੍ਰਾਪਤੀ ਉੱਤੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਖੇਡ ਵਿਭਾਗ ਦੇ ਨਿਰਦੇਸ਼ਕ ਡਾ. ਗੁਰਦੀਪ ਕੌਰ ਰੰਧਾਵਾ ਵੱਲੋਂ ਵੀ ਅਮਨ ਸੈਣੀ ਅਤੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਵਧਾਈ ਦਿੱਤੀ ਗਈ।