ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਅਧਿਆਪਕਾਂ ਅਤੇ ਸਟਾਫ਼ ਵੱਲੋਂ ਉਸਤਾਦ ਲਛਮਣ ਸਿੰਘ ਸੀਨ ਦੇ ਅਕਾਲ ਚਲਾਣੇ ਉੱਤੇ ਦਿਲੀ ਸ਼ਰਧਾਂਜਲੀ ਪ੍ਰਗਟ ਕਰਦੇ ਹੋਏ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ। ਵਿਭਾਗ ਮੁਖੀ ਨਿਵੇਦਿਤਾ ਸਿੰਘ ਨੇ ਕਿਹਾ ਕਿ ਉਸਤਾਦ ਜੀ ਦਾ ਹੋਣਾ ਸਾਡੇ ਸਭ ਲਈ ਪ੍ਰੇਰਣਾ ਸਰੋਤ ਸੀ ਅਤੇ ਹਮੇਸ਼ਾ ਬਣਿਆ ਰਹੇਗਾ। ਪੰਜਾਬੀ ਵਿਚ ਸ਼ਾਸਤਰੀ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਉਹਨਾਂ ਵੱਲੋਂ ਕੀਤਾ ਗਿਆ ਕਾਰਜ ਅਦੁੱਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨਾਲ ਉਨ੍ਹਾਂ ਦੀ ਗਹਿਰੀ ਸਾਂਝ ਸੀ। ਉਨ੍ਹਾਂ ਦੇ ਪੁੱਤਰ ਪੰਡਿਤ ਮਨੂ ਸੀਨ ਵੀ ਪੰਜਾਬੀ ਯੂਨੀਵਰਸਿਟੀ ਵਿਖੇ ਆਪਣੀ ਸਿਤਾਰ ਵਾਦਨ ਦੀ ਪੇਸ਼ਕਾਰੀ ਦੇ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਅਤਿ ਵਿਖਿਆਤ ਅਤੇ ਪ੍ਰੋੜ੍ਹ ਸੰਗੀਤਕਾਰ, ਤਬਲਾ ਵਾਦਨ ਦੇ ਪੰਜਾਬ ਘਰਾਣੇ ਦੇ ਖ਼ਲੀਫ਼ਾ ਲਛਮਣ ਸਿੰਘ ਸੀਨ ਦੇ ਅਕਾਲ ਚਲਾਣੇ ਉੱਤੇ ਸਮੁੱਚਾ ਸੰਗੀਤ ਜਗਤ ਸੋਗ ਵਿੱਚ ਡੁੱਬ ਗਿਆ ਹੈ।ਮੀਆਂ ਕਾਦਰ ਬਖ਼ਸ਼ ਦੇ ਸ਼ਾਗਿਰਦ ਉਸਤਾਦ ਲਛਮਣ ਸਿੰਘ ਵਿਖਿਆਤ ਤਬਲਾ ਵਾਦਕ ਉਸਤਾਦ ਅੱਲਾ ਰਖਾ ਦੇ ਗੁਰੂ ਭਰਾ ਸਨ। ਆਪ ਜੀ ਸਿਤਾਰ ਵਾਦਨ ਵਿੱਚ ਵੀ ਪੂਰੀ ਤਰ੍ਹਾਂ ਨਿਪੁੰਨ ਸਨ ਅਤੇ ਇਸ ਦੇ ਨਾਲ ਇੱਕ ਸੁਘੜ ਰਚਨਾਕਾਰ ਅਤੇ ਨਿਸ਼ਠਾਵਾਨ ਅਧਿਆਪਕ ਵੀ ਸਨ। ਆਪ ਨੇ ਲੰਮਾ ਸਮਾਂ ਜਲੰਧਰ ਦੇ ਹੰਸ ਰਾਜ ਮਹਿਲਾ ਮਹਾਂਵਿਦਿਆਲਿਆ ਵਿਖੇ ਸੰਗੀਤ ਦੀ ਤਾਲੀਮ ਦਿੱਤੀ ਅਤੇ ਅਣਗਿਣਤ ਵਿਦਿਆਰਥੀਆਂ ਨੂੰ ਸੰਗੀਤ ਵਿੱਚ ਨਿਪੁੰਨ ਕੀਤਾ। ਸੰਗੀਤ ਦੇ ਨਾਲ ਨਾਲ ਆਪ ਜੀ ਅਧਿਆਤਮਕ ਅਤੇ ਭਾਸ਼ਾਈ ਗਿਆਨ ਵੀ ਬਾਖੂਬੀ ਰੱਖਦੇ ਸਨ।
ਇਸ ਮੌਕੇ ਸ਼ੋਕ ਸਭਾ ਵਿੱਚ ਡਾ. ਅਲੰਕਾਰ ਸਿੰਘ, ਡਾ. ਜਯੋਤੀ ਸ਼ਰਮਾ, ਵਨੀਤਾ ਅਤੇ ਜੈਦੇਵ ਤੋਂ ਇਲਾਵਾ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।