ਪਟਿਆਲਾ : ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਦੇਣ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਕਿੱਤਾ ਮਾਹਰਾਂ ਨਾਲ ਸਮੇਂ ਸਮੇਂ 'ਤੇ ਕਰਵਾਏ ਜਾਂਦੇ ਮਾਗਰਦਰਸ਼ਨ ਪ੍ਰੋਗਰਾਮ ਦੀ ਲੜੀ ਤਹਿਤ ਹੁਣ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ 15 ਜੂਨ ਨੂੰ ਸਟਾਰਟ ਅੱਪ ਲਈ ਵੈਬੀਨਾਰ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਾਗਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਉਦਯੋਗਾਂ ਦੇ ਮਾਹਰਾਂ ਨਾਲ ਨੌਜਵਾਨ ਦੀ ਹਰੇਕ ਪੰਦਰਵਾੜੇ 'ਤੇ ਕਰੀਅਰ ਟਾਕ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਹੁਣ 15 ਜੂਨ ਨੂੰ ਪੰਜਾਬ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਵੱਲੋਂ ਸਟਾਰਟ ਅੱਪ 'ਮਾਸਟਰ ਯੂਅਰ ਡੇਸਟਨੀ' ਕਰੀਅਰ ਟਾਕ ਵੈਬੀਨਾਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ 'ਚ ਸੀਨੀਅਰ ਕਨਸਲਟੈਂਟ ਸਟਾਰਟ ਅੱਪ ਇਨਵੈਸਟ ਪੰਜਾਬ ਹਰਦੀਪ ਸਿੰਘ ਅਤੇ ਬਲੈਕ ਆਈ ਟੈਕਨਾਲੋਜੀ ਦੇ ਮੈਨੇਜਿੰਗ ਡਾਇਰੈਕਟਰ ਪ੍ਰਿਆ ਸਿੰਘ ਵੱਲੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਨੌਜਵਾਨਾਂ ਨਾਲ ਵੈਬੀਨਾਰ ਕਰਵਾਇਆ ਜਾਵੇਗਾ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਇਸ ਵੈਬੀਨਾਰ 'ਚ ਹਿੱਸਾ ਲੈਣ ਦੀ ਅਪੀਲ ਕਰਦਿਆ ਕਿਹਾ ਕਿ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਨੌਜਵਾਨ ਇਸ ਬਿਹਤਰੀਨ ਮੌਕੇ ਦਾ ਲਾਭ ਉਠਾਉਣ ਤੇ ਆਪਣਾ ਕੰਮ ਸਬੰਧੀ ਇਸ ਖੇਤਰ ਦੇ ਮਾਹਰਾਂ ਪਾਸੋਂ ਜਾਣਕਾਰੀ ਪ੍ਰਾਪਤ ਕਰਨ। ਉਨ੍ਹਾਂ ਵੈਬੀਨਾਰ 'ਚ ਹਿੱਸਾ ਲੈਣ ਦੇ ਚਾਹਵਾਨਾਂ ਨੂੰ https://fb.me/e/CdMBobxup ਲਿੰਕ 'ਤੇ ਜਾ ਕੇ ਜੁਆਇੰਨ ਕਰਨ ਲਈ ਕਿਹਾ।