ਪਟਿਆਲਾ : ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਜ਼ ਦੀ ਪਟਿਆਲਾ ਇਕਾਈ ਵੱਲੋਂ ਭਾਰਤ ਤੇ ਵਿਦੇਸ਼ਾਂ 'ਚ ਆਰਕੀਟੈਕਟ ਦੇ ਵਿਸ਼ੇ ਦੀ ਸਿੱਖਿਆ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ 60 ਦੇ ਕਰੀਬ ਆਰਕੀਟੈਕਟਜ਼ ਨੇ ਹਿੱਸਾ ਲਿਆ।
ਸੈਮੀਨਾਰ ਦੌਰਾਨ ਕੁੰਜੀਵਤ ਭਾਸ਼ਣ ਦਿੰਦੇ ਹੋਏ ਪੰਜਾਬ ਟੈਕਨੀਕਲ ਯੂਨੀਵਰਸਿਟੀ ਮੋਹਾਲੀ ਕੈਂਪਸ ਦੇ ਸੇਵਾਮੁਕਤ ਪ੍ਰਿੰਸੀਪਲ ਪ੍ਰਭਜੋਤ ਕੌਰ ਨੇ ਮੌਜੂਦਾ ਤਕਨੀਕੀ ਸਿੱਖਿਆ ਵਿਸ਼ੇ 'ਤੇ ਚਰਚਾ ਕਰਦਿਆ ਕਿਹਾ ਕਿ ਅਜੋਕੇ ਸਮੇਂ 'ਚ ਭਾਵੇਂ ਤਕਨੀਕੀ ਸਿੱਖਿਆ ਦੀ ਬਹੁਤ ਜ਼ਰੂਰਤ ਹੈ ਪਰ ਹਾਲੇ ਵੀ ਇਸ ਖੇਤਰ 'ਚ ਕਾਫ਼ੀ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਦਲਦੀਆਂ ਵਾਤਾਵਰਣਨਿਕ ਪ੍ਰਸਥਿਤੀਆਂ ਅਨੁਸਾਰ ਆਰਕੀਟੈਕਟ ਦੇ ਵਿਸ਼ੇ 'ਚ ਵੀ ਵੱਡੇ ਕਦਮ ਚੁੱਕਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਇਸ ਖੇਤਰ ਦੀ ਮਾਹਰਾਂ ਨੂੰ ਇਕ ਮੰਚ ਪ੍ਰਦਾਨ ਕਰਦੇ ਹਨ, ਜਿਥੇ ਉਹ ਵਰਤਮਾਨ ਚੁਣੌਤੀਆਂ 'ਤੇ ਖੁੱਲਕੇ ਚਰਚਾ ਕਰ ਸਕਦੇ ਹਨ।
ਆਈ.ਆਈ.ਏ. ਦੀ ਪਟਿਆਲਾ ਇਕਾਈ ਦੇ ਚੇਅਰਮੈਨ ਆਰ.ਐਸ. ਸੰਧੂ ਨੇ ਸੰਬੋਧਨ ਕਰਦਿਆ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ ਕਿ ਆਰਕੀਟੈਕਟ ਦੀ ਕਿੱਤੇ ਨਾਲ ਜੁੜੇ ਮਾਹਰ ਇੱਕ ਮੰਚ 'ਚ ਇਕੱਠੇ ਹੋਕੇ ਵਰਤਮਾਨ ਸਮੇਤ ਭਵਿੱਖ 'ਚ ਆਉਣ ਵਾਲੀਆਂ ਚੁਣੌਤੀਆਂ 'ਤੇ ਚਰਚਾ ਕਰਨ ਤਾਂ ਕਿ ਇਸ ਖੇਤਰ 'ਚ ਹੋਰ ਉਸਾਰੂ ਕੰਮ ਕੀਤਾ ਜਾ ਸਕੇ। ਇਸ ਮੌਕੇ ਐਲ.ਆਰ ਗੁਪਤਾ ਨੇ ਸਮਾਜ ਲਈ ਰਲਕੇ ਕਿਸ ਤਰ੍ਹਾਂ ਕੰਮ ਕੀਤਾ ਜਾਵੇ ਵਿਸ਼ੇ 'ਤੇ ਚਰਚਾ ਕੀਤੀ।
ਆਰਕੀਟੈਕਟ ਇੰਦੂ ਅਰੋੜਾ ਨੇ ਸੈਮੀਨਾਰ ਦੌਰਾਨ ਪਿਛਲੇ ਸਮੇਂ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਆਉਣ ਵਾਲੇ ਸਮੇਂ 'ਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਯੋਜਨਾ ਦੀ ਵੀ ਸਾਂਝ ਪਾਈ। ਪ੍ਰਿਤਪਾਲ ਆਹਲੂਵਾਲੀਆਂ ਵੱਲੋਂ ਨੌਜਵਾਨ ਆਰਕੀਟੈਕਟਜ਼ ਨੂੰ ਅਜਿਹੇ ਸੈਮੀਨਾਰ 'ਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਤਾਂ ਜੋ ਇਸ ਖੇਤਰ 'ਚ ਸ਼ੁਰੂਆਤ ਕਰਨ ਵਾਲੇ ਪਹਿਲਾਂ ਤੋਂ ਸਥਾਪਤ ਮਾਹਰਾਂ ਤੇ ਤਜਰਬੇ ਤੋਂ ਸਿੱਖ ਸਕਣ। ਪ੍ਰਿੰਸ ਪਾਈਪਜ਼ ਦੇ ਸਹਿਯੋਗ ਨਾਲ ਕਰਵਾਏ ਇਸ ਸੈਮੀਨਾਰ ਦੇ ਅਖੀਰ 'ਚ ਰਾਕੇਸ਼ ਅਰੋੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਸੈਮੀਨਾਰ 'ਚ ਆਰਕੀਟੈਕਟ ਲੋਕੇਸ਼ ਗੁਪਤਾ, ਜਸਵਿੰਦਰ ਸਿੰਘ, ਅਨਮੋਲ ਸਿੰਘ, ਅੰਕਾਕਸ਼ਾ, ਮੋਹਨ ਸਿੰਘ, ਅਮਿਤ ਸਿੰਗਲਾ, ਰਜਨੀਸ਼ ਵਾਲੀਆ, ਸੰਜੈ, ਜੀਵਨ ਗੁਪਤਾ, ਜੀ.ਐਸ. ਰੈਹੀ ਤੇ ਪ੍ਰਿੰਸ ਪਾਈਪਜ਼ ਦੇ ਵਾਈਸ ਪ੍ਰਧਾਨ ਨਿਹਾਰ ਛੇਡਾ ਵੀ ਮੌਜੂਦ ਸਨ।